ਬਠਿੰਡਾ (ਵਿਜੈ ਵਰਮਾ) : ਸ਼ਹਿਰ ਦੇ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਅਤੇ ਭਾਜਪਾ ਆਗੂ ਤਰਸੇਮ ਗਰਗ ਦੇ ਕਲੀਨਿਕ ’ਤੇ ਤਿੰਨ ਦਿਨ ਪਹਿਲਾਂ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਨੇ ਹੁਣ ਰਾਸ਼ਟਰੀ ਪੱਧਰ ’ਤੇ ਗੰਭੀਰ ਰੂਪ ਧਾਰ ਲਿਆ ਹੈ। ਬੁੱਧਵਾਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਚੰਡੀਗੜ੍ਹ ਤੋਂ ਬਠਿੰਡਾ ਪੁੱਜੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਐੱਨਆਈਏ ਦੇ ਇੱਕ ਡੀਐੱਸਪੀ ਦੀ ਅਗਵਾਈ ਹੇਠ ਪੁੱਜੀ ਟੀਮ ਨੇ ਭਾਜਪਾ ਆਗੂ ਤਰਸੇਮ ਗਰਗ ਨਾਲ ਲੰਬੇ ਸਮੇਂ ਤੱਕ ਪੁੱਛਗਿੱਛ ਕਰਕੇ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।
ਸੂਤਰਾਂ ਅਨੁਸਾਰ ਟੀਮ ਨੇ ਹਮਲੇ ਦੇ ਪਿੱਛੇ ਦੀ ਸੰਭਾਵਿਤ ਸਾਜ਼ਿਸ਼, ਧਮਕੀਆਂ, ਰਾਜਨੀਤਿਕ ਪੱਖ ਅਤੇ ਹੋਰ ਕਈ ਅਹਿਮ ਪਹਿਲੂਆਂ ’ਤੇ ਜਾਣਕਾਰੀ ਇਕੱਠੀ ਕੀਤੀ। ਜਾਂਚ ਦੌਰਾਨ ਨਗਰ ਨਿਗਮ ਚੋਣਾਂ ਨਾਲ ਜੁੜੇ ਸੰਭਾਵਿਤ ਕੋਣਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ। ਹਾਸਲ ਕੀਤੀ ਗਈ ਜਾਣਕਾਰੀ ਐੱਨਆਈਏ ਦੇ ਉੱਚ ਅਧਿਕਾਰੀਆਂ ਨਾਲ ਵੀ ਸਾਂਝੀ ਕੀਤੀ ਗਈ ਹੈ।
ਭਾਜਪਾ ਆਗੂ ਤਰਸੇਮ ਗਰਗ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐੱਨਆਈਏ ਦੇ ਇੱਕ ਡੀਐੱਸਪੀ ਅਤੇ ਦੋ ਇੰਸਪੈਕਟਰਾਂ ਸਮੇਤ ਇੱਕ ਟੀਮ ਉਨ੍ਹਾਂ ਕੋਲ ਪੁੱਜੀ ਸੀ। ਟੀਮ ਨੇ ਹਮਲੇ ਨਾਲ ਸਬੰਧਿਤ ਪੂਰਾ ਘਟਨਾਕ੍ਰਮ ਜਾਣਿਆ ਅਤੇ ਕਈ ਮਹੱਤਵਪੂਰਨ ਸਵਾਲ ਕੀਤੇ। ਗਰਗ ਨੇ ਕਿਹਾ ਕਿ ਘਟਨਾ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਪੱਕੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਅਤੇ ਸਿਰਫ਼ ਪੀਸੀਆਰ ਦੀ ਗਸ਼ਤ ਹੀ ਇਲਾਕੇ ਵਿਚ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਮਲੇ ਵਾਲੀ ਰਾਤ ਉਨ੍ਹਾਂ ਦੀ ਪਤਨੀ ਦੇ ਮੋਬਾਈਲ ’ਤੇ ਸ਼ਹਜ਼ਾਦ ਭੱਟੀ ਨਾਮ ਦੇ ਇੱਕ ਵਿਅਕਤੀ ਦਾ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਕਥਿਤ ਤੌਰ ’ਤੇ ਧਮਕੀ ਦਿੰਦਿਆਂ ਕਿਹਾ, “ਹਾਲੇ ਤਾਂ ਇਹ ਟ੍ਰੇਲਰ ਹੈ, ਅੱਗੇ ਵੇਖਣਾ ਕੀ ਹੁੰਦਾ ਹੈ।” ਗਰਗ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਸ਼ਹਜ਼ਾਦ ਭੱਟੀ ਕੌਣ ਹੈ ਅਤੇ ਨਾ ਹੀ ਉਨ੍ਹਾਂ ਦਾ ਉਸ ਨਾਲ ਕੋਈ ਜਾਣ-ਪਛਾਣ ਹੈ।

ਬਠਿੰਡਾ ਪੁਲਸ ਜਲਦ ਕਰ ਸਕਦੀ ਹੈ ਵੱਡਾ ਖੁਲਾਸਾ
ਦੂਜੇ ਪਾਸੇ ਪੁਲਸ ਸੂਤਰਾਂ ਮੁਤਾਬਕ ਬਠਿੰਡਾ ਪੁਲਸ ਨੇ ਇਸ ਮਾਮਲੇ ਵਿੱਚ ਅਹਿਮ ਸੁਰਾਗ ਹਾਸਲ ਕਰ ਲਏ ਹਨ ਅਤੇ ਜਾਂਚ ਕਾਫ਼ੀ ਅੱਗੇ ਵੱਧ ਚੁੱਕੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਪੁਲਸ ਨੇ ਹਮਲੇ ਨਾਲ ਜੁੜੇ ਕੁਝ ਮਹੱਤਵਪੂਰਨ ਤੱਥ ਟਰੇਸ ਕਰ ਲਏ ਹਨ ਅਤੇ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਭਾਜਪਾ ਆਗੂ ਦੇ ਕਲੀਨਿਕ ’ਤੇ ਹੋਏ ਪੈਟਰੋਲ ਬੰਬ ਹਮਲੇ ਨੇ ਪੂਰੇ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ ਸੀ। ਹੁਣ ਐੱਨਆਈਏ ਦੀ ਐਂਟਰੀ ਨਾਲ ਇਹ ਮਾਮਲਾ ਹੋਰ ਵੀ ਸੰਵੇਦਨਸ਼ੀਲ ਅਤੇ ਚਰਚਾ ਦਾ ਕੇਂਦਰ ਬਣ ਗਿਆ ਹੈ। ਸਿਆਸੀ ਹਲਕਿਆਂ ਅਤੇ ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ਇਸ ਜਾਂਚ ਦੇ ਅਗਲੇ ਪੜਾਅ ’ਤੇ ਟਿਕੀਆਂ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐਲੀਵੇਟਰ ਦੀ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਏ ਤਿੰਨ ਮਜ਼ਦੂਰ, ਇਕ ਦੀ ਮੌਤ
NEXT STORY