ਨਵੀਂ ਦਿੱਲੀ, (ਬਿਊਰੋ)— ਮਹਾਨ ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ ਨੇ ਕਿਹਾ ਕਿ ਡੇਵਿਸ ਕੱਪ 'ਚ ਭਾਰਤ ਦੇ ਡਬਲਜ਼ ਸੁਮੇਲ ਨੂੰ ਲੈ ਕੇ ਵਿਵਾਦ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਸਿੰਗਲ ਮੈਚ ਬਰਾਬਰੀ 'ਤੇ ਰਹਿਣ 'ਤੇ ਹੀ ਡਬਲਜ਼ ਦਾ ਮਹੱਤਵ ਹੈ। ਏ.ਆਈ.ਟੀ.ਏ. ਨੇ ਚੀਨ ਦੇ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਦੇ ਲਈ ਲਿਏਂਡਰ ਪੇਸ ਅਤੇ ਰੋਹਨ ਬੋਪੰਨਾ ਨੂੰ ਚੁਣਿਆ ਹੈ ਹਾਲਾਂਕਿ ਬੋਪੰਨਾ ਨੇ ਪੇਸ ਦੇ ਨਾਲ ਖੇਡਣ 'ਤੇ ਇਤਰਾਜ਼ ਜਤਾਇਆ ਸੀ।
ਇਹ ਪੁੱਛਣ 'ਤੇ ਕਿ ਕੀ ਦੋਹਾਂ ਦੀ ਜੋੜੀ ਬਣਾਉਣਾ ਸਹੀ ਸੀ ਜਿਨ੍ਹਾਂ ਦਾ ਆਪਸ 'ਚ ਚੰਗਾ ਤਾਲਮੇਲ ਨਹੀਂ ਹੈ, ਅੰਮ੍ਰਿਤਰਾਜ ਨੇ ਕਿਹਾ, ''ਮੈਂ ਨਹੀਂ ਜਾਣਦਾ।'' ਉਨ੍ਹਾਂ ਕਿਹਾ, ''ਇਹ ਮੇਰੇ ਲਈ ਅਹਿਮ ਮਸਲਾ ਨਹੀਂ ਹੈ। ਪਹਿਲਾ ਮਸਲਾ ਚਾਰ ਸਿੰਗਲ ਮੁਕਾਬਲੇ ਹਨ। ਅਸੀਂ ਵਿਸ਼ਵ ਗਰੁੱਪ 'ਚ ਜਗ੍ਹਾ ਬਣਾ ਕੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। ਇਸ ਦੇ ਲਈ ਚੋਟੀ ਦੇ 50 ਖਿਡਾਰੀ ਚਾਹੀਦੇ ਹਨ। ਬਾਕੀ ਮਸਲੇ ਆਉਂਦੇ-ਜਾਂਦੇ ਰਹਿੰਦੇ ਹਨ। ਇਮਾਨਦਾਰੀ ਨਾਲ ਕਹਾਂ ਤਾਂ ਛੋਟੀ ਜਿਹੀ ਗੱਲ ਨੂੰ ਵੱਡਾ ਮਸਲਾ ਬਣਾਇਆ ਜਾ ਰਿਹਾ ਹੈ।''
ਅੰਮ੍ਰਿਤਰਾਜ ਨੇ ਕਿਹਾ, ''ਕੋਈ ਵੀ ਇਹ ਸੋਚ ਕੇ ਟੈਨਿਸ ਨਹੀਂ ਖੇਡਦਾ ਕਿ ਉਹ ਡਬਲਜ਼ ਜਾਂ ਮਿਕਸਡ ਡਬਲਜ਼ ਮਾਹਰ ਬਣਗਾ। ਇਕ ਪੰਜ ਸਾਲ ਦੇ ਬੱਚੇ ਨੂੰ ਪੁੱਛੀਏ ਤਾਂ ਉਹ ਕਦੀ ਨਹੀਂ ਕਹੇਗਾ ਕਿ ਉਹ ਮਿਕਸਡ ਡਬਲਜ਼ ਖਿਡਾਰੀ ਬਣਨਾ ਚਾਹੁੰਦਾ ਹੈ। ਉਹ ਅਗਲਾ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਹੀ ਬਣਨਾ ਚਾਹੇਗਾ।'' ਉਨ੍ਹਾਂ ਕਿਹਾ, ''ਡਬਲਜ਼ ਦਾ ਮਹਤੱਵ ਉਦੋਂ ਹੈ ਜਦੋਂ ਸਿੰਗਲ ਮੁਕਾਬਲੇ ਬਰਾਬਰੀ 'ਤੇ ਰਹੇ।''
ਉਨ੍ਹਾਂ ਕਿਹਾ, ''ਇਨ੍ਹਾਂ ਖਿਡਾਰੀਆਂ ਨੂੰ ਡੇਵਿਸ ਕੱਪ ਖੇਡਣ ਦੇ ਲਈ ਨਾਲ ਖੇਡਣਾ ਹੋਵੇਗਾ। ਸਾਡੇ ਕੋਲ ਚੰਗੇ ਡੇਵਿਸ ਕੱਪ ਖਿਡਾਰੀ ਹਨ। ਰਾਮਨਾਥਨ ਕ੍ਰਿਸ਼ਨਨ ਅਤੇ ਰਮੇਸ਼ ਕ੍ਰਿਸ਼ਨਨ, ਜੈਦੀਪ ਮੁਖਰਜੀ ਅਤੇ ਪ੍ਰੇਮਜੀਤ ਲਾਲ, ਮੈਂ ਅਤੇ ਆਨੰਦ, ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ। ਇਹ ਸਾਰੀਆਂ ਟੀਮਾਂ ਚੰਗੀਆਂ ਸਨ ਕਿਉਂਕਿ ਖਿਡਾਰੀ ਸਾਲ ਭਰ ਖੇਡਦੇ ਸਨ।'' ਅੰਮ੍ਰਿਤਰਾਜ ਨੇ ਕਿਹਾ, ''ਅਚਾਨਕ ਕਿਸੇ ਨੂੰ ਚੁਣ ਕੇ ਸਾਥ ਖੇਡਣ ਲਈ ਕਹਿਣਾ ਮੁਸ਼ਕਲ ਹੁੰਦਾ ਹੈ ਜਦੋਂ ਤੁਸੀਂ ਟੂਰ 'ਤੇ ਨਾਲ ਹੀ ਖੇਡ ਰਹੇ ਹੋਵੋ।''
ਜਾਣੋ ਕੀ ਬੋਲੇ ਹਰਭਜਨ ਸਿੰਘ ਜਦੋਂ ਧੋਨੀ ਦੀ ਟੀਮ ਬਾਰੇ ਪੁੱਛਿਆ ਗਿਆ ਇਹ ਸਵਾਲ
NEXT STORY