ਨਵੀਂ ਦਿੱਲੀ– ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਬਾਅਦ ਕ੍ਰਿਕਟ ਦੀ ਵਾਪਸੀ 'ਤੇ ਤੇਜ਼ ਗੇਂਦਬਾਜ਼ਾਂ ਨੂੰ ਹੋਰਨਾਂ ਖਿਡਾਰੀਆਂ ਦੀ ਤੁਲਨਾ ਵਿਚ ਵਧੇਰੇ ਸਾਵਧਾਨੀ ਵਰਤਣੀ ਪਵੇਗੀ। ਕੋਰੋਨਾ ਵਾਇਰਸ ਦੇ ਕਾਰਣ ਭਾਰਤ ਸਮੇਤ ਦੁਨੀਆ ਭਰ ਵਿਚ ਕ੍ਰਿਕਟ ਗਤੀਵਿਧੀਆਂ ਠੱਪ ਪਈਆਂ ਹਨ ਤੇ ਅਜਿਹੇ ਵਿਚ ਖਿਡਾਰੀ ਪਿਛਲੇ 3 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਮੈਦਾਨ ਵਿਚੋਂ ਬਾਹਰ ਹਨ ਤੇ ਟ੍ਰੇਨਿੰਗ ਨਹੀਂ ਕਰ ਰਹੇ ਹਨ ਹਾਲਾਂਕਿ ਕੋਰੋਨਾ ਦੇ ਕਹਿਰ ਵਿਚਾਲੇ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਦਰਸ਼ਕਾਂ ਦੇ ਬਿਨਾਂ ਖੇਡੀ ਜਾ ਰਹੀ ਹੈ।
ਇਰਫਾਨ ਨੇ ਇਕ ਸ਼ੋਅ ਦੌਰਾਨ ਕਿਹਾ,''ਇਮਾਨਦਾਰੀ ਨਾਲ ਕਹਾਂ ਤਾਂ ਮੈਂ ਤੇਜ਼ ਗੇਂਦਬਾਜ਼ਾਂ ਨੂੰ ਲੈ ਕੇ ਚਿੰਤਤ ਹਾਂ। ਉਨ੍ਹਾਂ ਨੂੰ ਖੁਦ ਨੂੰ ਹਾਲਾਤ ਦੇ ਅਨੁਸਾਰ ਢਾਲਣ ਵਿਚ ਚਾਰ ਤੋਂ ਛੇ ਹਫਤੇ ਲੱਗਣਗੇ। ਕਿਸੇ ਵੀ ਤੇਜ਼ ਗੇਂਦਬਾਜ਼ ਲਈ 25 ਯਾਰਡ ਤਕ ਦੌੜ ਕੇ 140-150 ਦੀ ਸਪੀਡ ਨਾਲ ਗੇਂਦਬਾਜ਼ੀ ਕਰਨਾ ਤੇ ਲਗਾਤਾਰ ਗੇਂਦਬਾਜ਼ੀ ਕਰਦੇ ਰਹਿਣਾ ਮੁਸ਼ਕਿਲ ਕੰਮ ਹੁੰਦਾ ਹੈ।'' ਇਸ ਸਾਲ ਜਨਵਰੀ ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਇਰਫਾਨ ਨੇ ਕਿਹਾ ਕਿ ਜਦੋਂ ਖਿਡਾਰੀ ਇੰਨੇ ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸ ਆਉਣਗੇ ਤਾਂ ਉਨ੍ਹਾਂ ਦੇ ਲਈ ਜ਼ਖ਼ਮੀ ਹੋਣ ਤੋਂ ਬਚਣਾ ਇਕ ਵੱਡੀ ਚੁਣੌਤੀ ਹੋਵੇਗੀ। ਇਰਫਾਨ ਨੇ ਕਿਹਾ, ''ਤੇਜ਼ ਗੇਂਦਬਾਜ਼ਾਂ ਦਾ ਸਰੀਰ ਕਠੋਰ ਹੋ ਜਾਂਦਾ ਹੈ ਤੇ ਉਨ੍ਹਾਂ ਦੇ ਲਈ ਸੱਟ ਤੋਂ ਬਚਾਅ ਰੱਖਣਾ ਇਕ ਚੁਣੌਤੀ ਹੋਵੇਗੀ ਕਿਉਂਕਿ ਮੇਰੇ ਖਿਆਲ ਨਾਲ ਕਿਸੇ ਵੀ ਤੇਜ਼ ਗੇਂਦਬਾਜ਼ ਨੂੰ ਆਪਣੀ ਲੈਅ ਪਾਉਣ ਲਈ ਘੱਟ ਤੋਂ ਘੱਟ 4 ਤੋਂ 6 ਹਫਤੇ ਦਾ ਸਮਾਂ ਚਾਹੀਦਾ ਹੈ। ਇਸ ਲਈ ਤੇਜ਼ ਗੇਂਦਬਾਜ਼ਾਂ ਨੂੰ ਸਪਿਨਰ ਜਾਂ ਬੱਲੇਬਾਜ਼ ਦੀ ਤੁਲਨਾ ਵਿਚ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।''
ਡੇਨੀ ਮੈਕਾਰਥੀ ਕੋਰੋਨਾ ਟੈਸਟ 'ਚ ਨੈਗੇਟਿਵ ਪਾਏ ਗਏ
NEXT STORY