ਹੈਦਰਾਬਾਦ (ਨਿਕਲੇਸ਼ ਜੈਨ) – ਭਾਰਤੀ ਸ਼ਤਰੰਜ ਟੀਮ ਦੇ ਸ਼ਤਰੰਜ ਓਲੰਪਿਆਡ ਜਿੱਤਣ ਵਿਚ ਮਹਿਲਾ ਵਰਗ ਵਿਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਹਰਿਕਾ ਦ੍ਰੋਣਾਵਲੀ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਹਰਿਕਾ ਨੇ ਪੂਲ ਗੇੜ ਵਿਚ 3 ਜਿੱਤਾਂ, 3 ਡਰਾਅ ਦੇ ਨਾਲ 7 ਮੈਚਾਂ ਵਿਚ 4.5 ਅੰਕ ਬਣਾਏ ਤੇ ਟੀਮ ਨੂੰ ਪੂਲ ਵਿਚ ਚੋਟੀ ਦਾ ਸਥਾਨ ਹਾਸਲ ਕਰਨ ਵਿਚ ਮਦਦ ਕੀਤੀ ਪਰ ਉਸ ਤੋਂ ਬਾਅਦ ਕੁਆਰਟਰ ਫਾਈਨਲ ਵਿਚ ਅਰਮੀਨੀਆ ਵਿਰੁੱਧ ਜਿੱਤ ਤੇ ਸੈਮੀਫਾਈਨਲ ਵਿਚ ਪੋਲੈਂਡ ਵਿਰੁੱਧ ਜਿੱਤ ਨੇ ਉਸ ਨੂੰ ਟੀਮ ਨੂੰ ਫਾਈਨਲ ਵਿਚ ਪਹੁੰਚਣ ਵਿਚ ਮਦਦ ਕੀਤੀ। ਫਾਈਨਲ ਵਿਚ ਰੂਸ ਵਿਰੁੱਧ ਉਸ ਨੇ ਆਪਣੇ ਦੋਵੇਂ ਮੁਕਾਬਲੇ ਡਰਾਅ ਖੇਡੇ ਤੇ ਇਸ ਤਰ੍ਹਾਂ ਨਾਲ ਪੂਰੇ ਟੂਰਨਾਮੈਂਟ ਵਿਚ 12 ਮੈਚਾਂ ਵਿਚੋਂ 5 ਜਿੱਤਾਂ, 2 ਡਰਾਅ ਤੇ 1 ਹਾਰ ਨਾਲ 8 ਅੰਕ ਬਣਾਏ, ਜਿਸ ਨੂੰ ਬਿਹਤਰੀਨ ਪ੍ਰਦਰਸ਼ਨ ਕਿਹਾ ਜਾਵੇਗਾ।
ਹਰਿਕਾ ਨੇ ਜਗ ਬਾਣੀ ਨਾਲ ਕੀਤੀ ਖਾਸ ਗੱਲਬਾਤ
ਸਵਾਲ-ਕਿਵੇਂ ਲੱਗ ਰਿਹਾ ਹੈ ਭਾਰਤ ਲਈ ਓਲੰਪਿਆਡ ਸੋਨ ਤਮਗਾ ਜਿੱਤ ਕੇ?
ਜਵਾਬ- ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਭਾਰਤ ਲਈ ਤਮਗਾ ਜਿੱਤਿਆ ਹੈ। ਮੈਂ ਹਮੇਸ਼ਾ ਤੋਂ ਟੀਮ ਪ੍ਰਤੀਯੋਗਿਤਾ ਵਿਚ ਤਮਗਾ ਜਿੱਤਣਾ ਚਾਹੁੰਦੀ ਸੀ। ਮੇਰਾ ਪਹਿਲਾ ਟੀਮ ਓਲੰਪਿਆਡ ਮੈਂ 2004 ਵਿਚ ਖੇਡਿਆ ਸੀ ਤੇ ਤਦ ਤੋਂ ਮੈਂ ਤਮਗਾ ਚਾਹੁੰਦੀ ਸੀ ਪਰ ਅਸੀਂ ਹਮੇਸ਼ਾ ਚੌਥੇ ਤੋਂ 6ਵੇਂ ਸਥਾਨ ਤਕ ਹੀ ਹਾਸਲ ਕਰ ਸਕੇ ਸੀ ਤੇ ਇਹ ਬੇਹੱਦ ਖਾਸ ਉਪਲੱਬਧੀ ਹੈ ਤੇ ਉਮੀਦ ਹੈ ਕਿ ਇਹ ਇਕ ਸ਼ੁਰੂਆਤ ਹੈ।
ਸਵਾਲ- ਪੁਰਸ਼ਾਂ, ਮਹਿਲਾਵਾਂ ਤੇ ਜੁਨੀਅਰ ਖਿਡਾਰੀਆਂ ਦਾ ਟੀਮ ਵਿਚ ਇਕੱਠੇ ਖੇਡਣ ਦਾ ਤਜਰਬਾ ਕਿਹੋ ਜਿਹਾ ਰਿਹਾ?
