ਨਵੀਂ ਦਿੱਲੀ : ਭਾਰਤੀ ਹਾਕੀ ਲਈ ਅੱਜ ਦਾ ਦਿਨ ਬੇਹੱਦ ਖਾਸ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਅਤੇ ਦਿੱਗਜ ਗੋਲਕੀਪਰ ਸਵਿਤਾ ਪੂਨੀਆ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਤੇ ਕੋਚ ਬਲਦੇਵ ਸਿੰਘ ਨੂੰ ਵੱਕਾਰੀ 'ਪਦਮ ਸ਼੍ਰੀ' ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਅਤੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਦੋਵਾਂ ਸ਼ਖਸੀਅਤਾਂ ਨੂੰ ਇਸ ਮਾਣਮੱਤੀ ਉਪਲਬਧੀ ਲਈ ਹਾਰਦਿਕ ਵਧਾਈ ਦਿੱਤੀ ਹੈ।
ਸਵਿਤਾ ਪੂਨੀਆ
ਗੋਲਪੋਸਟ ਦੀ ਅਜੇਤੂ ਦੀਵਾਰ ਸਵਿਤਾ ਪੂਨੀਆ ਨੇ 20 ਸਾਲ ਦੀ ਉਮਰ ਵਿੱਚ ਆਪਣਾ ਅੰਤਰਰਾਸ਼ਟਰੀ ਸਫ਼ਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਵਿਸ਼ਵ ਦੀਆਂ ਬਿਹਤਰੀਨ ਗੋਲਕੀਪਰਾਂ ਵਿੱਚੋਂ ਇੱਕ ਹੈ। ਸਾਲ 2025 ਵਿੱਚ, ਉਹ ਪੀ.ਆਰ. ਸ਼੍ਰੀਜੇਸ਼ ਤੋਂ ਬਾਅਦ 300 ਅੰਤਰਰਾਸ਼ਟਰੀ ਮੈਚ ਪੂਰੇ ਕਰਨ ਵਾਲੀ ਦੂਜੀ ਭਾਰਤੀ ਗੋਲਕੀਪਰ ਬਣ ਗਈ ਹੈ।
ਸਵਿਤਾ ਦੀਆਂ ਪ੍ਰਮੁੱਖ ਉਪਲਬਧੀਆਂ
ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ, ਐਫਆਈਐਚ (FIH) ਨੇਸ਼ਨਜ਼ ਕੱਪ ਦਾ ਖਿਤਾਬ ਅਤੇ 2023-24 ਵਿੱਚ ਲਗਾਤਾਰ ਏਸ਼ੀਆਈ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗਮੇ ਜਿੱਤੇ ਹਨ।
ਸਵਿਤਾ ਨੂੰ ਮਿਲੇ ਸਨਮਾਨ
ਸਵਿਤਾ ਨੂੰ ਲਗਾਤਾਰ ਤਿੰਨ ਸੀਜ਼ਨਾਂ (2020-21, 2021-22, 2022-23) ਲਈ 'FIH ਗੋਲਕੀਪਰ ਆਫ ਦਿ ਯੀਅਰ' ਚੁਣਿਆ ਗਿਆ ਸੀ ਅਤੇ ਉਹ ਦੋ ਵਾਰ 'ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਪਲੇਅਰ ਆਫ ਦਿ ਯੀਅਰ' ਵੀ ਰਹਿ ਚੁੱਕੀ ਹੈ।
ਬਲਦੇਵ ਸਿੰਘ ਦੀਆਂ ਉਪਲੱਬਧੀਆਂ
ਖੇਡ ਪ੍ਰਤੀ ਨਿਸ਼ਕਾਮ ਸੇਵਾ ਪਦਮ ਸ਼੍ਰੀ ਨਾਲ ਸਨਮਾਨਿਤ ਬਲਦੇਵ ਸਿੰਘ ਨੇ ਇੱਕ ਖਿਡਾਰੀ ਅਤੇ ਕੋਚ ਵਜੋਂ ਹਾਕੀ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੈ। ਉਨ੍ਹਾਂ ਨੇ 1976 ਦੇ ਮਾਂਟਰੀਅਲ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਤਿੰਨ ਵਿਸ਼ਵ ਕੱਪ ਖੇਡੇ, ਜਿਨ੍ਹਾਂ ਵਿੱਚ 1971 ਦਾ ਕਾਂਸੀ ਅਤੇ 1973 ਦਾ ਚਾਂਦੀ ਦਾ ਤਗਮਾ ਸ਼ਾਮਲ ਹੈ। ਉਨ੍ਹਾਂ ਨੇ 1970 ਅਤੇ 1974 ਦੀਆਂ ਏਸ਼ੀਆਈ ਖੇਡਾਂ ਵਿੱਚ ਵੀ ਚਾਂਦੀ ਦੇ ਤਗਮੇ ਜਿੱਤੇ ਸਨ। ਹਾਕੀ ਇੰਡੀਆ ਅਨੁਸਾਰ, ਉਨ੍ਹਾਂ ਦੇ ਅਨੁਸ਼ਾਸਨ ਅਤੇ ਦੂਰਦਰਸ਼ੀ ਕੋਚਿੰਗ ਦਾ ਲਾਭ ਭਾਰਤੀ ਹਾਕੀ ਦੀਆਂ ਕਈ ਪੀੜ੍ਹੀਆਂ ਨੂੰ ਮਿਲਿਆ ਹੈ।
ਟੀ20 ਵਿਸ਼ਵ ਕੱਪ ਲਈ ਚੰਗੀ ਤਿਆਰੀ ਕਰ ਰਿਹੈ ਭਾਰਤ : ਗਾਵਸਕਰ
NEXT STORY