ਸਾਊਥੰਪਟਨ– ਵੈਸਟਇੰਡੀਜ਼ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸ਼ਨੀਵਾਰ ਨੂੰ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿਚ 8 ਵਿਕਟਾਂ 'ਤੇ 284 ਦੌੜਾਂ ਬਣਾ ਲਈਆਂ ਹਨ ਤੇ ਉਸਦੇ ਕੋਲ ਹੁਣ 170 ਦੌੜਾਂ ਦੀ ਬੜ੍ਹਤ ਹੈ ਜਦਕਿ ਕੱਲ ਪੂਰੇ ਦਿਨ ਦੀ ਖੇਡ ਬਾਕੀ ਹੈ। ਇੰਗਲੈਂਡ ਦੀਆਂ ਪਹਿਲੀ ਪਾਰੀਆਂ ਦੀਆਂ 204 ਦੌੜਾਂ ਦੇ ਜਵਾਬ ਵਿਚ ਵੈਸਟਇੰਡੀਜ਼ ਨੇ 318 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਰਨ ਰੇਟ 2.73 ਪ੍ਰਤੀ ਓਵਰ ਹੈ, ਜਿਸ ਨਾਲ ਪਿਛਲੇ ਚਾਰ ਮਹੀਨਿਆਂ ਵਿਚ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਦਾ ਇੰਤਜ਼ਾਰ ਕਰਨ ਤੋਂ ਬਾਅਦ ਟੀ. ਵੀ. ਦੇ ਸਾਹਮਣੇ ਨਜ਼ਰਾਂ ਲਾਈ ਬੈਠੇ ਦਰਸ਼ਕਾਂ ਨੂੰ ਜ਼ਰੂਰ ਨਿਰਾਸ਼ਾ ਹੋਈ ਹੋਵੇਗੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਮਾਰਚ ਤੋਂ ਖੇਡ ਗਤੀਵਿਧੀਆਂ ਠੱਪ ਸਨ ਤੇ ਇਸ ਮੈਚ ਰਾਹੀਂ ਹੀ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਹੋਈ ਹੈ।
ਤੀਜੇ ਸੈਸ਼ਨ ਵਿਚ 5 ਵਿਕਟਾਂ ਡਿੱਗੀਆਂ ਤੇ 106 ਦੌੜਾਂ ਬਣਾਈਆਂ ਜਦਕਿ ਦੂਜੇ ਸੈਸ਼ਨ ਵਿਚ 30 ਓਵਰਾਂ ਵਿਚ 89 ਦੌੜਾਂ ਬਣੀਆਂ ਤੇ ਦੋ ਵਿਕਟਾਂ ਡਿੱਗੀਆਂ ਸਨ। ਪਹਿਲੇ ਸੈਸਨ ਦੀ ਖੇਡ ਕਾਫੀ ਹੌਲੀ ਰਹੀ। ਬਰਨਸ ਦੇ ਰੂਪ ਵਿਚ ਇਕੌਲਤੀ ਵਿਕਟ ਡਿੱਗੀ, ਜਿਹੜੀ ਰੋਸਟਨ ਤੇਜ਼ ਨੇ ਲਈ। ਉਸ ਨੇ 104 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਇੰਗਲੈਂਡ ਨੇ ਦਰਸ਼ਕਾਂ ਦੇ ਬਿਨਾਂ ਕੱਲ ਦੇ ਸਕੋਰ ਬਿਨਾਂ ਕਿਸੇ ਨੁਕਸਾਨ ਦੇ 15 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਸਵੇਰੇ ਬੱਲੇਬਾਜ਼ ਇੰਨਾ ਹੌਲੀ ਖੇਡ ਰਹੇ ਸਨ ਕਿ ਇਕ ਸਮੇਂ 9 ਓਵਰਾਂ ਵਿਚ 3 ਹੀ ਦੌੜਾਂ ਬਣੀਆਂ। ਪੂਰੇ ਸੈਸ਼ਨ ਵਿਚ 30 ਓਵਰਾਂ ਵਿਚ 64 ਦੌੜਾਂ ਹੀ ਬਣ ਸਕੀਆਂ।
