ਖਾਂਤੀ ਮਾਨਸਿਸਕ (ਰੂਸ) (ਨਿਕਲੇਸ਼ ਜੈਨ)— ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2018 ਦੇ ਪਹਿਲੇ ਰਾਊਂਡ ਦੇ ਟਾਈਬ੍ਰੇਕ ਮੁਕਾਬਲੇ 'ਚ ਭਾਰਤ ਲਈ ਦਿਨ ਮਿਲਿਆ-ਜੁਲਿਆ ਰਿਹਾ। ਭਾਰਤ ਦੀਆਂ ਪ੍ਰਮੁੱਖ ਉਮੀਦਾਂ 'ਚੋਂ ਇਕ ਗ੍ਰੈਂਡਮਾਸਟਰ ਹਰਿਕਾ ਦ੍ਰੋਣਾਵਲੀ ਨੇ ਟਾਈਬ੍ਰੇਕਰ ਮੁਕਾਬਲੇ ਵਿਚ ਜਾਰਜੀਆ ਦੀ ਸੋਪੀਕੋ ਖੁਖਸ਼ਿਵਲੀ ਨੂੰ 2.5-1.5 ਨਾਲ ਹਰਾਉਂਦਿਆਂ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ।
ਪਹਿਲੇ ਦੋਵੇਂ ਕਲਾਸੀਕਲ ਮੁਕਾਬਲੇ ਡਰਾਅ ਰਹਿਣ ਤੋਂ ਬਾਅਦ ਅੱਜ ਹੋਏ 2 ਰੈਪਿਡ ਮੁਕਾਬਲਿਆਂ ਵਿਚ ਪਹਿਲਾ ਮੁਕਾਬਲਾ ਡਰਾਅ ਰਿਹਾ। ਅਜਿਹੀ ਹਾਲਤ 'ਚ ਦੂਜੇ ਰੈਪਿਡ ਮੁਕਾਬਲੇ ਵਿਚ ਹਰਿਕਾ ਤੇ ਸੋਪੀਕੋ ਵਿਚਾਲੇ ਧਮਾਕੇਦਾਰ ਮੁਕਾਬਲਾ ਹੋਇਆ। ਕਦੇ ਹਰਿਕਾ ਤੇ ਕਦੇ ਸੋਪੀਕੋ ਬਿਹਤਰ ਨਜ਼ਰ ਆ ਰਹੀ ਸੀ ਪਰ ਅੰਤ ਵਿਚ ਖੇਡ ਵਿਚ ਜਦੋਂ ਸੋਪੀਕੋ ਆਪਣੇ ਪਿਆਦੇ ਨੂੰ ਅੱਗੇ ਵਧਾ ਕੇ ਜਿੱਤ ਸਕਦੀ ਸੀ ਤਾਂ ਉਹ ਖੁੰਝ ਗਈ ਤੇ ਹਰਿਕਾ ਨੇ ਫਾਇਦਾ ਚੁੱਕਦਿਆਂ ਜਿੱਤ ਦਰਜ ਕਰਨ ਦੇ ਨਾਲ ਹੀ ਆਖਰੀ-32 'ਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ।
ਭਾਰਤ ਲਈ ਪਿਛਲੀ ਵਾਰ ਆਖਰੀ-8 'ਚ ਜਗ੍ਹਾ ਬਣਾਉਣ ਵਾਲੀ ਰਾਸ਼ਟਰੀ ਚੈਂਪੀਅਨ ਪਦਮਿਤੀ ਰਾਊਤ ਆਖਰੀ-32 ਵਿਚ ਜਗ੍ਹਾ ਨਹੀਂ ਬਣਾ ਸਕੀ ਤੇ ਉਹ 1.5-2.5 ਨਾਲ ਕਜ਼ਾਕਿਸਤਾਨ ਦੀ ਅਬਦੁਮਾਲਿਕ ਜਹਾਂਸਾਯਾ ਤੋਂ ਹਾਰ ਕੇ ਵਿਸ਼ਵ ਚੈਂਪੀਅਨਸ਼ਿਪ 'ਚੋਂ ਬਾਹਰ ਹੋ ਗਈ। ਹੁਣ ਆਖਰੀ-32 ਵਿਚ ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਖੇਡਦੀਆਂ ਨਜ਼ਰ ਆਉਣਗੀਆਂ।
ਸ਼ੁਭੰਕਰ ਨੇ ਜਿੱਤਿਆ ਸਾਰਲੋਰਲਕਸ ਓਪਨ ਬੈਡਮਿੰਟਨ ਟੂਰਨਾਮੈਂਟ
NEXT STORY