ਨਵੀਂ ਦਿੱਲੀ— ਹੀਰੋ ਆਈ. ਐੱਸ. ਐੱਲ.-4 ਵਿਚ ਇਸ ਵਾਰ ਕੋਚਾਂ ਦਾ ਟੀਚਾ ਆਪਣੇ ਖਿਡਾਰੀਆਂ ਨੂੰ ਸ਼ਾਨਦਾਰ ਤੇ ਹਮਲਾਵਰ ਫੁੱਟਬਾਲ ਖੇਡਣ ਅਤੇ ਵੱਧ ਤੋਂ ਵੱਧ ਗੋਲ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਬੀਤੇ ਤਿੰਨ ਸੈਸ਼ਨਾਂ ਵਿਚ ਕੁਲ 183 ਮੈਚ ਖੇਡੇ ਗਏ ਤੇ ਇਨ੍ਹਾਂ ਵਿਚ ਹਿੱਸਾ ਲੈਣ ਵਾਲੀਆਂ 8 ਟੀਮਾਂ ਨੇ ਪ੍ਰਤੀ ਮੈਚ 2.51 ਗੋਲ ਔਸਤ ਨਾਲ ਕੁਲ 460 ਗੋਲ ਕੀਤੇ ਪਰ ਚੌਥੇ ਸੈਸ਼ਨ ਵਿਚ ਇਹ ਗਿਣਤੀ ਵਧਣ ਵਾਲੀ ਹੈ। ਟੀਮਾਂ ਦੇ ਮੁੱਖ ਕੋਚਾਂ ਦਾ ਕਹਿਣਾ ਹੈ ਕਿ ਆਈ. ਐੱਸ. ਐੱਲ.-4 ਵਿਚ ਉਨ੍ਹਾਂ ਦੇ ਖਿਡਾਰੀ ਹਮਲਾਵਰ ਖੇਡ ਦਿਖਾਉਣਗੇ।
ਕੇਰਲ ਬਲਾਸਟਰਸ ਦੇ ਸਹਾਇਕ ਕੋਚ ਥੋਂਗਬੋਈ ਸਿੰਗਟੋ ਦਾ ਕਹਿਣਾ ਹੈ ਕਿ ਉਸ ਦੇ ਮੁੱਖ ਕੋਚ ਰੇਨੇ ਮੇਲੇਂਸਟੀਨ ਨੇ ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਕੋਚ ਐਲੇਕਸ ਫਰਗਿਊਸਨ ਦੇ ਸਹਾਇਕ ਦੇ ਤੌਰ 'ਤੇ ਸਾਲਾਂ ਤਕ ਕੰਮ ਕਰਨ ਦੇ ਆਪਣੇ ਤਜਰਬੇ ਨਾਲ ਹਾਸਲ ਹੋਈਆਂ ਚੀਜ਼ਾਂ ਨੂੰ ਆਈ. ਐੱਸ. ਐੱਲ. ਵਿਚ ਅਜ਼ਮਾਉਣ ਦੀ ਤਿਆਰ ਕਰ ਲਈ ਹੈ। ਇਸੇ ਤਰ੍ਹਾਂ ਪਹਿਲੀ ਵਾਰ ਆਈ. ਐੱਸ. ਐੱਲ. ਵਿਚ ਮੈਨੇਜਰ ਦੀ ਭੂਮਿਕਾ ਨਿਭਾ ਰਹੇ ਐੱਫ. ਸੀ. ਗੋਆ ਦੇ ਸਰਜੀਓ ਲੋਬੇਰਾ, ਐੱਫ. ਸੀ. ਪੁਣੇ ਸਿਟੀ ਦੇ ਰੈਂਕੋ ਪੇਪੋਵਿਕ ਤੇ ਚੇਨਈਅਨ ਐੱਫ. ਸੀ. ਦੇ ਜਾਨ ਗ੍ਰੇਗਰੀ ਨੇ ਵੀ ਸਾਫ ਕਰ ਦਿੱਤਾ ਕਿ ਉਨ੍ਹਾਂ ਦੀਆਂ ਟੀਮਾਂ ਵੀ ਜਿੱਤਣ ਲਈ ਖੇਡਣਗੀਆਂ। ਇਨ੍ਹਾਂ ਸਾਰਿਆਂ ਨੇ ਇਕਸੁਰ 'ਚ ਪੁਰਾਤਨ ਸ਼ੈਲੀ ਦੇ ਫੁੱਟਬਾਲ ਤੋਂ ਦੂਰ ਰਹਿਣ ਦੀ ਗੱਲ ਕਹੀ ਹੈ।