ਦੂਜੇ ਸੈਸ਼ਨ ਵਿਚ ਡੋਮ ਸਿਬਲੇ (50) ਟੈਸਟ ਕ੍ਰਿਕਟ ਵਿਚ ਆਪਣੇ ਦੂਜੇ ਅਰਧ ਸੈਂਕੜੇ ਤਕ ਪਹੁੰਚਣ ਤੋਂ ਤੁਰੰਤ ਬਾਅਦ ਆਊਟ ਹੋ ਗਿਆ। ਉਸ ਨੇ ਸ਼ੈਨਨ ਗੈਬ੍ਰੀਏਲ ਦੀ ਗੇਂਦ 'ਤੇ ਵਿਕਟਾਂ ਦੇ ਪਿੱਛੇ ਕੈਚ ਦਿੱਤਾ। ਤੀਜੇ ਨੰਬਰ ਦੇ ਬੱਲੇਬਾਜ਼ ਜੋ ਡੈਨਲੀ ਨੇ ਚੇਜ਼ ਦੀ ਗੇਂਦ 'ਤੇ ਕਪਤਾਨ ਹੋਲਡਰ ਨੂੰ ਕੈਚ ਦਿੱਤਾ। ਉਹ 29 ਦੌੜਾਂ ਬਣਾ ਕੇ ਆਊਟ ਹੋਇਆ। ਕਾਰਜਕਾਰੀ ਕਪਤਾਨ ਬੇਨ ਸਟੋਕਸ ਨੇ ਆਖਰੀ ਸੈਸ਼ਨ ਵਿਚ ਹਮਲਾਵਰ ਬੱਲੇਬਾਜ਼ੀ ਦੀ ਕੋਸ਼ਿਸ਼ ਕਰਦੇ ਹੋਏ 79 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਨਵੀਂ ਗੇਂਦ ਆਉਣ ਤੋਂ ਬਾਅਦ ਦੌੜਾਂ ਬਣਾਉਣਾ ਆਸਾਨ ਹੁੰਦਾ ਜਾ ਰਿਹਾ ਸੀ। ਹੋਲਡਰ ਨੇ ਸਟੋਕਸ ਨੂੰ ਸ਼ਾਈ ਹੋਪ ਦੇ ਹੱਥਾਂ ਕੈਚ ਕਰਵਾ ਕੇ ਹਾਲਾਂਕਿ ਵੱਡੀ ਬੜ੍ਹਤ ਲੈਣ ਦੇ ਇੰਗਲੈਂਡ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ। ਜੋਸ ਬਟਲਰ 9 ਦੌੜਾਂ ਬਣਾ ਕੇ ਅਲਜਾਰੀ ਜੋਸਫ ਦੀ ਗੇਂਦ 'ਤੇ ਬੋਲਡ ਹੋ ਗਿਆ। ਚੌਥੇ ਦਿਨ ਦੀ ਖੇਡ ਖਤਮ ਹੋਣ ਤਕ ਜੋਫ੍ਰਾ ਆਰਚਰ 5 ਤੇ ਮਾਰਕ ਵੁਡ 1 ਦੌੜ ਬਣਾ ਕੇ ਖੇਡ ਰਹੇ ਸਨ। ਵੈਸਟਇੰਡੀਜ਼ ਲਈ ਸ਼ੈਨੋਨ ਗੈਬ੍ਰੀਏਲ ਨੇ ਇਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਹਾਸਲ ਕੀਤੀਆਂ ਜਦਕਿ ਪਹਿਲੀ ਪਾਰੀ ਵਿਚ 6 ਵਿਕਟਾਂ ਲੈਣ ਵਾਲੇ ਹੋਲਡਰ ਨੂੰ ਇਕ ਵਿਕਟ ਮਿਲੀ। ਰੋਸਟਨ ਚੇਜ਼ ਤੇ ਅਲਜਾਰੀ ਜੋਸਫ ਨੇ 2-2 ਵਿਕਟਾਂ ਹਾਸਲ ਕੀਤੀਆਂ । ਹੁਣ ਵੈਸਟਇੰਡੀਜ਼ ਦਾ ਟੀਚਾ ਸਵੇਰ ਦੇ ਸੈਸ਼ਨ ਵਿਚ ਇੰਗਲੈਂਡ ਦੇ ਬਚੇ ਦੋਵਾਂ ਬੱਲੇਬਾਜ਼ਾਂ ਨੂੰ ਜਲਦੀ ਆਊਟ ਕਰਕੇ 200 ਦੌੜਾਂ ਤੋਂ ਘੱਟ ਕਰਨ ਦਾ ਟੀਚਾ ਹਾਸਲ ਕਰਨਾ ਹੋਵੇਗਾ।
ਬੈਕਹਮ ਦੇ ਬੇਟੇ ਦੀ ਮੰਗਣੀ ਅਭਿਨੇਤਰੀ ਨਿਕੋਲਾ ਪੇਲਜ ਨਾਲ ਹੋਈ
NEXT STORY