ਸ਼ਾਰਜਾਹ- ਅਫਗਾਨਿਸਤਾਨ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਇਕ ਦਿਨਾਂ ਕ੍ਰਿਕਟ ਸੀਰੀਜ਼ ਵਿੱਚ ਹਰਾ ਦਿੱਤਾ, ਜਦੋਂ ਕਿ ਇੱਕ ਮੈਚ ਖੇਡਿਆ ਜਾਣਾ ਅਜੇ ਬਾਕੀ ਹੈ। ਅਫਗਾਨਿਸਤਾਨ ਨੇ ਦੂਜੇ ਵਨਡੇ ਵਿੱਚ 177 ਦੌੜਾਂ ਨਾਲ ਜਿੱਤ ਦਰਜ ਕੀਤੀ, ਜੋ ਦੌੜਾਂ ਦੇ ਹਿਸਾਬ ਨਾਲ ਵਨਡੇ ਕ੍ਰਿਕਟ ਵਿੱਚ ਉਸਦੀ ਸਭ ਤੋਂ ਵੱਡੀ ਜਿੱਤ ਹੈ।
ਰਹਿਮਾਨੁੱਲਾ ਗੁਰਬਾਜ਼ ਨੇ 105 ਦੌੜਾਂ ਬਣਾਈਆਂ ਅਤੇ ਸੱਤ ਵਨਡੇ ਸੈਂਕੜੇ ਬਣਾਉਣ ਵਾਲੇ ਉਹ ਪਹਿਲੇ ਅਫਗਾਨ ਬੱਲੇਬਾਜ਼ ਬਣੇ। ਅਫਗਾਨਿਸਤਾਨ ਨੇ ਚਾਰ ਵਿਕਟਾਂ 'ਤੇ 311 ਦੌੜਾਂ ਬਣਾਈਆਂ ਪਰ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਸ਼ੁੱਕਰਵਾਰ ਨੂੰ 35 ਓਵਰਾਂ ਵਿੱਚ ਸਿਰਫ 134 ਦੌੜਾਂ 'ਤੇ ਆਊਟ ਹੋ ਗਈ।
ਲੈੱਗ ਸਪਿਨਰ ਰਾਸ਼ਿਦ ਖਾਨ ਨੇ ਆਪਣਾ 26ਵਾਂ ਜਨਮਦਿਨ 19 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕਰਕੇ ਮਨਾਇਆ। ਉਹ ਬੱਲੇਬਾਜ਼ੀ ਦੌਰਾਨ ਜ਼ਖ਼ਮੀ ਵੀ ਹੋ ਗਏ ਸਨ। ਖੱਬੇ ਹੱਥ ਦੇ ਸਪਿਨਰ ਨਾਂਗੇਯਾਲੀਆ ਖਰੋਟੇ ਨੇ ਚਾਰ ਵਿਕਟਾਂ ਲਈਆਂ।
ਤੀਜਾ ਅਤੇ ਆਖ਼ਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਰਾਸ਼ਿਦ ਨੇ ਜਿੱਤ ਤੋਂ ਬਾਅਦ ਕਿਹਾ, "ਮੈਨੂੰ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ, ਪਰ ਮੈਂ ਮੈਦਾਨ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ। ਵੱਡੀ ਟੀਮ ਦੇ ਖਿਲਾਫ਼ ਜਿੱਤਣ ਦਾ ਸੁਨਹਿਰਾ ਮੌਕਾ ਸੀ। ਦੱਖਣੀ ਅਫਰੀਕਾ ਵਰਗੀ ਟੀਮ ਨੂੰ ਹਰਾਉਣਾ ਬਹੁਤ ਵੱਡੀ ਗੱਲ ਹੈ।"
ਗੁਰਬਾਜ਼ ਅਤੇ ਰਹਿਮਤ ਸ਼ਾਹ ਨੇ ਦੂਜੀ ਵਿਕਟ ਲਈ 101 ਦੌੜਾਂ ਜੋੜੀਆਂ ਜਿਸ ਨਾਲ ਅਫਗਾਨਿਸਤਾਨ ਨੇ ਦੱਖਣੀ ਅਫਰੀਕਾ ਦੇ ਖਿਲਾਫ ਪਹਿਲੀ ਵਾਰ 300 ਪਾਰ ਦਾ ਸਕੋਰ ਬਣਾਇਆ। ਗੁਰਬਾਜ਼ 110 ਗੇਂਦਾਂ ਵਿੱਚ 10 ਚੌਕਿਆਂ ਅਤੇ 3 ਛੱਕਿਆਂ ਨਾਲ 105 ਦੌੜਾਂ ਬਣਾ ਕੇ ਆਊਟ ਹੋਏ। ਉਥੇ ਹੀ ਉਮਰਜ਼ਈ ਨੇ 50 ਗੇਂਦਾਂ ਵਿੱਚ 86 ਅਤੇ ਸ਼ਾਹ ਨੇ 66 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਤੇਂਬਾ ਬਾਵੁਮਾ ਨੇ 38 ਦੌੜਾਂ ਬਣਾਈਆਂ, ਪਰ ਕੋਈ ਹੋਰ ਬੱਲੇਬਾਜ਼ ਟਿਕ ਨਹੀਂ ਸਕਿਆ। ਦੱਖਣੀ ਅਫਰੀਕਾ ਨੇ 7 ਵਿਕਟਾਂ 39 ਦੌੜਾਂ ਦੇ ਅੰਦਰ ਗੁਆ ਦਿੱਤੀਆਂ।
ਸ਼ਤਰੰਜ ਓਲੰਪਿਆਡ : ਵੰਤਿਕਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਅਮਰੀਕਾ ਨਾਲ ਡਰਾਅ ਖੇਡਿਆ
NEXT STORY