ਮੁੰਬਈ– ਭਾਰਤ ਦਾ ਆਲਰਾਊਂਡਰ ਸ਼ਾਰਦੁਲ ਠਾਕੁਰ ਹਾਲ ਹੀ ਵਿਚ ਮੁੰਬਈ ਦੇ ਨਾਲ ਰਣਜੀ ਟਰਾਫੀ ਖਿਤਾਬ ਜਿੱਤਣ ਤੋਂ ਬਾਅਦ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਉਮੀਦ ਕਰ ਰਿਹਾ ਹੈ ਕਿਉਂਕਿ ਪਿਛਲਾ ਗੇੜ ਉਸ ਲਈ ਜ਼ਿਆਦਾ ਚੰਗਾ ਨਹੀਂ ਰਿਹਾ ਸੀ। ਸ਼ਾਰਦੁਲ 2018 ਤੋਂ 2021 ਤਕ ਸੀ. ਐੱਸ. ਕੇ. ਟੀਮ ਦਾ ਹਿੱਸਾ ਰਿਹਾ ਸੀ, ਜਿਸ ਤੋਂ ਬਾਅਦ 2022 ’ਚ ਉਹ ਦਿੱਲੀ ਕੈਪੀਟਲਸ ਤੇ 2023 ’ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ ਸੀ। ਇਸ ਸੈਸ਼ਨ ’ਚ ਉਹ ਫਿਰ ਸੀ. ਐੱਸ. ਕੇ. ’ਚ ਵਾਪਸੀ ਕਰੇਗਾ, ਜਿਸਦੇ ਲਈ ਉਸ ਨੂੰ 4 ਕਰੋੜ ਰੁਪਏ ’ਚ ਖਰੀਦਿਆ ਗਿਆ। ਸ਼ਾਰੁਦਲ ਨੇ ਇਥੇ ਕਿਹਾ,‘‘ਇਮਾਨਦਾਰੀ ਨਾਲ ਕਹਾਂ ਤਾਂ ਪਿਛਲਾ ਆਈ. ਪੀ. ਐੱਲ. ਮੇਰੇ ਲਈ ਚੰਗਾ ਨਹੀਂ ਰਿਹਾ ਸੀ।’’
ਉਹ ਪਿਛਲੇ ਸੈਸ਼ਨ ’ਚ 11 ਆਈ. ਪੀ. ਐੱਲ. ਮੈਚਾਂ ’ਚ ਸਿਰਫ 7 ਵਿਕਟਾਂ ਹੀ ਲੈ ਸਕਿਆ ਸੀ ਤੇ ਬੱਲੇ ਨਾਲ 14.13 ਦੀ ਔਸਤ ਨਾਲ ਦੌੜਾਂ ਜੋੜ ਸਕਿਆ ਸੀ। ਵਿਦਰਭ ਵਿਰੁੱਧ ਵੀਰਵਾਰ ਨੂੰ ਇਥੇ ਮੇਜ਼ਬਾਨ ਮੁੰਬਈ ਦੀਆਂ 169 ਦੌੜਾਂ ਦੀ ਜਿੱਤ ਨਾਲ 42ਵਾਂ ਰਣਜੀ ਟਰਾਫੀ ਖਿਤਾਬ ਜਿੱਤਣ ਤੋਂ ਬਾਅਦ ਸ਼ਾਰਦੁਲ ਨੇ ਕਿਹਾ, ‘‘ਮੈਂ ਮਾਹੀ ਭਰਾ ਦੀ ਅਗਵਾਈ ’ਚ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਜਦੋਂ ਤੁਸੀਂ ਉਸਦੇ ਨਾਲ ਖੇਡਦੇ ਹੋ ਤਾਂ ਤੁਸੀਂ ਮੈਚ ’ਚੋਂ ਕੁਝ ਨਾ ਕੁਝ ਜ਼ਰੂਰ ਸਿੱਖਦੇ ਹੋ। ਉਹ ਸਟੰਪ ਦੇ ਪਿੱਛੇ ਖੜ੍ਹਾ ਹੋ ਕੇ ਤੁਹਾਡਾ ਮਾਰਗਦਰਸ਼ਨ ਕਰਦਾ ਰਹਿੰਦਾ ਹੈ, ਜਿਸ ਨਾਲ ਤੁਹਾਡੇ ਪ੍ਰਦਰਸ਼ਨ ’ਚ ਨਿਖਾਰ ਆਉਂਦਾ ਹੈ।’’
ਠਾਕੁਰ ਨੇ ਕਿਹਾ ਕਿ ਧੋਨੀ ਦੀ ਸਭ ਤੋਂ ਚੰਗੀ ਖਾਸੀਅਤ ਇਹ ਹੈ ਕਿ ਉਹ ਇਕ ਖਿਡਾਰੀ ਦੇ ਪ੍ਰਦਰਸ਼ਨ ਨੂੰ ਨਿਖਰਨ ਦਿੰਦਾ ਹੈ। ਇਸ ਆਲਰਾਊਂਡਰ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸ਼ਾਨਦਾਰ ਚੀਜ਼ ਹੈ, ਉਹ ਖਿਡਾਰੀਆਂ ਨੂੰ ਕਾਫੀ ਆਜ਼ਾਦੀ ਦਿੰਦਾ ਹੈ ਤੇ ਖਿਡਾਰੀਆਂ ਨੂੰ ਆਪਣੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਖੁਦ ਚੁੱਕਣ ਦਿੰਦਾ ਹੈ, ਇਸ ਲਈ ਮੈਂ ਸੀ. ਐੱਸ. ਕੇ. ਵਿਚ ਫਿਰ ਤੋਂ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।’’
ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲਵੇਗਾ ਵੇਡ
NEXT STORY