ਮੁੰਬਈ ਸਿਟੀ ਐੱਫ. ਸੀ. ਦੇ ਕੋਚ ਅਲੈਕਜੈਂਡਰ ਗੂਈਮਰਾਏਸ ਨੇ ਕਿਹਾ ਕਿ ਇਸ ਸੈਸ਼ਨ ਵਿਚ ਉਸ ਨੂੰ ਵੱਖਰੇ ਸਟਾਈਲ ਦੀ ਫੁੱਟਬਾਲ ਨੂੰ ਅਜ਼ਮਾਉਂਦੇ ਦੇਖਿਆ ਜਾ ਸਕਦਾ ਹੈ। ਬੀਤੇ ਸਾਲ ਗੂਈਮਰਾਏਸ ਨੇ ਕਾਫੀ ਕੰਪੈਕਟ ਸਟਾਈਲ ਦੀ ਫੁੱਟਬਾਲ ਨਾਲ ਆਪਣੀ ਟੀਮ ਨੂੰ ਆਈ. ਐੱਸ. ਐੱਲ. ਅੰਕ ਸੂਚੀ 'ਚ ਚੋਟੀ 'ਤੇ ਪਹੁੰਚਾਇਆ ਸੀ।ਬੈਂਗਲੁਰੂ ਸਿਟੀ ਦੇ ਕੋਚ ਐਲਬਰਟੋ ਰੋਕਾ ਪਹਿਲਾਂ ਹੀ ਹੀਰੋ ਆਈ. ਲੀਗ ਵਿਚ ਪ੍ਰਯੋਗ ਦੀ ਆਪਣੀ ਸਮਰੱਥਾ ਨੂੰ ਦਰਸਾ ਚੁੱਕਾ ਹੈ। ਉਸ ਦੀ ਟੀਮ ਪਹਿਲੀ ਵਾਰ ਆਈ. ਐੱਸ. ਐੱਲ. 'ਚ ਖੇਡ ਰਹੀ ਹੈ।
1997 ਤੋਂ 2006 ਤਕ ਐੱਫ. ਸੀ. ਬਾਰਸੀਲੋਨਾ ਦੀ ਯੂਥ ਟੀਮ ਦੇ ਕੋਚ ਰਹੇ ਲੋਬੇਰਾ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰੀ ਟੀਮ ਗੇਂਦ ਆਪਣੇ ਕੋਲ ਰੱਖੇ ਤੇ ਜਦੋਂ ਖੋਹੀ ਜਾਵੇ ਤਾਂ ਉਸ ਨੂੰ ਦੁਬਾਰਾ ਹਾਸਲ ਕਰ ਲਵੇ। ਮੈਂ ਜਲਦੀ-ਜਲਦੀ ਪਾਸ ਚਾਹੁੰਦਾ ਹਾਂ ਤੇ ਖਿਡਾਰੀਆਂ ਵਿਚ ਨਵਾਂਪਣ ਦੇਖਣਾ ਚਾਹੁੰਦਾ ਹਾਂ। ਮੇਰਾ ਇਹ ਮੰਨਣਾ ਹੈ ਕਿ ਤੁਹਾਡੇ ਕੋਲ ਗੇਂਦ ਜਿੰਨਾ ਸਮਾਂ ਜ਼ਿਆਦਾ ਰਹੇਗੀ, ਤੁਹਾਨੂੰ ਓਨਾ ਹੀ ਘੱਟ ਦੌੜਨਾ ਪਵੇਗਾ। ਮੈਂ ਬਾਰਸੀਲੋਨਾ ਦੀ ਸ਼ੈਲੀ ਵਿਚ ਘੁਲਿਆ-ਮਿਲਿਆ ਹਾਂ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੇਰੀ ਟੀਮ ਕਿਸ ਤਰ੍ਹਾਂ ਖੇਡਣ ਦੀ ਕੋਸ਼ਿਸ਼ ਕਰੇਗੀ।
ਪੁਣੇ ਸਿਟੀ ਦੇ ਸਰਬੀਆਈ ਕੋਚ ਪੇਪੋਵਿਕ ਨੇ ਕਿਹਾ ਕਿ ਫੁੱਟਬਾਲ ਦਾ ਟੀਚਾ ਮਨੋਰੰਜਨ ਹੋਣਾ ਚਾਹੀਦਾ ਹੈ। ਇਹ ਖੁਸ਼ੀ-ਖੁਸ਼ੀ ਖੇਡਿਆ ਜਾਣਾ ਚਾਹੀਦਾ ਹੈ। ਇਹ ਖਿੱਚ ਦਾ ਕੇਂਦਰ ਹੋਣਾ ਚਾਹੀਦਾ ਹੈ। ਨਿਸ਼ਚਿਤ ਤੌਰ 'ਤੇ ਤੁਹਾਨੂੰ ਨਤੀਜੇ ਲਈ ਕੋਸ਼ਿਸ਼ ਕਰਨੀ ਪਵੇਗੀ। ਅਜਿਹੀ ਸਥਿਤੀ 'ਚ ਮੇਰੀ ਟੀਮ ਹਾਲਾਤ ਦੇ ਹਿਸਾਬ ਨਾਲ ਆਖਰੀ ਪਲ ਤਕ ਲੜਨ ਲਈ ਤਿਆਰ ਹੈ। ਮੈਂ ਆਪਣੀ ਟੀਮ ਦੇ ਮੈਚ-ਦਰ-ਮੈਚ ਧਿਆਨ ਲਾਉਣ ਦੇ ਪੱਖ 'ਚ ਹਾਂ। ਨਤੀਜਾ ਉਦੋਂ ਹੀ ਆਵੇਗਾ, ਜਦੋਂ ਤੁਸੀਂ ਆਪਣੀ ਰਣਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਸਕੋਗੇ। ਪਿਛਲੇ ਸਾਲ ਗੋਲਡਨ ਬਾਲ ਜੇਤੂ ਮਾਰਸਲੋ ਲੀਤੇ ਪਰੇਰਾ ਨੇ ਵੀ ਇਸ ਵਿਚਾਰ 'ਤੇ ਆਪਣੇ ਕੋਚ ਦਾ ਪੂਰਾ ਸਾਥ ਦਿੱਤਾ। ਪਰੇਰਾ ਬੀਤੇ ਸਾਲ ਦਿੱਲੀ ਲਈ ਖੇਡਿਆ ਸੀ ਤੇ 15 ਮੈਚਾਂ 'ਚ 10 ਗੋਲ ਕੀਤੇ ਸਨ। ਪੰਜ ਗੋਲਾਂ 'ਚ ਉਸ ਦਾ ਹੱਥ ਵੀ ਸੀ ਪਰ ਉਹ ਇਸ ਸਾਲ ਪੁਣੇ ਸਿਟੀ ਲਈ ਖੇਡ ਰਿਹਾ ਹੈ। ਪਰੇਰਾ ਨੇ ਕਿਹਾ, ''ਅਸੀਂ ਵੱਧ ਤੋਂ ਵੱਧ ਹਾਂ-ਪੱਖੀ ਹੋ ਕੇ ਖੇਡਣਾ ਚਾਹੀਦਾ ਹੈ।''
