ਸਪੋਰਟਸ ਡੈਸਕ–ਭਾਰਤ ਨੇ ਬੁੱਧਵਾਰ ਨੂੰ ਆਰਮ ਸਪਿੰਨਰ ਕੁਲਦੀਪ ਯਾਦਵ ਵੱਲੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਕਮਜ਼ੋਰ ਬੱਲੇਬਾਜ਼ੀ ਕ੍ਰਮ ਨੂੰ ਢਹਿ-ਢੇਰੀ ਕਰਨ ਤੋਂ ਬਾਅਦ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਗਰੁੱਪ-ਏ ਮੈਚ ਵਿਚ ਘਰੇਲੂ ਟੀਮ ’ਤੇ 9 ਵਿਕਟਾਂ ਦੀ ਆਸਾਨ ਜਿੱਤ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ।
ਕੋਚ ਗੌਤਮ ਗੰਭੀਰ ਤੇ ਕਪਤਾਨ ਸੂਰਯਕੁਮਾਰ ਯਾਦਵ ਵੱਲੋਂ ਬਣਾਈ ਗਈ ਰਣਨੀਤੀ ਨੂੰ ਗੇਂਦਬਾਜ਼ਾਂ ਨੇ ਬਾਖੂਬੀ ਅੰਜ਼ਾਮ ਦਿੱਤਾ, ਜਿਸ ਨਾਲ ਭਾਰਤ ਨੇ ਯੂ. ਏ. ਈ. ਨੂੰ ਬੱਲੇਬਾਜ਼ੀ ਦਾ ਸੱਦਾ ਦੇਣ ਤੋਂ ਬਾਅਦ 13.1 ਓਵਰਾਂ ਵਿਚ ਸਿਰਫ 57 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਨੇ ਸਿਰਫ 4.3 ਓਵਰਾਂ 'ਚ 1 ਵਿਕਟ ’ਤੇ 60 ਦੌੜਾਂ ਬਣਾ ਕੇ ਵੱਡੀ ਜਿੱਤ ਦਰਜ ਕੀਤੀ।
ਅਭਿਸ਼ੇਕ ਸ਼ਰਮਾ ਨੇ 30 ਦੌੜਾਂ ਬਣਾਈਆਂ। ਉਪ ਕਪਤਾਨ ਸ਼ੁਭਮਨ ਗਿੱਲ ਨੇ ਟੀ-20 ਕ੍ਰਿਕਟ ਵਿਚ ਵਾਪਸੀ ਕਰਦੇ ਹੋਏ ਅਜੇਤੂ 20 ਦੌੜਾਂ ਬਣਾਈਆਂ। ਸੂਰਯਕੁਮਾਰ ਯਾਦਵ 7 ਦੌੜਾਂ ਬਣਾ ਕੇ ਅਜੇਤੂ ਰਿਹਾ, ਜਿਸ ਨੇ ਕ੍ਰੀਜ਼ ’ਤੇ ਉਤਰਦੇ ਪਹਿਲੀ ਹੀ ਗੇਂਦ ਛੱਕੇ ਲਈ ਭੇਜ ਦਿੱਤੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 16 ਗੇਂਦਾਂ ਦੀ ਪਾਰੀ ਦੌਰਾਨ 2 ਚੌਕੇ ਤੇ 3 ਛੱਕੇ ਲਾਏ। ਗਿੱਲ ਨੇ 9 ਗੇਂਦਾਂ ਖੇਡਦੇ ਹੋਏ 2 ਚੌਕੇ ਤੇ 1 ਛੱਕਾ ਲਾਇਆ।
ਖੱਬੇ ਹੱਥ ਦੇ ਸਪਿੰਨਰ ਸਿਮਰਨਜੀਤ ਸਿੰਘ ਨੇ ਕਦੇ ਗਿੱਲ ਨੂੰ ਉਸਦੇ ਬਚਪਨ ਵਿਚ ਗੇਂਦਬਾਜ਼ੀ ਕੀਤੀ ਸੀ ਤੇ ਇਸ ਨੂੰ ਸੰਯੋਗ ਹੀ ਕਿਹਾ ਜਾਵੇ ਕਿ ਭਾਰਤੀ ਉਪ ਕਪਤਾਨ ਨੇ ਇਸੇ ਗੇਂਦਬਾਜ਼ ’ਤੇ ਜੇਤੂ ਚੌਕਾ ਲਾਇਆ। ਭਾਰਤ ਦਾ ਬੱਲੇਬਾਜ਼ੀ ਪ੍ਰਦਰਸ਼ਨ ਇਕ ਸ਼ਾਨਦਾਰ ਨੈੱਟ ਸੈਸ਼ਨ ਵਰਗਾ ਸੀ ਜਿਸ ਵਿਚ ਯੂ. ਏ. ਈ. ਦੇ ਗੇਂਦਬਾਜ਼ਾਂ ਨੂੰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਕਿ ਗੇਂਦ ਕਿੱਥੇ ਕਰਨੀ ਹੈ।
