ਲੀਡਸ— ਭਾਰਤ ਨੇ ਆਪਣੇ ਓਪਨਰਾਂ ਰੋਹਿਤ ਸ਼ਰਮਾ (103) ਤੇ ਲੋਕੇਸ਼ ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਸ਼੍ਰੀਲੰਕਾ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਸ਼੍ਰੀਲੰਕਾ ਨੇ ਐਂਜੇਲੋ ਮੈਥਿਊਜ਼ (113) ਨੇ ਸ਼ਾਨਦਾਰ ਸੈਂਕੜੇ ਨਾਲ ਖਰਾਬ ਸਥਿਤੀ ਤੋਂ ਉਭਾਰ ਕੇ 50 ਓਵਰਾਂ ਵਿਚ 7 ਵਿਕਟਾਂ 'ਤੇ 264 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਭਾਰਤੀ ਓਪਨਰਾਂ ਦੇ ਸੈਂਕੜਿਆਂ ਨੇ ਸੈਂਕੜੇ ਨੂੰ ਕਿਤੇ ਬੌਣਾ ਸਾਬਤ ਕਰ ਦਿੱਤਾ। ਭਾਰਤ ਨੇ 43.3 ਓਵਰਾਂ ਵਿਚ ਸਿਰਫ 3 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ। ਭਾਰਤ ਦੀ 9 ਮੈਚਾਂ ਵਿਚੋਂ ਇਹ 7ਵੀਂ ਜਿੱਤ ਰਹੀ ਤੇ ਉਸ ਨੇ 15 ਅੰਕਾਂ ਨਾਲ ਆਪਣੀ ਲੀਗ ਮੁਹਿੰਮ ਖਤਮ ਕੀਤੀ। ਦੂਜੇ ਪਾਸੇ ਸ਼੍ਰੀਲੰਕਾ ਨੂੰ 9 ਮੈਚਾਂ ਵਿਚੋਂ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸ਼੍ਰੀਲੰਕਾ ਦੀ ਹਾਰ ਦੇ ਨਾਲ ਟੂਰਨਾਮੈਂਟ ਤੋਂ ਵਿਦਾਈ ਹੋ ਗਈ।
ਰੋਹਿਤ ਤੇ ਰਾਹੁਲ ਨੇ ਪਹਿਲੀ ਵਿਕਟ ਲਈ 189 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ ਇਸ ਵਿਸ਼ਵ ਕੱਪ ਵਿਚ ਆਪਣਾ ਪਹਿਲਾ ਸੈਂਕੜਾ ਬਣਾਇਆ ਤੇ ਭਾਰਤ ਨੂੰ ਸੈਮੀਫਾਈਨਲ ਲਈ ਆਸਵੰਦ ਕਰ ਦਿੱਤਾ। ਹਿੱਟਮੈਨ ਰੋਹਿਤ ਨੇ ਸਿਰਫ 94 ਗੇਂਦਾਂ 'ਤੇ 14 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ ਜਦਕਿ ਰਾਹੁਲ ਨੇ 118 ਗੇਂਦਾਂ 'ਤੇ 111 ਦੌੜਾਂ ਵਿਚ 11 ਚੌਕੇ ਤੇ 1 ਛੱਕਾ ਲਾਇਆ।
ਕਪਤਾਨ ਵਿਰਾਟ ਕੋਹਲੀ 41 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 34 ਦੌੜਾਂ 'ਤੇ ਅਜੇਤੂ ਰਿਹਾ। ਹਾਰਦਿਕ ਪੰਡਯਾ ਨੇ ਅਜੇਤੂ 6 ਦੌੜਾਂ ਬਣਾਈਆਂ ਜਦਕਿ ਰਿਸ਼ਭ ਪੰਤ 4 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਖਰਾਬ ਸ਼ੁਰੂਆਤ ਕੀਤੀ ਤੇ ਆਪਣੀਆਂ 4 ਵਿਕਟਾਂ ਸਿਰਫ 55 ਦੌੜਾਂ 'ਤੇ ਗੁਆ ਦਿੱਤੀਆਂ ਪਰ ਮੈਥਿਊਜ਼ ਨੇ ਇਸ ਤੋਂ ਬਾਅਦ ਬਿਹਤਰੀਨ ਸੈਂਕੜਾ ਲਾਇਆ ਤੇ ਲਾਹਿਰੂ ਥਿਰੀਮਾਨੇ (53) ਨਾਲ 5ਵੀਂ ਵਿਕਟ ਲਈ 124 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।