ਦੂਜੇ ਪਾਸੇ ਚੇਨਈਅਨ ਐੱਫ. ਸੀ. ਦੇ ਵਿਚਾਰਾਂ ਵਿਚ ਵੀ ਇਕ ਤਰ੍ਹਾਂ ਦਾ ਬਦਲਾਅ ਦਿਸਿਆ । ਤਿੰਨ ਸਾਲ ਤਕ ਵਿਸ਼ਵ ਕੱਪ ਜੇਤੂ ਮਾਰਕੋ ਮਤੇਰਾਜੀ ਦੀ ਦੇਖ-ਰੇਖ 'ਚ ਖੇਡਣ ਤੋਂ ਬਾਅਦ ਇਹ ਕਲੱਬ ਵੀ ਬਦਲਾਅ ਦੀ ਵੱਲ ਦੇਖ ਰਿਹਾ ਹੈ ਤੇ ਨਵੇਂ ਮੈਨੇਜਰ ਗ੍ਰੇਗਰੀ ਨੇ ਕਿਹਾ ਕਿ ਉਹ ਮਤੇਰਾਜੀ ਦੇ ਕਦਮਾਂ 'ਤੇ ਚੱਲਣਾ ਚਾਹੁੰਦਾ ਹੈ ਪਰ ਉਹ ਇਹ ਵੀ ਸਾਬਤ ਕਰਨਾ ਚਾਹੁੰਦਾ ਹੈ ਕਿ ਇੰਗਲਿਸ਼ ਮੈਨੇਜਰ ਰਵਾਇਤੀ ਇੰਗਲਿਸ਼ ਤਰੀਕੇ ਨਾਲ ਨਹੀਂ ਵੀ ਖੇਡ ਸਕਦਾ ਹੈ।
ਇੰਗਲੈਂਡ ਲਈ ਖੇਡ ਚੁੱਕੇ ਤੇ 10 ਕਲੱਬਾਂ ਨੂੰ ਟ੍ਰੇਨਿੰਗ ਦੇ ਚੁੱਕੇ ਗ੍ਰੇਗਰੀ ਨੇ ਕਿਹਾ ਕਿ ਅੰਗਰੇਜ਼ ਮੈਨੇਜਰਾਂ ਲਈ ਇਕ ਆਮ ਧਾਰਨਾ ਇਹ ਹੈ ਕਿ ਉਹ ਲੌਂਗ ਬਾਲ ਦੇਖਦੇ ਹਨ ਪਰ ਮੈਂ ਚਾਹੁੰਦਾ ਹਾਂ ਕਿ ਮੇਰੀ ਟੀਮ ਸ਼ੁੱਧ ਫੁੱਟਬਾਲ ਖੇਡੇ। ਅਸੀਂ ਬਾਲ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ ਤੇ ਸਟਾਈਲ ਵਿਚ ਖੇਡਣਾ ਚਾਹੁੰਦੇ ਹਾਂ। ਸਾਡੇ ਕੋਲ ਅਜਿਹਾ ਕਰਨ ਦੀ ਕਾਬਲੀਅਤ ਰੱਖਣ ਵਾਲੇ ਖਿਡਾਰੀ ਹਨ ਤੇ ਸਾਡਾ ਕਲੱਬ ਖਿਡਾਰੀਆਂ ਨੂੰ ਖਾਕ ਤੋਂ ਚੁੱਕ ਕੇ ਸਟਾਰ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਲਿਹਾਜ਼ ਨਾਲ ਇਸ ਸੈਸ਼ਨ ਵਿਚ ਅਸੀਂ ਕੁਝ ਹੈਰਾਨ ਕਰਨ ਵਾਲੇ ਕੰਮ ਕਰਨ ਜਾ ਰਹੇ ਹਾਂ।
ਅਮਰੀਕਨ ਸਿੰਗਰ ਤੇ ਰੈਪਰ ਕਿੰਗਸਟਨ ਨੇ ਸੇਰੇਨਾ ਵਿਲੀਅਮਸ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
NEXT STORY