ਗੇਲਸੇਂਕਿਚਰਨ (ਜਰਮਨੀ)– ਜੂਡ ਬੇਲਿੰਗਹੈਮ ਦੇ ਗੋਲ ਦੀ ਮਦਦ ਨਾਲ ਇੰਗਲੈਂਡ ਨੇ ਸਰਬੀਆ ਨੂੰ 1-0 ਨਾਲ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਰੀਅਲ ਮੈਡ੍ਰਿਡ ਵੱਲੋਂ ਖੇਡਣ ਵਾਲੇ ਬੇਲਿੰਗਹੈਮ ਨੇ 13ਵੇਂ ਮਿੰਟ ਵਿਚ ਬੁਕਾਯੋ ਸਾਕਾ ਦੇ ਕ੍ਰਾਸ ’ਤੇ ਹੈੱਡਰ ਨਾਲ ਗੋਲ ਕੀਤਾ ਜਿਹੜਾ ਆਖਿਰ ਵਿਚ ਫੈਸਲਾਕੁੰਨ ਸਾਬਤ ਹੋਇਆ। ਇਸ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਪ੍ਰਸ਼ੰਸਕਾਂ ਵਿਚਾਲੇ ਆਪਸ ਵਿਚ ਝੜਪ ਹੋ ਗਈ ਸੀ, ਜਿਸ ਕਾਰਨ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਸਨ।
ਬੇਲਿੰਗਹੈਮ ਦੇ ਸ਼ੁਰੂ ਵਿਚ ਗੋਲ ਕਰਨ ਤੋਂ ਬਾਅਦ ਇੰਗਲੈਂਡ ਦੇ ਪ੍ਰਸ਼ੰਸਕ ਜਸ਼ਨ ਵਿਚ ਡੁੱਬ ਗਏ। ਸਰਬੀਆ ਨੇ ਇਸ ਤੋਂ ਬਾਅਦ ਕੁਝ ਮੌਕੇ ਬਣਾਏ ਪਰ ਉਹ ਆਪਣੇ ਸਮਰਥਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਨਹੀਂ ਦੇ ਸਕੇ। ਬੇਲਿੰਗਹੈਮ ਨੇ ਮੈਚ ਤੋਂ ਬਾਅਦ ਕਿਹਾ,‘‘ਇਹ ਵਿਅਕਤੀਗਤ ਤੌਰ ’ਤੇ ਮੇਰੇ ਲਈ ਸ਼ਾਨਦਾਰ ਸ਼ੁਰੂਆਤ ਹੈ ਤੇ ਇਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ ਪਰ ਟੀਮ ਨੂੰ ਜਿੱਤ ਦਿਵਾਉਣ ਜ਼ਿਆਦਾ ਮਹੱਤਵਪੂਰਨ ਹੈ।’’
ਇੰਗਲੈਂਡ ਦਾ ਕਪਤਾਨ ਹੈਰੀ ਕੇਨ ਦੂਜੇ ਹਾਫ ਵਿਚ ਬੜ੍ਹਤ ਦੁੱਗਣੀ ਕਰਨ ਦੇ ਨੇੜੇ ਪਹੁੰਚ ਗਿਆ ਸੀ ਪਰ ਸਰਬੀਆ ਦੇ ਗੋਲਕੀਪਰ ਪ੍ਰੇਡ੍ਰੈਗ ਰਾਜਕੋਵਿਚ ਨੇ ਉਸਦਾ ਹੈੱਡਰ ਗੋਲ ਦੇ ਅੰਦਰ ਨਹੀਂ ਜਾਣ ਦਿੱਤਾ। ਕੇਨ ਦਾ ਕਿਸੇ ਵੱਡੇ ਟੂਰਨਾਮੈਂਟ ਵਿਚ ਇਹ 23ਵਾਂ ਮੈਚ ਸੀ, ਜਿਹੜਾ ਇੰਗਲੈਂਡ ਵੱਲੋਂ ਨਵਾਂ ਰਿਕਾਰਡ ਹੈ।
ਕੇਨ ਨੇ ਮੈਚ ਤੋਂ ਬਾਅਦ ਕਿਹਾ,‘‘ਇਹ ਬੇਹੱਦ ਸਖਤ ਮੈਚ ਸੀ। ਉਸਦੇ ਕੋਲ ਕੁਝ ਚੰਗੇ ਖਿਡਾਰੀ ਹਨ ਤੇ ਉਸਦੀ ਟੀਮ ਨੂੰ ਹਰਾਉਣਾ ਆਸਾਨ ਨਹੀਂ ਹੈ। ਇਸ ਮੈਚ ਵਿਚੋਂ ਤਿੰਨ ਅੰਕ ਹਾਸਲ ਕਰਨਾ ਚੰਗਾ ਰਿਹਾ।’’
ਇਸ ਜਿੱਤ ਨਾਲ ਇੰਗਲੈਂਡ ਗਰੁੱਪ-ਸੀ ਵਿਚ ਚੋਟੀ ’ਤੇ ਪਹੁੰਚ ਗਿਆ। ਇਸ ਗਰੁੱਪ ਵਿਚ ਇਸ ਤੋਂ ਪਹਿਲਾਂ ਡੈੱਨਮਾਰਕ ਤੇ ਸਲੋਵੇਨੀਆ ਦਾ ਮੈਚ 1-1 ਨਾਲ ਡਰਾਅ ਰਿਹਾ ਸੀ। ਇੰਗਲੈਂਡ ਆਪਣਾ ਅਗਲਾ ਮੈਚ ਵੀਰਵਾਰ ਨੂੰ ਫ੍ਰੈਂਕਫਰਟ ਵਿਚ ਡੈੱਨਮਾਰਕ ਵਿਰੁੱਧ ਖੇਡੇਗਾ।
ਰੋਹਿਤ ਦੇ ਕੋਚ ਨੇ ਮੇਰੇ ਕਰੀਅਰ ਨੂੰ ਆਕਾਰ ਦਿੱਤਾ : ਅਮਰੀਕੀ ਕ੍ਰਿਕਟਰ ਹਰਮੀਤ ਸਿੰਘ
NEXT STORY