ਕਪਤਾਨ ਸੂਰਯਕੁਮਾਰ ਯਾਦਵ ਦੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦੇ ਹੀ ਸਪੱਸ਼ਟ ਹੋ ਗਿਆ ਸੀ ਕਿ ਮੈਚ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ।
ਯੂ. ਏ. ਈ. ਦੇ ਸਲਾਮੀ ਬੱਲੇਬਾਜ਼ ਅਲੀਸ਼ਾਨ ਸ਼ਰਾਫੂ (22) ਤੇ ਮੁਹੰਮਦ ਵਸੀਮ (19) ਹੀ ਦੋਹਰੇ ਅੰਕ ਤੱਕ ਪਹੁੰਚ ਸਕੇ। ਕੁਲਦੀਪ ਨੂੰ ਇੰਗਲੈਂਡ ਵਿਚ ਲਗਾਤਾਰ 5 ਟੈਸਟਾਂ ਵਿਚ ਆਖਰੀ-11 ਵਿਚ ਨਹੀਂ ਚੁਣਿਆ ਗਿਆ ਸੀ ਪਰ ਉਸ ਨੇ ਇੱਥੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 2.1 ਓਵਰਾਂ ਵਿਚ 7 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ 3 ਓਵਰਾਂ ਵਿਚ 19 ਦੌੜਾਂ ਦੇ ਕੇ 1 ਵਿਕਟ ਲਈ। ਉਸ ਨੇ ਇਕ ਬਿਹਤਰੀਨ ਯਾਰਕਰ ਰਾਹੀਂ ਕੇਰਲ ਵਿਚ ਜਨਮੇ ਸ਼ਰਾਫੂ (17 ਗੇਂਦਾਂ) ਨੂੰ ਆਊਟ ਕਰ ਦਿੱਤਾ, ਜਿਸ ਨੇ ਤਦ ਤੱਕ ਤਿੰਨ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਚੰਗੀ ਸ਼ੁਰੂਆਤ ਕੀਤੀ ਸੀ। ਬੁਮਰਾਹ ਦੇ ਸ਼ਰਾਫੂ ਨੂੰ ਬੋਲਡ ਕਰਦੇ ਹੀ ਯੂ. ਏ. ਈ. ਦੀ ਸ਼ਾਨਦਾਰ ਸ਼ੁਰੂਆਤ ਨਿਰਾਸ਼ਾ ਵਿਚ ਬਦਲ ਗਈ ਕਿਉਂਕਿ ਇਸ ਤੋਂ ਬਾਅਦ ਉਸਦੇ ਬੱਲੇਬਾਜ਼ਾਂ ਦਾ ਡਗਆਊਟ ਵਿਚ ਪਰਤਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਐਸੋਸੀਏਟ ਦੇਸ਼ਾਂ ਦੇ ਖਿਡਾਰੀ ਨਿਯਮਤ ਰੂਪ ਨਾਲ ਕੁਲਦੀਪ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਵਰਗੇ ਸਪਿੰਨਰਾਂ ਦੀ ਤਿਕੜੀ ਸਾਹਮਣੇ ਨਹੀਂ ਖੇਡਦੇ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਨਹੀਂ ਪਤਾ ਕਿ ਇਨ੍ਹਾਂ ਦਾ ਸਾਹਮਣਾ ਕਿਸ ਤਰ੍ਹਾਂ ਨਾਲ ਕੀਤਾ ਜਾਵੇ।
