ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਹਟਣ ਦਾ ਇਕਤਰਫ਼ਾ ਫ਼ੈਸਲਾ ਕਰਨ ਲਈ ਹਾਕੀ ਇੰਡੀਆ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਰਾਸ਼ਟਰੀ ਮਹਾਸੰਘ ਵੱਲੋਂ ਅਜਿਹਾ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਰਕਾਰ ਨਾਲ ਸਲਾਹ ਕਰਨਾ ਜ਼ਰੂਰੀ ਹੁੰਦਾ ਹੈ। ਠਾਕੁਰ ਨੇ ਕਿਹਾ ਕਿ ਦੇਸ਼ ਵਿਚ ਓਲੰਪਿਕ ਖੇਡਾਂ ਦਾ ਮੁੱਖ ਵਿੱਤੀ ਪੋਸ਼ਕ ਹੋਣ ਕਾਰਨ ਸਰਕਾਰ ਨੂੰ ਰਾਸ਼ਟਰੀ ਟੀਮ ਦੀ ਨੁਮਾਇੰਦਗੀ 'ਤੇ ਫ਼ੈਸਲਾ ਕਰਨ ਦਾ ਪੂਰਾ ਹੱਕ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਕਿਸੇ ਵੀ ਮਹਾਸੰਘ ਨੂੰ ਅਜਿਹਾ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਤੇ ਪਹਿਲਾਂ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਮਹਾਸੰਘ ਦੀ ਟੀਮ ਨਹੀਂ, ਰਾਸ਼ਟਰੀ ਟੀਮ ਹੈ।
ਇਸ 130 ਕਰੋੜ ਦੀ ਗਿਣਤੀ ਵਾਲੇ ਦੇਸ਼ ਵਿਚ ਸਿਰਫ਼ 18 ਖਿਡਾਰੀ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਇਸ ਨੂੰ ਸਰਕਾਰ ਤੇ ਸਬੰਧਤ ਵਿਭਾਗ ਨਾਲ ਗੱਲ ਕਰਨੀ ਚਾਹੀਦੀ ਹੈ। ਫ਼ੈਸਲਾ ਸਰਕਾਰ ਕਰੇਗੀ। ਹਾਕੀ ਇੰਡੀਆ ਨੇ ਕੋਵਿਡ-19 ਨਾਲ ਜੁੜੀਆਂ ਚਿੰਤਾਵਾਂ ਤੇ ਬ੍ਰਿਟੇਨ ਦੇ ਇਕਾਂਤਵਾਸ ਨਾਲ ਜੁੜੇ ਪੱਖਪਾਤੀ ਨਿਯਮਾਂ ਕਾਰਨ ਮੰਗਲਵਾਰ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਹਟਣ ਦਾ ਫ਼ੈਸਲਾ ਕੀਤਾ ਜਿਸ ਤੋਂ ਬਾਅਦ ਠਾਕੁਰ ਦਾ ਸਖ਼ਤ ਬਿਆਨ ਆਇਆ ਹੈ। ਹਾਕੀ ਇੰਡੀਆ ਨੇ ਇਸ ਦੇ ਨਾਲ ਹੀ ਕਿਹਾ ਸੀ ਕਿ ਬਰਮਿੰਘਮ ਖੇਡਾਂ (28 ਜੁਲਾਈ ਤੋਂ ਅੱਠ ਅਗਸਤ) ਤੇ ਹਾਂਗਜੋਊ ਏਸ਼ੀਆਈ ਖੇਡਾਂ (10 ਤੋਂ 25 ਸਤੰਬਰ) ਵਿਚਾਲੇ ਸਿਰਫ਼ 32 ਦਿਨ ਦਾ ਸਮਾਂ ਹੈ। ਏਸ਼ੀਆਈ ਖੇਡਾਂ ਵਿਚ ਗੋਲਡ ਮੈਡਲ ਜਿੱਤਣ 'ਤੇ ਟੀਮ 2024 ਵਿਚ ਹੋਣ ਵਾਲੇ ਪੈਰਿਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰ ਜਾਵੇਗੀ।
ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਹਾਕੀ ਯੋਗਤਾਵਾਂ ਦੀ ਕਮੀ ਨਹੀਂ ਹੈ ਤੇ ਉਨ੍ਹਾਂ ਨੇ ਕ੍ਰਿਕਟ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਪੇਸ਼ੇਵਰ ਖਿਡਾਰੀਆਂ ਲਈ ਲਗਾਤਾਰ ਦੋ ਟੂਰਨਾਮੈਂਟਾਂ ਵਿਚ ਖੇਡਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਏਸ਼ੀਆਈ ਖੇਡਾਂ ਨੂੰ ਤਰਜੀਹ ਦਿੱਤੀ ਜਾ ਰਹੀ ਤੇ ਮੈਂ ਇਸ ਸੰਦਰਭ ਵਿਚ ਨਹੀਂ ਜਾ ਰਿਹਾ ਹਾਂ। ਮੈਂ ਸਿਰਫ਼ ਇਹ ਕਹਿ ਰਿਹਾ ਹਾਂ ਕਿ ਭਾਰਤੀ ਟੀਮ ਕਿੱਥੇ ਖੇਡੇਗੀ ਇਹ ਸਿਰਫ਼ ਮਹਾਸੰਘ ਨਹੀਂ ਸਰਕਾਰ 'ਤੇ ਨਿਰਭਰ ਕਰਦਾ ਹੈ। ਠਾਕੁਰ ਨੇ ਕਿਹਾ ਕਿ ਇਸ ਸਾਲ ਦੇ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਚੋਣ ਕਮੇਟੀ ਦੀ ਮੀਟਿੰਗ ਅਗਲੇ 10 ਦਿਨ 'ਚ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਚੋਣ ਕਮੇਟੀ ਅਗਲੇ 10 ਦਿਨ 'ਚ ਪੁਰਸਕਾਰ ਦੇ ਜੇਤੂਆਂ 'ਤੇ ਫ਼ੈਸਲਾ ਕਰੇਗੀ। ਰਾਸ਼ਟਰਪਤੀ ਤੋਂ ਸਮਾਂ ਮਿਲਣ ਤੋਂ ਬਾਅਦ ਪੁਰਸਕਾਰ ਦਿੱਤੇ ਜਾਣਗੇ।
RCB v KKR : ਐਲਿਮੀਨੇਸ਼ਨ ਲਈ ਉਤਰਨਗੇ ਬੈਂਗਲੁਰੂ ਤੇ ਕੋਲਕਾਤਾ
NEXT STORY