ਜਵਾਬ- ਮੈਨੂੰ ਤਾਂ ਬਹੁਤ ਹੀ ਮਜ਼ਾ ਆਇਆ, ਖਾਸ ਤੌਰ 'ਤੇ ਜੂਨੀਅਰ ਖਿਡਾਰੀਆਂ ਨੇ ਟੀਮ ਵਿਚ ਇਕ ਨਵੀਂ ਊਰਜਾ ਦਾ ਸੰਚਾਰ ਕੀਤਾ ਤੇ ਤਜਰਬੇਕਾਰ ਖਿਡਾਰੀਆਂ ਦਾ ਤਜਰਬਾ ਕੰਮ ਆਇਆ ਤੇ ਇਕ ਬੇਹੱਦ ਖਾਸ ਤਜਰਬਾ ਸੀ ਕਿ ਅਸੀਂ ਸਾਰੇ ਮਿਲ ਕੇ ਦੇਸ਼ ਲਈ ਖੇਡ ਰਹੇ ਸੀ ਜਦਕਿ ਜ਼ਿਆਦਾਤਰ ਪੁਰਸ਼, ਮਹਿਲਾ ਤੇ ਜੂਨੀਅਰ ਟੀਮ ਵੱਖ-ਵੱਖ ਖੇਡਦੀ ਹੈ। ਹਾਲਾਂਕਿ ਮਹਿਲਾ ਪੁਰਸ਼ ਦੇ ਸਾਂਝੇ ਤੌਰ 'ਤੇ ਟੀਮ ਵਿਚ ਅਸੀਂ ਪਹਿਲਾਂ ਵੀ ਟੂਰਨਾਮੈਂਟ ਖੇਡੇ ਹਨ ਪਰ ਜੂਨੀਅਰ ਖਿਡਾਰਆਂ ਨਾਲ ਖੇਡਣਾ, ਇਹ ਪਹਿਲਾ ਤੇ ਵੱਖਰਾ ਤਜਰਬਾ ਸੀ।
ਸਵਾਲ- ਤੁਹਾਨੂੰ ਲੱਗਦਾ ਹੈ ਕਿ ਅੱਗੇ ਵੀ ਫਿਡੇ ਨੂੰ ਇਹ ਪ੍ਰਯੋਗ ਕਰਨਾ ਚਾਹੀਦਾ ਹੈ?
ਜਵਾਬ- ਹਾਂ, ਇਹ ਇਕ ਚੰਗਾ ਵਿਚਾਰ ਹੈ ਕਿ ਜੂਨੀਅਰ ਖਿਡਾਰੀਆਂ ਨੂੰ ਮੁੱਖ ਟੀਮ ਵਿਚ ਸ਼ਾਮਲ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦੇ ਲਈ ਵੱਖਰੇ ਤੌਰ 'ਤੇ ਇਕ ਓਲੰਪਿਆਡ ਕਰਨ ਦੀ ਬਜਾਏ ਜੇਕਰ ਇਕ ਮੈਂਬਰ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਜਾਵੇ ਤਾਂ ਇਹ ਬੇਹੱਦ ਰੋਮਾਂਚਕ ਹੋਵੇਗਾ ਤੇ ਉਹ ਸੀਨੀਅਰ ਖਿਡਾਰੀਆਂ ਦੇ ਤਜਰਬੇ ਤੋਂ ਸਿੱਖ ਸਕਦੇ ਹਨ।
ਸਵਾਲ- ਤੁਸੀਂ ਸਭ ਤੋਂ ਵੱਧ ਕਾਲੇ ਮੋਹਰਿਆਂ ਨਾਲ ਮੁਕਾਬਲੇ ਖੇਡੇ ਤੇ ਤੁਸੀਂ ਕਿਵੇਂ ਤਾਲਮੇਲ ਬਿਠਾਇਆ?
