ਲੰਡਨ— ਦੁਨੀਆ ਦੇ ਨੰਬਰ-1 ਆਲ ਰਾਊਂਡਰ ਸ਼ਾਕਿਬ ਅਲ-ਹਸਨ (75) ਅਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ (78) ਦੇ ਅਰਧ-ਸੈਂਕੜਿਆਂ ਤੋਂ ਬਾਅਦ ਮੁਸਤਾਫਿਜ਼ੁਰ ਰਹਿਮਾਨ (3 ਵਿਕਟ) ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਆਈ. ਸੀ. ਸੀ. ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਹੈ। ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 50 ਓਵਰਾਂ ਵਿਚ 6 ਵਿਕਟਾਂ 'ਤੇ 330 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਨੂੰ 50 ਓਵਰਾਂ ਵਿਚ 8 ਵਿਕਟਾਂ 'ਤੇ 309 ਦੌੜਾਂ 'ਤੇ ਢੇਰ ਕਰ ਦਿੱਤਾ।
ਬੰਗਲਾਦੇਸ਼ ਦੀ ਜਿੱਤ ਵਿਚ ਸ਼ਾਕਿਬ ਅਤੇ ਮੁਸ਼ਫਿਕੁਰ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਨੇ ਤੀਜੀ ਵਿਕਟ ਲਈ 142 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਇਸ ਨਾਲ ਉਸ ਨੇ 330 ਦੌੜਾਂ ਦਾ ਮਜ਼ਬੂਤ ਸਕੌਰ ਬਣਾਇਆ ਜੋ ਉਸ ਦਾ ਵਨ ਡੇ ਇਤਿਹਾਸ ਦਾ ਸਭ ਤੋਂ ਵੱਡਾ ਸਕੌਰ ਹੈ।
ਬੰਗਲਾਦੇਸ਼ ਦਾ ਇਸ ਤੋਂ ਪਹਿਲਾਂ ਵਨ ਡੇ ਵਿਚ ਸਭ ਤੋਂ ਵੱਡਾ ਸਕੌਰ 2015 'ਚ ਢਾਕਾ ਵਿਖੇ ਪਾਕਿਸਤਾਨ ਦੇ ਖਿਲਾਫ ਸੀ। ਉਦੋਂ ਉਸ ਨੇ 6 ਵਿਕਟਾਂ 'ਤੇ 329 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਨੇ ਏਸ਼ੀਆ ਦੀਆਂ 3 ਹੋਰ ਟੀਮਾਂ ਪਾਕਿਸਤਾਨ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੇ ਮੁਕਾਬਲੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਪਾਕਿਸਤਾਨ ਨੇ ਵੈਸਟਇੰਡੀਜ਼ ਖਿਲਾਫ 136 ਅਤੇ ਅਫਗਾਨਿਸਤਾਨ ਨੇ ਆਸਟਰੇਲੀਆ ਖਿਲਾਫ 207 ਦੌੜਾਂ ਬਣਾਈਆਂ ਸਨ।
ਤਾਹਿਰ 100 ਵਨ ਡੇ ਖੇਡਣ ਵਾਲਾ ਦੱਖਣੀ ਅਫਰੀਕਾ ਦਾ ਦੂਜਾ ਸਪਿਨਰ ਬਣਿਆ
ਦੱਖਣੀ ਅਫਰੀਕਾ ਦਾ ਇਮਰਾਨ ਤਾਹਿਰ ਬੰਗਲਾਦੇਸ਼ ਖਿਲਾਫ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿਚ ਮੈਦਾਨ 'ਚ ਉਤਰਦੇ ਹੀ 100 ਵਨ ਡੇ ਖੇਡਣ ਵਾਲਾ ਆਪਣੇ ਦੇਸ਼ ਦਾ ਦੂਜਾ ਸਪਿਨਰ ਬਣ ਗਿਆ। ਤਾਹਿਰ ਤੋਂ ਪਹਿਲਾਂ ਸਿਰਫ ਨਿੱਕੀ ਬੋਏ ਹੀ ਇਸ ਤਰ੍ਹਾਂ ਦਾ ਸਪਿਨਰ ਰਿਹਾ ਹੈ, ਜਿਸ ਨੇ ਦੱਖਣੀ ਅਫਰੀਕਾ ਲਈ 100 ਤੋਂ ਜ਼ਿਆਦਾ ਵਨ ਡੇ ਖੇਡੇ ਹਨ। 40 ਸਾਲਾ ਤਾਹਿਰ ਮੌਜੂਦਾ ਵਿਸ਼ਵ ਕੱਪ ਵਿਚ ਖੇਡਣ ਵਾਲਾ ਸਭ ਤੋਂ ਉਮਰ-ਦਰਾਜ਼ ਖਿਡਾਰੀ ਹੈ। ਪਾਕਿਸਤਾਨ ਦੇ ਲਾਹੌਰ 'ਚ ਜਨਮੇ ਤਾਹਿਰ ਨੇ 1998 ਵਿਚ ਅੰਡਰ-19 ਵਿਸ਼ਵ ਕੱਪ 'ਚ ਪਾਕਿਸਤਾਨ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ ਉਹ ਦੱਖਣੀ ਅਫਰੀਕਾ ਵਿਚ ਜਾ ਵਸਿਆ।

ਟੀਮਾਂ:
ਬੰਗਲਾਦੇਸ਼ : ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਮੁਹੰਮਦ ਮਿਥੂਨ, ਮਹਿਮੁਦੁੱਲਾ, ਮੋਸਦਕ ਹੁਸੈਨ, ਮੁਹੰਮਦ ਸੈਫੂਦੀਨ, ਮਹਿੰਦੀ ਹਸਨ, ਮਸ਼ਰਫ਼ੀ ਮੁਰਤਜ਼ਾ (ਕਪਤਾਨ), ਮੁਸਤਫਿਜ਼ੁਰ ਰਹਿਮਾਨ।
ਦੱਖਣੀ ਅਫਰੀਕਾ : ਕੁਇੰਟਨ ਡਿ ਕਾਕ, ਆਇਡੇਨ ਮਾਰਕਰਾਮ, ਫਾਫ ਡੂ ਪਲੇਸਿਸ (ਕਪਤਾਨ), ਰੇਸੀ ਵਾਨ ਡੇਰਸਨ, ਜੌਨ ਪਾਲ ਡੁਮਿਨੀ, ਡੇਵਿਡ ਮਿਲਰ, ਐਂਡੀਲ ਫਹਿਲੁਕਵਾਓ, ਕ੍ਰਿਸ ਮੌਰਿਸ, ਕੈਗਿਸੋ ਰਬਾਡਾ, ਲੂੰਗੀ ਐਨਗਿਡੀ, ਇਮਰਾਨ ਤਾਹਿਰ।
IPKL : ਮੁੰਬਈ ਨੇ ਹਰਿਆਣਾ ਨੂੰ 69-53 ਨਾਲ ਹਰਾਇਆ
NEXT STORY