ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2024 ਦਾ ਆਗਾਜ਼ ਹੋਣ ਹੀ ਵਾਲਾ ਹੈ ਤੇ ਟੀਮਾਂ ਜੀਅ-ਜਾਨ ਨਾਲ ਟਰਾੱਫੀ ਹਾਸਲ ਕਰਨ ਲਈ ਤਿਆਰੀਆਂ 'ਚ ਰੁੱਝੀਆਂ ਹੋਈਆਂ ਹਨ। ਇਸ ਵਾਰ 20 ਟੀਮਾਂ ਵਿਸ਼ਵ ਕੱਪ ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ ਹਨ। ਅਜਿਹੇ 'ਚ ਆਈ.ਸੀ.ਸੀ. ਨੇ ਟੀਮਾਂ ਨੂੰ 4 ਗਰੁੱਪਾਂ 'ਚ ਵੰਡ ਦਿੱਤਾ ਹੈ, ਜਿਨ੍ਹਾਂ ਅਨੁਸਾਰ ਭਾਰਤ ਤੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਇਕੋ ਗਰੁੱਪ 'ਚ ਰੱਖਿਆ ਗਿਆ ਹੈ। ਭਾਰਤ-ਪਾਕਿ ਤੋਂ ਇਲਾਵਾ ਇਸ ਗਰੁੱਪ 'ਚ ਆਇਰਲੈਂਡ, ਅਮਰੀਕਾ ਤੇ ਕੈਨੇਡਾ ਵੀ ਸ਼ਾਮਲ ਹਨ।

ਅਮਰੀਕਾ ਤੇ ਵੈਸਟਇੰਡੀਜ਼ 'ਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਦਾ ਆਗਾਜ਼ ਅਮਰੀਕਾ ਤੇ ਕੈਨੇਡਾ ਦੇ ਮੁਕਾਬਲੇ ਨਾਲ ਹੋਵੇਗਾ, ਜੋ ਕਿ 2 ਜੂਨ ਨੂੰ ਖੇਡਿਆ ਜਾਵੇਗਾ, ਜਦਕਿ ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ 5 ਜੂਨ ਨੂੰ ਆਇਰਲੈਂਡ ਖ਼ਿਲਾਫ਼ ਮੁਕਾਬਲਾ ਖੇਡ ਕੇ ਕਰੇਗਾ। ਇਹ ਮੁਕਾਬਲਾ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਖੇਡਿਆ ਜਾਵੇਗਾ।
ਇਸ ਤੋਂ ਬਾਅਦ ਟੂਰਨਾਮੈਂਟ ਦਾ ਮਹਾਮੁਕਾਬਲਾ, ਜਿਸ ਦੀ ਉਡੀਕ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਕਰਦੇ ਹਨ, 9 ਜੂਨ ਨੂੰ ਇਸੇ ਗਰਾਉਂਡ 'ਤੇ ਖੇਡਿਆ ਜਾਵੇਗਾ, ਜਦੋਂ ਪੁਰਾਣੇ ਵਿਰੋਧੀ ਭਾਰਤ ਤੇ ਪਾਕਿਸਤਾਨ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਸ ਮੈਚ ਦਾ ਕ੍ਰਿਕਟ ਪ੍ਰਸ਼ੰਸਕਾਂ 'ਚ ਇੰਨਾ ਜ਼ਿਆਦਾ ਕ੍ਰੇਜ਼ ਹੈ ਕਿ ਉਹ ਮਹਿੰਗੇ ਰੇਟ 'ਤੇ ਵੀ ਟਿਕਟਾਂ ਖਰੀਦਣ ਲਈ ਤਿਆਰ ਹਨ।

ਇਸ ਤੋਂ ਬਾਅਦ ਭਾਰਤ 12 ਜੂਨ ਨੂੰ ਅਮਰੀਕਾ ਖ਼ਿਲਾਫ਼ ਆਪਣਾ ਅਗਲਾ ਮੁਕਾਬਲਾ ਖੇਡੇਗਾ ਤੇ ਉਸ ਤੋਂ ਬਾਅਦ 15 ਜੂਨ ਨੂੰ ਕੈਨੇਡਾ ਨੂੰ ਟੱਕਰ ਦੇਵੇਗਾ। ਭਾਰਤ ਦੇ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਕਰਵਾਏ ਜਾਣਗੇ।

ਭਾਰਤੀ ਟੀਮ ਸਾਲ 2023 'ਚ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਮਿਲੀ ਹਾਰ ਨੂੰ ਭੁਲਾ ਕੇ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਦੇ ਇਰਾਦੇ ਨਾਲ ਟੂਰਨਾਮੈਂਟ 'ਚ ਉਤਰੇਗੀ। 19 ਨਵੰਬਰ 2023 ਨੂੰ ਗੁਜਰਾਤ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਦੁਨੀਆ ਭਰ 'ਚ ਰਹਿੰਦੇ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਦਿਲ ਟੁੱਟ ਗਏ ਸਨ। ਪਰ ਇਸ ਵਾਰ ਰੋਹਿਤ ਐਂਡ ਕੰਪਨੀ ਉਸ ਗ਼ਮ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰਨ ਤੇ ਚੈਂਪੀਅਨ ਬਣਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ।
ਟੀ-20 ਵਿਸ਼ਵ ਕੱਪ 2024 ਲਈ 15 ਮੈਂਬਰੀ ਭਾਰਤੀ ਟੀਮ- ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ
ਰਿਜ਼ਰਵ ਖਿਡਾਰੀ- ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IPL 2024 : 'ਕਰੋ ਜਾਂ ਮਰੋ' ਮੁਕਾਬਲੇ 'ਚ ਚਮਕੀ RCB, ਚੇਨਈ ਨੂੰ ਹਰਾ ਕੇ ਹਾਸਲ ਕੀਤੀ ਪਲੇਆਫ਼ ਦੀ ਟਿਕਟ
NEXT STORY