ਸਪੋਰਟਸ ਡੈਸਕ- ਸ਼ੁੱਕਰਵਾਰ ਨੂੰ ਖੇਡੇ ਗਏ ਕੋਲਕਾਤਾ ਨਾਈਟ ਰਾਈਡਰਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਮੁਕਾਬਲੇ 'ਚ ਕੋਲਕਾਤਾ ਨੇ ਇਕਤਰਫ਼ਾ ਅੰਦਾਜ਼ 'ਚ ਚੇਨਈ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ ਤੇ 8 ਵਿਕਟਾਂ ਦੀ ਵੱਡੀ ਜਿੱਤ ਦਰਜ ਕੀਤੀ। ਇਹ ਚੇਨਈ ਦੀ ਇਸ ਸੀਜ਼ਨ 'ਚ ਲਗਾਤਾਰ 5ਵੀਂ ਹਾਰ ਹੈ, ਜਿਸ ਕਾਰਨ ਟੀਮ ਦੇ ਪਲੇਆਫ਼ 'ਚ ਪੁੱਜਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ।
ਇਹ ਮੈਚ ਇਸ ਲਈ ਵੀ ਖ਼ਾਸ ਸੀ, ਕਿਉਂਕਿ ਚੇਨਈ ਦੇ ਕਪਤਾਨ ਰੁਤੂਰਾਜ ਦੇ ਜ਼ਖ਼ਮੀ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਮਗਰੋਂ ਕਮਾਨ ਇਕ ਵਾਰ ਫ਼ਿਰ ਤੋਂ ਮਹਿੰਦਰ ਸਿੰਘ ਧੋਨੀ ਦੇ ਹੱਥ ਸੀ, ਜਿਸ ਮਗਰੋਂ ਚੇਨਈ ਦੇ ਫੈਨਜ਼ ਨੂੰ ਇਸ ਮੈਚ ਤੋਂ ਟੀਮ ਦੀ ਵਾਪਸੀ ਦੀਆਂ ਕਾਫ਼ੀ ਉਮੀਦਾਂ ਸਨ। ਪਰ ਇਹ ਸਭ ਉਮੀਦਾਂ ਉਦੋਂ ਹਵਾ 'ਚ ਉੱਡ ਗਈਆਂ, ਜਦੋਂ ਚੇਨਈ ਦੀ ਬੱਲੇਬਾਜ਼ੀ ਕੋਲਕਾਤਾ ਦੇ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈ ਤੇ ਪੂਰੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ ਸਿਰਫ਼ 103 ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ- ਕਿੱਥੋਂ ਕਰ ਲਓਗੇ ਮੁਕਾਬਲਾ ! IPL ਨਾਲ ਟਕਰਾਅ ਤੋਂ ਬਚਣ ਲਈ PSL ਨੂੰ ਬਦਲਣਾ ਪਿਆ Time
ਇਸ ਮੁਕਾਬਲੇ ਦਾ ਸਭ ਤੋਂ ਹੈਰਾਨੀਜਨਕ ਪਲ ਸੀ ਸੀ.ਐੱਸ.ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਊਟ ਦਿੱਤਾ ਜਾਣਾ। ਜਦੋਂ ਚੇਨਈ ਬੱਲੇਬਾਜ਼ੀ ਕਰ ਰਹੀ ਸੀ ਤਾਂ 16ਵੇਂ ਓਵਰ 'ਚ ਸੁਨੀਲ ਨਾਰਾਇਣ ਦੀ ਇਕ ਗੇਂਦ 'ਤੇ ਧੋਨੀ ਦੇ ਐੱਲ.ਬੀ.ਡਬਲਯੂ. ਆਊਟ ਹੋਣ ਦੀ ਅਪੀਲ ਕੀਤੀ ਗਈ, ਜਿਸ 'ਤੇ ਫੀਲਡ ਅੰਪਾਇਰ ਨੇ ਧੋਨੀ ਨੂੰ ਆਊਟ ਦੇ ਦਿੱਤਾ।
ਪਰ ਇਸ ਮਗਰੋਂ ਧੋਨੀ ਨੇ ਡੀ.ਆਰ.ਐੱਸ. ਲੈ ਕੇ ਅੰਪਾਇਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਦਿੱਤੀ, ਜਿਸ ਤੋਂ ਬਾਅਦ ਜਦੋਂ ਚੈੱਕ ਕੀਤਾ ਗਿਆ ਤਾਂ ਗੇਂਦ ਬੱਲੇ ਦੇ ਕੋਲੋਂ ਲੰਘੀ ਤਾਂ ਅਲਟ੍ਰਾਐੱਜ 'ਤੇ ਸਾਫ਼ ਸਪਾਈਕ ਦੇਖੀ ਜਾ ਸਕਦੀ ਸੀ, ਪਰ ਥਰਡ ਅੰਪਾਇਰ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਧੋਨੀ ਨੂੰ ਆਊਟ ਕਰਾਰ ਦੇ ਕੇ ਪੈਵੇਲੀਅਨ ਭੇਜ ਦਿੱਤਾ।

ਥਰਡ ਅੰਪਾਇਰ ਦੇ ਇਸ ਹੈਰਾਨੀਜਨਕ ਫ਼ੈਸਲੇ ਮਗਰੋਂ ਕ੍ਰਿਕਟ ਪ੍ਰਸ਼ੰਸਕਾਂ 'ਚ ਕਾਫ਼ੀ ਵਿਰੋਧ ਦੇਖਿਆ ਜਾ ਰਿਹਾ ਹੈ। ਇਹੀ ਨਹੀਂ, ਇਸ ਘਟਨਾ ਤੋਂ ਬਾਅਦ ਡਿਸੀਜ਼ਨ ਰਿਵਿਊ ਸਿਸਟਮ (ਡੀ.ਆਰ.ਐੱਸ.) 'ਤੇ ਵੀ ਸਵਾਲ ਉਠਾਏ ਜਾਣ ਲੱਗ ਪਏ ਹਨ।
ਜ਼ਿਕਰਯੋਗ ਹੈ ਕਿ ਉਸ ਸਮੇਂ ਹਾਲੇ ਕਾਫ਼ੀ ਗੇਂਦਾਂ ਬਚੀਆਂ ਸਨ ਤੇ ਧੋਨੀ ਨੂੰ ਅਜਿਹੀ ਸਥਿਤੀ 'ਚ ਟੀਮ ਦੀ ਬੇੜੀ ਪਾਰ ਲਗਾਉਂਦੇ ਹੋਏ ਕਈ ਵਾਰ ਦੇਖਿਆ ਗਿਆ ਹੈ। ਅਜਿਹੇ 'ਚ ਜੇਕਰ ਉਸ ਨੂੰ ਨਾਟ ਆਊਟ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਮੈਚ ਦਾ ਨਤੀਜਾ ਕੁਝ ਹੋਰ ਨਿਕਲ ਸਕਦਾ ਸੀ। ਫਿਲਹਾਲ ਤਾਂ ਇਹ ਘਟਨਾ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੇਂਦਬਾਜ਼ੀ ਮਗਰੋਂ ਬੱਲੇਬਾਜ਼ੀ 'ਚ ਵੀ ਨਾਰਾਇਣ ਦਾ ਸ਼ਾਨਦਾਰ ਪ੍ਰਦਰਸ਼ਨ, ਚੇਨਈ ਦੀ ਲਗਾਤਾਰ 5ਵੀਂ ਹਾਰ
NEXT STORY