ਮੈਥਿਊਜ਼ ਨੇ ਵਨ ਡੇ ਵਿਚ ਆਪਣਾ ਤੀਜਾ ਸੈਂਕੜਾ ਲਾਇਆ ਤੇ 128 ਗੇਂਦਾਂ 'ਤੇ 113 ਦੌੜਾਂ ਦੀ ਬੇਸ਼ਕੀਮਤੀ ਪਾਰੀ ਵਿਚ 10 ਚੌਕੇ ਤੇ 2 ਛੱਕੇ ਲਾਏ। ਥਿਰੀਮਾਨੇ ਨੇ 68 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਧਨਜੰਯ ਡਿਸਿਲਵਾ 36 ਗੇਂਦਾਂ 'ਤੇ 1 ਚੌਕੇ ਦੇ ਸਹਾਰੇ 29 ਦੌੜਾਂ ਬਣਾ ਕੇ ਅਜੇਤੂ ਰਿਹਾ। ਕਪਤਾਨ ਤੇ ਓਪਨਰ ਦਿਮੁਥ ਕਰੁਣਾਰਤਨੇ ਨੇ 17 ਗੇਂਦਾਂ 'ਤੇ 10 ਦੌੜਾਂ, ਕੁਸ਼ਲ ਪਰੇਰਾ ਨੇ 14 ਗੇਂਦਾਂ 'ਤੇ 18 ਦੌੜਾਂ, ਅਵਿਸ਼ਕਾ ਫਰਨਾਂਡੋ ਨੇ 21 ਗੇਂਦਾਂ 'ਤੇ 20 ਦੌੜਾਂ ਤੇ ਕੁਸ਼ਲ ਮੈਂਡਿਸ ਨੇ 3 ਦੌੜਾਂ ਬਣਾਈਆਂ।
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਦੇ ਦੋਵਾਂ ਓਪਨਰਾਂ ਕਰੁਣਾਰਤਨੇ ਤੇ ਪਰੇਰਾ ਨੂੰ ਆਊਟ ਕਰਨ ਸਮੇਤ 10 ਓਵਰਾਂ ਵਿਚ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਖੇਡਣ ਉੱਤਰੇ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਹੀ ਓਵਰ ਵਿਚ ਕੁਸ਼ਲ ਮੈਂਡਿਸ ਨੂੰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਹੱਥੋਂ ਸਟੰਪ ਕਰਵਾ ਦਿੱਤਾ। ਜਡੇਜਾ ਨੇ 10 ਓਵਰਾਂ ਵਿਚ 40 ਦੌੜਾਂ ਦੇ ਕੇ 1 ਵਿਕਟ ਲਈ। ਆਲਰਾਊਂਡਰ ਹਾਰਦਿਕ ਪੰਡਯਾ ਨੇ ਅਵਿਸ਼ਕਾ ਫਰਨਾਂਡੋ ਨੂੰ ਆਊਟ ਕੀਤਾ। ਵਿਕਟਕੀਪਰ ਧੋਨੀ ਨੇ ਕਰੁਣਾਰਤਨੇ, ਪਰੇਰਾ ਤੇ ਫਰਨਾਂਡੋ ਦੇ ਕੈਚ ਫੜੇ ਤੇ ਮੈਂਡਿਸ ਨੂੰ ਸਟੰਪ ਕੀਤਾ। ਧੋਨੀ ਨੇ ਇਸ ਤਰ੍ਹਾਂ ਵਿਕਟਾਂ ਦੇ ਪਿੱਛੇ 4 ਸ਼ਿਕਾਰ ਕੀਤੇ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਥਿਰੀਮਾਨੇ ਤੇ ਭੁਵਨੇਸ਼ਵਰ ਕੁਮਾਰ ਨੇ ਤਿਸ਼ਾਰਾ ਪਰੇਰਾ ਦੀਆਂ ਵਿਕਟਾਂ ਲਈਆਂ। ਭੁਵਨੇਸ਼ਵਰ ਨੇ 73 ਦੌੜਾਂ 'ਤੇ 1 ਵਿਕਟ, ਪੰਡਯਾ ਨੇ 50 ਦੌੜਾਂ 'ਤੇ 1 ਵਿਕਟ ਤੇ ਕੁਲਦੀਪ ਨੇ 58 ਦੌੜਾਂ 'ਤੇ 1 ਵਿਕਟ ਹਾਸਲ ਕੀਤੀ।
ਟੀਮਾਂ :
ਭਾਰਤ : ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਜਸਪੀ੍ਰਤ ਬੁਮਰਾਹ।
ਸ਼੍ਰੀਲੰਕਾ : ਦਿਮੁਥ ਕਰੁਣਾਰਤਨੇ (ਕਪਤਾਨ), ਕੁਸ਼ਲ ਪਰੇਰਾ, ਅਵਿਸ਼ਕਾ ਫਰਨਾਂਡੋ, ਕੁਸਲ ਮੇਂਡਿਸ, ਲਹਿਰੂ ਥਿਰੀਮਾਨੇ, ਐਂਜਲੋ ਮੈਥਿਊਜ਼, ਧਨੰਜਿਆ ਡੀ ਸਿਲਵਾ, ਥਿਸਾਰਾ ਪਰੇਰਾ, ਈਸੁਰੂ ਉਡਾਨਾ, ਕਸੁਨ ਰਜਿਥਾ, ਲਸਿਥ ਮਲਿੰਗਾ।
ਬੰਗਲਾਦੇਸ਼ੀ ਕਪਤਾਨ ਮਸ਼ਰਫੇ ਮੁਰਤਜਾ ਨੇ ਟੀਮ ਵਲੋਂ ਸ਼ਾਕਿਬ ਤੋਂ ਮੰਗੀ ਮੁਆਫੀ
NEXT STORY