ਹੈਦਰਾਬਾਦ– ਪਹਿਲੇ ਮੈਚ ਵਿਚ ਧਮਾਕੇਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਿੱਤ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਪੰਜਾਬ ਕਿੰਗਜ਼ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ ਮੈਚ ਵਿਚ ਦਮਦਾਰ ਵਾਪਸੀ ਕਰਨ ਲਈ ਬੇਤਾਬ ਹੋਵੇਗੀ। ਪਿਛਲੇ ਸਾਲ ਦੀ ਉਪ ਜੇਤੂ ਸਨਰਾਈਜ਼ਰਜ਼ ਨੇ ਰਾਜਸਥਾਨ ਰਾਇਲਜ਼ ਵਿਰੁੱਧ ਆਪਣੇ ਪਹਿਲੇ ਮੈਚ ਵਿਚ 286 ਦੌੜਾਂ ਬਣਾ ਕੇ 44 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਪਰ ਇਸ ਤੋਂ ਬਾਅਦ ਉਸਦੀ ਬੱਲੇਬਾਜ਼ੀ ਫਲਾਪ ਹੋ ਗਈ, ਜਿਸ ਦਾ ਅਸਰ ਨਤੀਜਿਆਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : IPL ਵਿਚਾਲੇ ਹੈਰਾਨੀਜਨਕ ਖ਼ਬਰ! 27 ਸਾਲਾ ਕ੍ਰਿਕਟਰ ਨੇ ਅਚਾਨਕ ਲੈ ਲਿਆ ਸੰਨਿਆਸ
ਹਮਲਾਵਰ ਅੰਦਾਜ਼ ਵਿਚ ਬੱਲੇਬਾਜ਼ੀ ਕਰਨ ਲਈ ਮਸ਼ਹੂਰ ਸਨਰਾਈਜ਼ਰਜ਼ ਦੀ ਟੀਮ ਪਿਛਲੇ ਤਿੰਨ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਉਸ ਨੇ ਇਨ੍ਹਾਂ ਮੈਚਾਂ ਵਿਚ 163, 120 ਤੇ 152 ਦੌੜਾਂ ਹੀ ਬਣਾਈਆਂ ਹਨ। ਬੱਲੇਬਾਜ਼ਾਂ ਦੀ ਅਸਫਲਤਾ ਕਾਰਨ ਉਸ ਨੂੰ ਇਨ੍ਹਾਂ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸਦੀ ਰਨ ਰੇਟ ਵੀ ਖਰਾਬ ਹੋ ਗਈ। ਸਨਰਾਈਜ਼ਰਜ਼ ਕੋਲ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਤੇ ਹੈਨਰਿਕ ਕਲਾਸੇਨ ਵਰਗੇ ਧਮਾਕੇਦਾਰ ਬੱਲੇਬਾਜ਼ ਹਨ ਪਰ ਪਿਛਲੇ ਕੁਝ ਮੈਚਾਂ ਵਿਚ ਜ਼ਿਆਦਾ ਹਮਲਾਵਰਤਾ ਕਾਰਨ ਉਨ੍ਹਾਂ ਨੂੰ ਆਪਣੀ ਵਿਕਟ ਗੁਆਉਣੀ ਪਈ। ਪਿਛਲੇ ਸਾਲ ਸਨਰਾਈਜ਼ਰਜ਼ ਦੀ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹੈੱਡ ਤੇ ਅਭਿਸ਼ੇਕ ਇਸ ਵਾਰ ਅਜੇ ਤੱਕ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ ਹਨ।
ਮੌਜੂਦਾ ਸੈਸ਼ਨ ਵਿਚ ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ 15 ਦੌੜਾਂ ਦੀ ਹੈ। ਹੈੱਡ ਦੇ ਪ੍ਰਦਰਸ਼ਨ ਵਿਚ ਹੈਰਾਨੀਜਨਕ ਰੂਪ ਨਾਲ ਗਿਰਾਵਟ ਆਈ ਹੈ। ਉਹ ਅਜੇ ਤੱਕ 5 ਪਾਰੀਆਂ ਵਿਚ 67, 47, 22, 04 ਤੇ 08 ਦੌੜਾਂ ਹੀ ਬਣਾ ਸਕਿਆ ਹੈ। ਅਭਿਸ਼ੇਕ ਦੀ ਬੱਲੇਬਾਜ਼ੀ ਵਿਚ ਵੀ ਨਿਰੰਤਰਤਾ ਦੀ ਘਾਟ ਹੈ। ਮੌਜੂਦਾ ਸੈਸ਼ਨ ਵਿਚ ਉਸ ਦਾ ਸਰਵੋਤਮ ਸਕੋਰ 24 ਦੌੜਾਂ ਹੈ। ਕਿਸ਼ਨ ਨੇ ਪਹਿਲੇ ਮੈਚ ਵਿਚ ਅਜੇਤੂ ਸੈਂਕੜਾ ਲਾਇਆ ਸੀ ਪਰ ਇਸ ਤੋਂ ਬਾਅਦ ਉਹ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕਿਆ। ਸਨਰਾਈਜ਼ਰਜ਼ ਦਾ ਮੱਧਕ੍ਰਮ ਦਾ ਮੁੱਖ ਬੱਲੇਬਾਜ਼ ਕਲਾਸੇਨ ਵੀ ਅਜੇ ਤੱਕ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਹੈ। ਸਨਰਾਈਜ਼ਰਜ਼ ਦੇ ਮੁੱਖ ਕੋਚ ਡੈਨੀਅਲ ਵਿਟੋਰੀ ਨੇ ਕਿਹਾ ਕਿ ਉਸਦੀ ਟੀਮ ਆਪਣੇ ਹਮਲਾਵਰ ਅੰਦਾਜ਼ ਨੂੰ ਨਹੀਂ ਛੱਡੇਗੀ।
ਇਹ ਵੀ ਪੜ੍ਹੋ : ਓਲੰਪਿਕ 'ਚ 128 ਸਾਲਾਂ ਬਾਅਦ ਕ੍ਰਿਕਟ ਦੀ ਵਾਪਸੀ, 2028 ਓਲੰਪਿਕ 'ਚ ਕੀਤਾ ਗਿਆ ਸ਼ਾਮਲ
ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੀ ਇਸ ਸ਼ੈਲੀ ਦੇ ਦਮ ’ਤੇ ਜਿੱਤ ਹਾਸਲ ਕੀਤੀ ਹੈ ਪਰ ਸਾਨੂੰ ਹਾਲਾਤ ਦਾ ਸਨਮਾਨ ਕਰਨਾ ਪਵੇਗਾ। ਸਾਨੂੰ ਹਾਲਾਤ ਦਾ ਚੰਗੀ ਤਰ੍ਹਾਂ ਨਾਲ ਮੁਲਾਂਕਣ ਕਰਨਾ ਪਵੇਗਾ ਜਿਵੇਂ ਕਿ ਅਸੀਂ ਅਜੇ ਤੱਕ ਨਹੀਂ ਕਰ ਸਕੇ।’’ਸਨਰਾਈਜ਼ਰਜ਼ ਲਈ ਬੱਲੇਬਾਜ਼ੀ ਨਹੀਂ ਗੇਂਦਬਾਜ਼ੀ ਵੀ ਚਿੰਤਾ ਦਾ ਵਿਸ਼ਾ ਹੈ। ਉਸਦੇ ਗੇਂਦਬਾਜ਼ਾਂ ਨੇ ਅਜੇ ਤੱਕ ਕਾਫੀ ਦੌੜਾਂ ਦਿੱਤੀਆਂ ਹਨ। ਕਪਤਾਨ ਪੈਟ ਕਮਿੰਸ, ਮੁਹੰਮਦ ਸ਼ੰਮੀ ਤੇ ਹਰਸ਼ਲ ਪਟੇਲ ਵਰਗੇ ਗੇਂਦਬਾਜ਼ ਅਜੇ ਤੱਕ ਪ੍ਰਭਾਵ ਨਹੀਂ ਛੱਡ ਸਕੇ ਹਨ। ਉਸਦੇ ਸਪਿੰਨ ਗੇਂਦਬਾਜ਼ਾਂ ਨੂੰ ਵਿਚਾਲੇ ਦੇ ਓਵਰਾਂ ਵਿਚ ਸੰਘਰਸ਼ ਕਰਨਾ ਪੈ ਰਿਹਾ ਹੈ।
ਇਸਦੇ ਉਲਟ ਪੰਜਾਬ ਕਿੰਗਜ਼ ਨੇ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿਚ ਅਜੇ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਭਾਰਤੀ ਬੱਲੇਬਾਜ਼ ਅੱਗੇ ਵੱਧ ਕੇ ਅਗਵਾਈ ਕਰ ਰਿਹਾ ਹੈ। ਉਸ ਨੂੰ ਪ੍ਰਿਆਂਸ਼ ਆਰੀਆ ਦੇ ਰੂਪ ਵਿਚ ਧਮਾਕੇਦਾਰ ਸਲਾਮੀ ਬੱਲੇਬਾਜ਼ ਮਿਲਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਪਿਛਲੇ ਮੈਚ ਵਿਚ ਸੈਂਕੜਾ ਲਾਇਆ ਸੀ। ਪੰਜਾਬ ਦੇ ਗੇਂਦਬਾਜ਼ੀ ਵਿਭਾਗ ਵਿਚ ਅਰਸ਼ਦੀਪ ਸਿੰਘ, ਲਾਕੀ ਫਰਗਿਊਸਨ, ਯੁਜਵੇਂਦਰ ਚਾਹਲ ਤੇ ਮਾਰਕੋ ਜਾਨਸੇਨ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਈ. ਪੀ. ਐੱਲ. ਦਾ ਪਹਿਲਾ ਅਨਕੈਪਡ ਕਪਤਾਨ ਬਣਿਆ ਧੋਨੀ
NEXT STORY