ਮਾਨਚੈਸਟਰ– ਬੇਨ ਸਟੋਕਸ (176) ਤੇ ਡੋਮ ਸਿਬਲੀ (120) ਵਿਚਾਲੇ ਚੌਥੀ ਵਿਕਟ ਲਈ 260 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਕ੍ਰਿਕਟ ਟੈਸਟ ਵਿਚ ਪਹਿਲੀ ਪਾਰੀ 9 ਵਿਕਟਾਂ 'ਤੇ 469 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਖਤਮ ਐਲਾਨ ਕਰ ਦਿੱਤੀ। ਜਵਾਬ ਵਿਚ ਵੈਸਟਇੰਡੀਜ਼ ਨੇ ਇਕ ਵਿਕਟ ਗੁਆ ਕੇ 32 ਦੌੜਾਂ ਬਣਾ ਲਈਆਂ ਸਨ। ਜਾਨ ਕੈਂਪਬੈੱਲ (12) ਦਸਵੇਂ ਓਵਰ ਵਿਚ ਸੈਮ ਕਿਊਰੇਨ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋਇਆ। ਦੂਜੇ ਦਿਨ ਦੀ ਖੇਡ ਖਤਮ ਹੋਣ 'ਤੇ ਕ੍ਰੇਗ ਬ੍ਰੈੱਥਵੇਟ 6 ਤੇ ਅਲਜਾਰੀ ਜੋਸਫ 14 ਦੌੜਾਂ ਬਣਾ ਕੇ ਖੇਡ ਰਹੇ ਸਨ।
ਇਸ ਤੋਂ ਪਹਿਲਾਂ ਦੋਹਰੇ ਸੈਂਕੜੇ ਵੱਲ ਤੇਜ਼ੀ ਨਾਲ ਵਧਦਾ ਦਿਸ ਰਿਹਾ ਸਟੋਕਸ ਚਾਹ ਦੀ ਬ੍ਰੇਕ ਤੋਂ ਬਾਅਦ ਆਪਣੇ ਸਕੋਰ ਵਿਚ 4 ਦੌੜਾਂ ਹੋਰ ਜੋੜ ਕੇ ਵਿਕਟ ਗੁਆ ਬੈਠਾ। ਉਸ ਨੇ 356 ਗੇਂਦਾਂ ਦਾ ਸਾਹਮਣਾ ਕਰਕੇ ਆਪਣੀ ਮੈਰਾਥਨ ਪਾਰੀ ਵਿਚ 176 ਦੌੜਾਂ ਬਣਾਈਆਂ, ਜਿਸ ਵਿਚ 17 ਚੌਕੇ ਤੇ 2 ਛੱਕੇ ਸ਼ਾਮਲ ਸਨ। ਕੇਮਰ ਰੋਚ ਨੇ ਉਸ ਨੂੰ ਵਿਕਟਾਂ ਦੇ ਪਿੱਛੇ ਸ਼ੇਨ ਡਾਓਰਿਚ ਦੇ ਹੱਥੋਂ ਕੈਚ ਕਰਵਾਇਆ। ਉਸ ਨੂੰ 157 ਦੇ ਸਕੋਰ 'ਤੇ ਸ਼ੈਨੋਨ ਗੈਬ੍ਰੀਏਲ ਦੀ ਗੇਂਦ 'ਤੇ ਸ਼ਾਈ ਹੋਪ ਨੇ ਜੀਵਨਦਾਨ ਦਿੱਤਾ ਸੀ। ਪਿਛਲੇ ਸਾਲ ਵਿਸ਼ਵ ਕੱਪ ਤੇ ਏਸ਼ੇਜ਼ ਵਿਚ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ ਸਟੋਕਸ ਨੇ ਸਿਬਲੀ ਦੇ ਨਾਲ 260 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਉਸਦੀ ਵਿਕਟ ਡਿੱਗਣ ਦੇ ਸਮੇਂ ਇੰਗਲੈਂਡ ਦਾ ਸਕੋਰ 395 ਦੌੜਾਂ ਸੀ ਤੇ ਚਾਰ ਵਿਕਟਾਂ 33 ਦੌੜਾਂ ਦੇ ਅੰਦਰ ਡਿੱਗ ਗਈਆਂ ਸਨ।