ਸ਼ਿਵਮ ਦੂਬੇ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਪੁਛੱਲੇ ਬੱਲੇਬਾਜ਼ਾਂ ਨੂੰ ਸ਼ਾਨਦਾਰ ਅੰਦਾਜ਼ ਵਿਚ ਆਊਟ ਕੀਤਾ। ਦੂਬੇ ਦੀ ਗੇਂਦਬਾਜ਼ਾਂ ਟੀ-20 ਵਿਸ਼ਵ ਕੱਪ ਵਿਚ ਅਹਿਮ ਹੋਣ ਵਾਲੀ ਹੈ। ਰਾਹੁਲ ਚੋਪੜਾ ਨੇ ਕੁਲਦੀਪ ਵਿਰੁੱਧ ਸ਼ਾਟ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਟੀਮ ਨੂੰ ਮੁਸ਼ਕਿਲ ਵਿਚੋਂ ਬਾਹਰ ਕੱਢ ਸਕੇ ਪਰ ਲਾਂਗ ਆਨ ’ਤੇ ਕੈਚ ਆਊਟ ਹੋ ਗਿਆ ਜਦਕਿ ਹਰਸ਼ਿਤ ਕੌਸ਼ਿਕ ਨੂੰ ਚਾਈਨਾਮੈਨ ਦੀ ਗੁਗਲੀ ਨਾਲ ਨਜਿੱਠਣ ਦਾ ਕੋਈ ਅੰਦਾਜ਼ਾ ਨਹੀਂ ਸੀ। ਕਪਤਾਨ ਮੁਹੰਮਦ ਵਸੀਮ (22 ਗੇਂਦਾਂ) ਨੂੰ ਦੌੜਾਂ ਬਣਾਉਣ ਵਿਚ ਦਿੱਕਤ ਹੋਈ ਤੇ ਉਸ ਨੇ ਕੁਲਦੀਪ ਦੀ ਗੇਂਦ ’ਤੇ ਸਵੀਪ ਕਰਨ ਦੀ ਕੋਸ਼ਿਸ਼ ਵਿਚ ਆਪਣੀ ਵਿਕਟ ਗਵਾ ਦਿੱਤੀ। ਕੁੱਲ ਮਿਲਾ ਕੇ ਭਾਰਤੀ ਗੇਂਦਬਾਜ਼ਾਂ ਨੇ 81 ਗੇਂਦਾਂ ਸੁੱਟੀਆਂ (13.1 ਓਵਰਾਂ ਵਿਚ) ਜਿਨ੍ਹਾਂ ਵਿਚ 2 ਵਾਈਡ ਵੀ ਸ਼ਾਮਲ ਸਨ। ਇਸ ਨਾਲ ਯੂ. ਏ. ਈ. ਦੇ ਬੱਲੇਬਾਜ਼ 52 ਗੇਂਦਾਂ ’ਤੇ ਕੋਈ ਦੌੜ ਨਹੀਂ ਬਣਾ ਸਕੇ। ਦੁਬਈ ਦੀ ਪਿੱਚ ਸਪਿੰਨਰਾਂ ਲਈ ਮਦਦਗਾਰ ਸਾਬਤ ਹੋ ਰਹੀ ਹੈ ਤੇ ਇਸ ਤਿਕੜੀ ਤੋਂ ਲਗਾਤਾਰ ਦੂਜੀਆਂ ਟੀਮਾਂ ਨੂੰ ਪ੍ਰੇਸ਼ਾਨ ਕਰਨ ਦੀ ਉਮੀਦ ਹੈ।
ਵਿਕਟ ਚੰਗੀ ਸੀ ਪਰ ਇੱਥੇ ਕਾਫੀ ਗਰਮੀ ਵੀ ਹੈ : ਸੂਰਯਕੁਮਾਰ ਯਾਦਵ
ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਮੈਚ ਤੋਂ ਬਾਅਦ ਕਿਹਾ ਕਿ ਵਿਕਟ ਦੂਜੀ ਪਾਰੀ ਵਿਚ ਵੀ ਉਸੇ ਤਰ੍ਹਾਂ ਨਾਲ ਖੇਡ ਰਹੀ ਸੀ, ਜਿਵੇਂ ਪਹਿਲੀ ਪਾਰੀ ਵਿਚ ਸੀ। ਅਸੀਂ ਮੈਦਾਨ ’ਤੇ ਪੂਰੀ ਊਰਜਾ ਨਾਲ ਉਤਰਨਾ ਚਾਹੁੰਦੇ ਸੀ ਤੇ ਬੱਲੇਬਾਜ਼ੀ ਵਿਚ ਵੀ ਇਹ ਹੀ ਚੀਜ਼ ਦਿਖਾਈ ਦਿੱਤੀ। ਵਿਕਟ ਚੰਗੀ ਸੀ ਪਰ ਇੱਥੇ ਕਾਫੀ ਗਰਮੀ ਵੀ ਹੈ। ਸਪਿੰਰਨਾਂ ਨੇ ਚੰਗਾ ਕੀਤਾ ਪਰ ਬੁਮਰਾਹ, ਸ਼ਿਵਮ ਤੇ ਹਾਰਦਿਕ ਨੇ ਵੀ ਵਧਿਆ ਪ੍ਰਦਰਸ਼ਨ ਕੀਤਾ। ਅਭਿਸ਼ੇਕ ਇਸ ਸਮੇਂ ਇਸ ਰੂਪ ਵਿਚ ਚੋਟੀ ਦਾ ਬੱਲੇਬਾਜ਼ ਹੈ ।
CM ਭਗਵੰਤ ਮਾਨ ਨੂੰ ਕੱਲ੍ਹ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ ਤੇ ਪੰਜਾਬ 'ਚ ਵੱਡੀ ਵਾਰਦਾਤ, ਪੜ੍ਹੋ TOP-10 ਖ਼ਬਰਾਂ
NEXT STORY