ਨਵੀਂ ਦਿੱਲੀ- ਹਾਰਦਿਕ ਪੰਡਯਾ ਤੇ ਮੁੰਬਈ ਇੰਡੀਅਨਜ਼ ਵੱਖ ਹੋਣ ਦੀ ਤਿਆਰੀ ’ਚ ਹਨ ਅਤੇ ਆਈ. ਪੀ. ਐੱਲ. ਦੀ 5 ਵਾਰ ਦੀ ਚੈਂਪੀਅਨ ਟੀਮ ਨੂੰ ਸੰਭਾਵਿਤ ਟ੍ਰੇਡ (ਖਿਡਾਰੀ ਦਾ ਇਕ ਟੀਮ ਛੱਡ ਕੇ ਦੂਜੀ ਨਾਲ ਜੁੜਨਾ) ਦੇ ਲਈ ਘੱਟੋ-ਘੱਟ 2 ਪ੍ਰਸਤਾਵ ਮਿਲੇ ਹਨ ਜਿਹੜੇ ਸ਼ਾਹਰੁਖ ਖਾਨ ਦੀ ਸਾਂਝੀ ਮਾਲਕੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵੱਲੋਂ ਆਏ ਹਨ।
ਆਈ. ਪੀ. ਐੱਲ. ਨਾਲ ਜੁੜੇ ਇਕ ਸੂਤਰ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਨਾਈਟ ਰਾਈਡਰਜ਼ ਦੀ ਮੈਨੇਜਮੈਂਟ ਅਤੇ ਮੁੰਬਈ ਇੰਡੀਅਨਜ਼ ਦੇ ਮਾਲਕਾਂ ਵਿਚਾਲੇ ਖਿਡਾਰੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਕਈ ਵਾਰ ਗੱਲਬਾਤ ਹੋਈ ਹੈ। ਮੁੰਬਈ ’ਚ ਪੰਡਯਾ ਦੀ ਵਾਪਸੀ ਉਤਾਰ-ਚੜ੍ਹਾਅ ਭਰੀ ਰਹੀ ਹੈ ਅਤੇ ਉਸ ਦੀ ਕਪਤਾਨੀ ’ਚ ਟੀਮ ਸਿਰਫ ਇਕ ਵਾਰ ਪਲੇਅ ਆਫ ’ਚ ਜਗ੍ਹਾ ਬਣਾ ਸਕੀ ਹੈ।
ਸੂਤਰ ਨੇ ਦੱਸਿਆ, ‘‘ਅਜਿੰਕਯਾ ਰਹਾਨੇ ਕੋਲਕਾਤਾ ਲਈ ਹਮੇਸ਼ਾ ਤੋਂ ਇਕ ਕੰਮਚਲਾਊ ਕਪਤਾਨ ਸੀ ਅਤੇ ਇਸ ਸੈਸ਼ਨ ਤੋਂ ਬਾਅਦ ਉਸ ਨੂੰ ਰਿਲੀਜ਼ ਕੀਤਾ ਜਾਣਾ ਤੈਅ ਸੀ। ਕੋਲਕਾਤਾ ਦੇ ਵੱਡੇ ਅਧਿਕਾਰੀਆਂ ਨੇ ਪਿਛਲੇ ਸੈਸ਼ਨ ਦੇ ਆਖਿਰ ’ਚ ਮੁੰਬਈ ਦੇ ਮਾਲਕਾਂ ਨਾਲ ਸੰਪਰਕ ਕੀਤਾ ਸੀ ਪਰ ਉਸ ਸਮੇਂ ਰਿਲਾਇੰਸ ਦੀ ਸਾਲਾਨਾ ਆਮ ਮੀਟਿੰਗ ਹੋਣ ਵਾਲੀ ਸੀ, ਇਸ ਲਈ ਉਸ ਸਮੇਂ ਆਈ. ਪੀ. ਐੱਲ. ਟ੍ਰੇਡ ਉਸ ਦੀ ਸਭ ਤੋਂ ਵੱਡੀ ਤਵੱਜੋ ਨਹੀਂ ਸੀ।’’
ਉਸ ਨੇ ਕਿਹਾ, ‘‘ਹਾਲਾਂਕਿ ਪਤਾ ਲੱਗਿਆ ਹੈ ਕਿ ਕੋਲਕਾਤਾ ਨੇ ਫਿਰ ਤੋਂ ਮੁੰਬਈ ਦੇ ਵੱਡੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਅਤੇ ਇਸ ਬਾਰੇ ਕੁਝ ਦੌਰ ਦੀ ਗੱਲਬਾਤ ਵੀ ਹੋਈ ਹੈ।’’
ਇਹ ਤੈਅ ਹੈ ਕਿ ਜੇਕਰ ਪੰਡਯਾ ਪੂਰੀ ਤਰ੍ਹਾਂ ਨਕਦ ਕਰਾਰ ਜਾਂ ਖਿਡਾਰੀ ਦੀ ਅਦਲਾ-ਬਦਲੀ ਦੇ ਜ਼ਰੀਏ ਕੋਲਕਾਤਾ ’ਚ ਜਾਂਦਾ ਹੈ ਤਾਂ ਉਸ ਨੂੰ ਕਪਤਾਨੀ ਮਿਲ ਸਕਦੀ ਹੈ ਕਿਉਂਕਿ ਇਸ ਸਮੇਂ ਰਿੰਕੂ ਸਿੰਘ ਸਹੀ ਬਦਲ ਨਹੀਂ ਲੱਗ ਰਿਹਾ। ਹਾਲਾਂਕਿ ਜਦੋਂ ਪੁੱਛਿਆ ਗਿਆ ਕਿ ਮੁੰਬਈ ਦੀ ਟੀਮ ਇਸ ਸਟਾਰ ਭਾਰਤੀ ਆਲਰਾਊਂਡਰ ਲਈ ਪੂਰੀ ਤਰ੍ਹਾਂ ਨਕਦ ਕਰਾਰ ਚਾਹੁੰਦੀ ਹੈ ਜਾਂ ਖਿਡਾਰੀ ਦੀ ਅਦਲਾ-ਬਦਲੀ ਤਾਂ ਸੂਤਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
FIFA WC 'ਚ ਰੋਨਾਲਡੋ ਨੇ ਰਚਿਆ ਇਤਿਹਾਸ,ਉਜ਼ਬੇਕਿਸਤਾਨ ਵਿਰੁੱਧ ਗੋਲ ਕਰ ਕੇ ਬਣਾਇਆ ਵਿਸ਼ਵ ਰਿਕਾਰਡ
NEXT STORY