ਜਵਾਬ- ਨਿਸ਼ਚਿਤ ਤੌਰ 'ਤੇ ਇਹ ਹਾਲਾਤ ਦੀ ਵਜਾ ਨਾਲ ਹੋਇਆ ਤੇ ਮੈਂ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ। ਆਮ ਹਾਲਾਤ ਵਿਚ ਇਹ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ ਪਰ ਟੀਮ ਚੈਂਪੀਅਨਸ਼ਿਪ ਵਿਚ ਅਜਿਹੇ ਮੁਕਾਬਲੇ ਵਿਚ ਜਿਸ ਵਿਚ ਤੁਹਾਨੂੰ ਜਿੱਤ ਹੀ ਦਰਜ ਕਰਨੀ ਪਵੇ ਤਾਂ ਕਾਲੇ ਮੋਹਰਿਆਂ ਨਾਲ ਤੁਹਾਡੇ 'ਤੇ ਵਾਧੂ ਦਬਾਅ ਪੈਂਦਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਚੰਗਾ ਕਰ ਸਕੀ।
ਸਵਾਲ-ਪੋਲੈਂਡ ਵਿਰੁੱਧ ਸ਼ੁਰੂਆਤੀ ਹਾਰ ਤੋਂ ਬਾਅਦ ਕੀ ਚੱਲ ਰਿਹਾ ਸੀ ਤੁਹਾਡੇ ਅੰਦਰ?
ਜਵਾਬ- ਕਿਉਂਕਿ ਮੈਂ ਪਹਿਲਾਂ ਵੀ ਪਲੇਅ ਆਫ ਰਾਊਂਡ ਖੇਡੇ ਹਨ ਤਾਂ ਮੈਂ ਜਾਣਦੀ ਸੀ ਕਿ ਇਕ ਹੋਰ ਗਲਤੀ ਕੀਤੀ ਤਾਂ ਅਸੀਂ ਬਾਹਰ ਹੋ ਜਾਵਾਂਗੇ ਤੇ ਪੋਲੈਂਡ ਵਿਰੁੱਧ ਉਸ ਮੁਕਾਬਲੇ ਵਿਚ ਮੈਂ ਸਿਰਫ ਸਥਿਤੀ ਨੂੰ ਆਪਣੇ ਵਿਰੋਧੀ ਦੇ ਵਿਰੁੱਧ ਗੁੰਝਲਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਮੈਂ ਕਿਸੇ ਵੀ ਕੀਮਤ ਵਿਚ ਜਿੱਤ ਲਈ ਖੇਡ ਰਹੀ ਸੀ ਤੇ ਨਤੀਜਾ ਸਾਡੇ ਪੱਖ ਵਿਚ ਆਇਆ।
ਸਵਾਲ- ਫਾਈਨਲ ਵਿਚ ਜੋ ਕੁਝ ਹੋਇਆ, ਉਸ 'ਤੇ ਤੁਹਾਡਾ ਕੀ ਕਹਿਣਾ ਹੈ?
ਜਵਾਬ- ਫਾਈਨਲ ਵਿਚ ਇੰਟਰਨੈੱਟ ਦੀ ਵਜ੍ਹਾ ਨਾਲ ਮੈਚ ਦਾ ਪੂਰਾ ਨਾ ਹੋਣਾ ਮੰਦਭਾਗਾ ਰਿਹਾ ਪਰ ਅਸੀਂ ਆਪਣੇ ਵਲੋਂ ਕੁਝ ਵੀ ਗਲਤ ਨਹੀਂ ਕੀਤਾ ਤੇ ਸਰਵਰ ਦੀ ਸਮੱਸਿਆ ਆਉਣ 'ਤੇ ਅਸੀਂ ਫਿਡੇ ਦੇ ਸਾਹਮਣੇ ਅਪੀਲ ਕੀਤੀ ਤੇ ਲਗਭਗ ਦੋ ਘੰਟੇ ਇਸਦਾ ਇੰਤਜ਼ਾਰ ਕੀਤਾ ਤੇ ਜੋ ਫਿਡੇ ਨੇ ਫੈਸਲਾ ਦਿੱਤਾ, ਅਸੀਂ ਆਪਣਾ ਸਰਵਸ੍ਰੇਸ਼ਠ ਦਿੱਤਾ ਤੇ ਨਤੀਜੇ ਦਾ ਇੰਤਜ਼ਾਰ ਕੀਤਾ, ਮੈਨੂੰ ਪਤਾ ਹੈ ਕਿ ਰੂਸ ਵਿਚ ਕੁਝ ਲੋਕਾਂ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ ਪਰ ਸਾਰਿਆਂ ਦਾ ਆਪਣਾ-ਆਪਣਾ ਨਜ਼ਰੀਆ ਹੁੰਦਾ ਹੈ ਤੇ ਅਸੀਂ ਆਪਣੀ ਕੋਸ਼ਿਸ਼ ਕੀਤੀ ਤੇ ਵਿਸ਼ਵ ਸ਼ਤਰੰਜ ਸੰਘ ਦੇ ਫੈਸਲੇ ਨੂੰ ਸਵੀਕਾਰ ਕੀਤਾ।
RCB ਦੀ ਟੀਮ ਸਿਰਫ ਵਿਰਾਟ ਤੇ ਡਿਵਿਲੀਅਰਸ 'ਤੇ ਹੀ ਨਿਰਭਰ ਨਹੀਂ : ਉਮੇਸ਼
NEXT STORY