ਜੋਸ ਬਟਲਰ 40 ਦੇ ਸਕੋਰ 'ਤੇ ਹੋਲਡਰ ਦਾ ਸ਼ਿਕਾਰ ਹੋਇਆ। ਡੋਮ ਬੇਸ 31 ਤੇ ਸਟੂਅਰਟ ਬ੍ਰਾਡ 11 ਦੌੜਾਂ ਬਣਾ ਕੇ ਅਜੇਤੂ ਰਹੇ। ਜਦੋਂ ਡੋਮ ਸਿਬਲੀ 120 ਦੌੜਾਂ ਬਣਾ ਕੇ ਆਊਟ ਹੋਇਆ, ਉਸ ਤੋਂ ਬਾਅਦ ਦੂਜੇ ਸੈਸ਼ਨ ਵਿਚ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਕਾਫੀ ਤੇਜ਼ੀ ਨਾਲ ਦੌੜਾਂ ਬਣਾਈਆਂ। ਸਿਬਲੀ ਨੇ ਸੈਂਕੜਾ ਪੂਰਾ ਕਰਨ ਦੀ ਰਿਕਾਰਡ ਵਿਚ ਸਟੋਕਸ ਨੂੰ ਪਛਾੜਿਆ। ਉਸ ਨੇ 312 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ, ਜਿਹੜਾ 1990 ਤੋਂ ਬਾਅਦ ਇੰਗਲੈਂਡ ਦਾ ਪੰਜਵਾਂ ਸਭ ਤੋਂ ਹੌਲਾ ਸੈਂਕੜਾ ਹੈ। ਦੂਜੇ ਸੈਸ਼ਨ ਵਿਚ ਇੰਗਲੈਂਡ ਨੇ ਦੋ ਵਿਕਟਾਂ ਗੁਆਈਆਂ। ਲੰਬੇ ਸਮੇਂ ਤਕ ਕ੍ਰੀਜ਼ 'ਤੇ ਡਟੇ ਰਹੇ ਸਿਬਲੀ ਨੇ ਸਪਿਨਰ ਰੋਸਟਨ ਚੇਜ਼ ਦੀ ਗੇਂਦ 'ਤੇ ਕੇਮਰ ਰੋਚ ਨੂੰ ਮਿਡਵਿਕਟ 'ਤੇ ਕੈਚ ਦਿੱਤਾ। ਉਸ ਨੇ 372 ਗੇਂਦਾਂ ਦਾ ਸਾਹਮਣਾ ਕਰਕੇ 120 ਦੌੜਾਂ ਬਣਾਈਆਂ, ਜਿਹੜਾ ਉਸਦਾ ਦੂਜਾ ਸਰਵਸ੍ਰੇਸ਼ਟ ਸਕੋਰ ਹੈ। ਓਲੀ ਪੋਪ 7 ਦੌੜਾਂ ਬਣਾ ਕੇ ਆਊਟ ਹੋਇਆ। ਚੇਜ਼ ਨੇ 105 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ । ਪਹਿਲੇ ਸੈਸ਼ਨ ਵਿਚ ਵੈਸਟਇੰਡੀਜ਼ ਨੂੰ ਕੋਈ ਵਿਕਟ ਨਹੀਂ ਮਿਲੀ। ਇੰਗਲੈਂਡ ਨੇ ਬੇਹੱਦ ਹੌਲੀ ਗਤੀ ਨਾਲ ਖੇਡਦੇ ਹੋਏ 26 ਓਵਰਾਂ ਵਿਚ 57 ਦੌੜਾਂ ਬਣਾਈਆਂ।
WC ਗ੍ਰੇਸ : ਕ੍ਰਿਕਟ ਦਾ ਪਿਤਾਮਾਹ ਜਿਸ ਨੇ ਸਭ ਤੋਂ ਪਹਿਲਾਂ 100 ਸੈਂਕੜੇ ਲਾਏ
NEXT STORY