ਨਾਟਿੰਘਮ- ਪਾਕਿਸਤਾਨ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਵੈਸਟਇੰਡੀਜ਼ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਮੁਹੰਮਦ ਹਫੀਜ਼ (84), ਬਾਬਰ ਆਜ਼ਮ (63) ਤੇ ਕਪਤਾਨ ਸਰਫਰਾਜ਼ ਅਹਿਮਦ (55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ 'ਤੇ ਸੋਮਵਾਰ ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਨੂੰ ਵਿਸ਼ਵ ਕੱਪ ਮੁਕਾਬਲੇ ਵਿਚ 14 ਦੌੜਾਂ ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਾਕਿਸਤਾਨ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 348 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਜੋ ਰੂਟ (107) ਤੇ ਜੋਸ ਬਟਲਰ (103) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ 5ਵੀਂ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 9 ਵਿਕਟਾਂ 'ਤੇ 334 ਦੌੜਾਂ ਹੀ ਬਣਾ ਸਕੀ।
ਆਪਣਾ ਪਹਿਲਾ ਮੈਚ ਵੈਸਟਇੰਡੀਜ਼ ਵਿਰੁੱਧ 105 ਦੌੜਾਂ 'ਤੇ ਢੇਰ ਹੋ ਕੇ ਇਕਪਾਸੜ ਅੰਦਾਜ਼ ਵਿਚ ਹਾਰ ਜਾਣ ਵਾਲੀ ਪਾਕਿਸਤਾਨੀ ਟੀਮ ਨੇ ਇਸ ਜਿੱਤ ਤੋਂ ਨਾ ਸਿਰਫ ਸ਼ਾਨਦਾਰ ਵਾਪਸੀ ਕੀਤੀ ਸਗੋਂ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦੇ ਦਿੱਤਾ। ਦੂਜੇ ਪਾਸੇ ਦੱਖਣੀ ਅਫਰੀਕਾ ਨੂੰ ਇਕਪਾਸੜ ਅੰਦਾਜ਼ ਵਿਚ ਹਰਾਉਣ ਵਾਲੀ ਮੇਜ਼ਬਾਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਇਸ ਜਿੱਤ ਨਾਲ ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਹੱਥੋ ਵਨ ਡੇ ਸੀਰੀਜ਼ ਵਿਚ 0-4 ਨਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਇੰਗਲੈਂਡ ਲਈ ਅਫਸੋਸ ਦੀ ਗੱਲ ਇਹ ਰਹੀ ਕਿ ਉਸ ਦੇ ਦੋ ਬੱਲੇਬਾਜ਼ਾਂ ਨੇ ਸੈਂਕੜੇ ਬਣਾਏ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰੂਟ ਨੇ 104 ਗੇਂਦਾਂ 'ਤੇ 10 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 107 ਦੌੜਾਂ ਬਣਾਈਆਂ ਜਦਕਿ ਬਟਲਰ ਨੇ ਸਿਰਫ 76 ਗੇਂਦਾਂ 'ਤੇ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਦੋਵਾਂ ਦੇ ਸੈਂਕੜੇ ਬੇਕਾਰ ਗਏ।

ਇੰਗਲੈਂਡ ਨੂੰ ਆਖਰੀ ਓਵਰ ਵਿਚ 25 ਦੌੜਾਂ ਦੀ ਲੋੜ ਸੀ ਤੇ ਉਸ ਦੀ ਇਕ ਵਿਕਟ ਬਚੀ ਸੀ। ਪਾਕਿਸਾਤਨ ਦੇ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਆਖਿਰ ਵਿਚ ਪਾਕਿਸਤਾਨ ਨੇ ਜਿੱਤ ਨਾਲ ਮੁਕਾਬਲੇ ਵਿਚ ਵਾਪਸੀ ਕਰ ਲਈ। ਰਿਆਜ਼ ਨੇ ਤਿੰਨ ਤੇ ਆਮਿਰ ਤੇ ਸ਼ਾਦਾਬ ਖਾਨ ਨੇ 2-2 ਵਿਕਟਾਂ ਲਈਆਂ, ਮੁਹੰਮਦ ਹਫੀਜ਼ ਤੇ ਸ਼ੋਏਬ ਮਲਿਕ ਨੂੰ ਇਕ-ਇਕ ਵਿਕਟ ਮਿਲੀ।
