ਐਡੀਲੇਡ : ਆਸਟ੍ਰੇਲੀਆ ਨੇ ਬਲੈਕ ਗੋਵਰਜ਼ ਦੀ ਹੈਟ੍ਰਿਕ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਪੰਜ ਮੈਚਾਂ ਦੀ ਹਾਕੀ ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੂੰ 7-4 ਨਾਲ ਹਰਾ ਦਿੱਤਾ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਤੀਜੇ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਭਾਰਤੀਆਂ ਦੀ ਖੁਸ਼ੀ ਥੋੜ੍ਹੇ ਸਮੇਂ ਲਈ ਰਹੀ ਕਿਉਂਕਿ ਗੋਵਰਸ ਅਤੇ ਜੈਕ ਵੇਲਚ ਨੇ ਆਸਟਰੇਲੀਆਈ ਟੀਮ ਲਈ ਲਗਾਤਾਰ ਗੋਲ ਕਰਨੇ ਸ਼ੁਰੂ ਕਰ ਦਿੱਤੇ।
ਗੋਵਰਸ ਨੇ ਸ਼ਨੀਵਾਰ ਨੂੰ ਪਹਿਲੇ ਮੈਚ 'ਚ ਆਸਟਰੇਲੀਆ ਦੀ 5-4 ਨਾਲ ਜਿੱਤ 'ਚ ਜੇਤੂ ਗੋਲ ਕੀਤਾ ਅਤੇ ਇਕ ਵਾਰ ਫਿਰ ਤੋਂ ਉਨ੍ਹਾਂ ਨੇ ਭਾਰਤੀਆਂ ਨੂੰ ਨਿਰਾਸ਼ ਕੀਤਾ। ਉਸ ਨੇ 12ਵੇਂ, 27ਵੇਂ ਅਤੇ 53ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਵੇਲਚ ਨੇ 17ਵੇਂ ਅਤੇ 24ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤੀਆਂ ਨੂੰ ਮਾਤ ਦਿੱਤੀ। ਆਸਟ੍ਰੇਲੀਆ ਲਈ ਜੈਕ ਵੇਟਨ (48ਵਾਂ) ਅਤੇ ਜੈਕਬ ਐਂਡਰਸਨ (49ਵਾਂ) ਗੋਲ ਕਰਨ ਵਾਲੇ ਹੋਰ ਖਿਡਾਰੀ ਰਹੇ।
ਭਾਰਤ ਖਿਲਾਫ ਆਸਟ੍ਰੇਲੀਆ ਦੀ ਇਹ ਲਗਾਤਾਰ 12ਵੀਂ ਜਿੱਤ ਹੈ। ਭਾਰਤ ਵੱਲੋਂ ਹਾਰਦਿਕ ਸਿੰਘ (25ਵੇਂ) ਅਤੇ ਮੁਹੰਮਦ ਰਾਹੀਲ (ਪੈਨਲਟੀ 36ਵੇਂ) ਨੇ ਦੋ ਹੋਰ ਗੋਲ ਕੀਤੇ, ਜਦਕਿ ਹਰਮਨਪ੍ਰੀਤ ਨੇ ਮੈਚ ਦੇ ਆਖਰੀ ਮਿੰਟ (60ਵੇਂ) ਵਿੱਚ ਆਪਣਾ ਦੂਜਾ ਗੋਲ ਕਰਕੇ ਹਾਰ ਦਾ ਫਰਕ ਘੱਟ ਕਰ ਦਿੱਤਾ। ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।
FIFA 2022 : ਲਿਓਨਿਲ ਮੇਸੀ ਨੂੰ ਦੇਖਣ ਪੁੱਜੇ 28 ਸਾਲ 'ਚ ਸਭ ਤੋਂ ਜ਼ਿਆਦਾ ਦਰਸ਼ਕ
NEXT STORY