ਪਾਕਿਸਤਾਨ ਨੇ ਬੱਲੇਬਾਜ਼ੀ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੀ ਟੀਮ ਵੈਸਟਇੰਡੀਜ਼ ਵਿਰੁੱਧ ਮੁਕਾਬਲੇ ਵਿਚ ਸਿਰਫ 105 ਦੌੜਾਂ 'ਤੇ ਢੇਰ ਹੋ ਗਈ ਸੀ ਪਰ ਪਰ ਇਸ ਮੈਚ ਵਿਚ ਉਸ ਦੇ ਚੋਟੀਕ੍ਰਮ ਦੇ ਸਾਰੇ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ। ਇੰਗਲੈਂਡ ਨੇ ਟਾਸ ਜਿੱਤ ਕੇ ਇਸੇ ਉਮੀਦ ਨਾਲ ਪਾਕਿਸਤਾਨ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ ਕਿ ਉਸ ਦੇ ਗੇਂਦਬਾਜ਼ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਫਿਰ ਦਬਾਅ ਵਿਚ ਲਿਆ ਦੇਣਗੇ ਪਰ ਪਾਕਿਸਤਾਨ ਨੇ ਵਾਪਸੀ ਕਰਨ ਦਾ ਗਜ਼ਬ ਦਾ ਜਜ਼ਬਾ ਦਿਖਾਇਆ।
ਤਜਰਬੇਕਾਰ ਹਫੀਜ਼ ਨੇ 62 ਗੇਂਦਾਂ 'ਤੇ 84 ਦੌੜਾਂ 'ਤੇ 8 ਚੌਕੇ ਅਤੇ 2 ਛੱਕੇ ਲਾਏ। ਬਾਬਰ ਆਜ਼ਮ ਨੇ 66 ਗੇਂਦਾਂ 'ਤੇ 63 ਦੌੜਾਂ 'ਤੇ 4 ਚੌਕੇ ਅਤੇ ਇਕ ਛੱਕਾ ਲਾਇਆ। ਸਰਫਰਾਜ਼ ਨੇ 44 ਗੇਂਦਾਂ 'ਤੇ 5 ਚੌਕਿਆਂ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡੀ। ਓਪਨਰ ਇਮਾਮ-ਉਲ-ਹੱਕ ਨੇ 58 ਗੇਂਦਾਂ 'ਤੇ 3 ਚੌਕਿਆਂ ਤੇ 1 ਛੱਕੇ ਦੇ ਸਹਾਰੇ 44 ਦੌੜਾਂ ਬਣਾਈਆਂ, ਜਦਕਿ ਫਖਰ ਜ਼ਮਾਨ ਨੇ 40 ਗੇਂਦਾਂ 'ਤੇ 36 ਦੌੜਾਂ ਵਿਚ 6 ਚੌਕੇ ਲਾਏ। ਆਸਿਫ ਅਲੀ 14 ਦੌੜਾਂ ਬਣਾ ਕੇ ਆਊਟ ਹੋਇਆ। ਹਸਨ ਅਲੀ ਤੇ ਸ਼ਾਦਾਬ ਖਾਨ 10-10 ਦੌੜਾਂ 'ਤੇ ਅਜੇਤੂ ਰਹੇ। ਪਾਕਿਸਤਾਨ ਦੇ ਸਕੋਰ ਵਿਚ 20 ਵਾਧੂ ਦੌੜਾਂ ਦਾ ਵੀ ਯੋਗਦਾਨ ਰਿਹਾ।
ਇਹ ਮੈਚ ਉਸ ਪਿੱਚ 'ਤੇ ਖੇਡਿਆ ਜਾ ਰਿਹਾ ਹੈ, ਜਿਸ 'ਤੇ ਇੰਗਲੈਂਡ ਨੇ ਦੋ ਵਾਰ ਵਿਸ਼ਵ ਰਿਕਾਰਡ ਸਕੋਰ ਬਣਾਇਆ ਹੈ। ਪਾਕਿਸਤਾਨ ਦੀ ਵੈਸਟਇੰਡੀਜ਼ ਵਿਰੁੱਧ ਹਾਲਤ ਨੂੰ ਦੇਖ ਕੇ ਇੰਗਲੈਂਡ ਟਾਸ ਜਿੱਤਣ ਦੇ ਬਾਵਜੂਦ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਗਿਆ। ਵੈਸਟਇੰਡੀਜ਼ ਵਿਰੁੱਧ ਇਸੇ ਮੈਦਾਨ 'ਤੇ ਖੇਡੇ ਗਏ ਮੁਕਾਬਲੇ ਵਿਚ ਪਿੱਚ ਵੱਖਰੀ ਸੀ ਤੇ ਇਸ ਮੈਚ ਲਈ ਪਿੱਚ ਦੂਜੀ ਸੀ, ਜਿਸ 'ਤੇ ਇੰਗਲੈਂਡ ਨੇ ਪਿਛਲੇ ਸਾਲ ਆਸਟਰੇਲੀਆ ਵਿਰੁੱਧ 6 ਵਿਕਟਾਂ 'ਤੇ 481 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ, ਜਦਕਿ ਉਸ ਨੇ ਇਸ ਤੋਂ ਪਹਿਲਾਂ 2016 ਵਿਚ ਪਾਕਿਸਤਾਨ ਵਿਰੁੱਧ ਇਸੇ ਪਿੱਚ 'ਤੇ ਤਿੰਨ ਵਿਕਟਾਂ 'ਤੇ 444 ਦੌੜਾਂ ਬਣਾਈਆਂ ਸਨ।

ਟੀਮਾਂ :
ਇੰਗਲੈਂਡ : ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਇਓਨ ਮੋਰਗਨ (ਕਪਤਾਨ), ਬੇਨ ਸਟੋਕਸ, ਜੋਸ ਬਟਲਰ, ਮੋਇਨ ਅਲੀ, ਕ੍ਰਿਸ ਵੋਕੇਸ, ਜੋਫਰਾ ਆਰਚਰ, ਆਦਿਲ ਰਸ਼ੀਦ, ਮਾਰਕ ਵੁੱਡ।
ਪਾਕਿਸਤਾਨ : ਫ਼ਕਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਸ਼ੋਇਬ ਮਲਿਕ, ਆਸਿਫ ਅਲੀ, ਸ਼ਦਬ ਖਾਨ, ਹਸਨ ਅਲੀ, ਵਾਹਿਾਬ਼ ਰਿਆਜ਼, ਮੁਹੰਮਦ ਆਮਿਰ।
CWC 2019 : ਮੈਚ ਦੌਰਾਨ ਕੈਮਰਾ ਮੈਨ ਨੇ ਫੜਿਆ ਹੈਰਾਨ ਕਰਨ ਵਾਲਾ ਕੈਚ
NEXT STORY