ਮੁੰਬਈ- ਕਿਸੇ ਵੀ ਤਰ੍ਹਾਂ ਦੀ ਆਲੋਚਨਾ ’ਤੇ ਗੁੱਸਾ ਆਉਣਾ ਸੁਭਾਵਿਕ ਹੈ ਪਰ ਰਵੀਚੰਦਰਨ ਅਸ਼ਵਿਨ ਨੇ ਸੰਜੇ ਮਾਂਜਰੇਕਰ ਦੀਆਂ ਉਸ ਦੀ ਗੇਂਦਬਾਜ਼ੀ ਨੂੰ ਲੈ ਕੇ ਕੀਤੀਆਂ ਗਈਆਂ ਸਖਤ ਟਿੱਪਣੀਆਂ ਨੂੰ ਸਾਕਾਰਾਤਮਕ ਰੂਪ ’ਚ ਲਿਆ ਤੇ ਉਨ੍ਹਾਂ ਤੋਂ ਸਿੱਖਿਆ ਲੈ ਕੇ ਆਪਣੀ ਖੇਡ ’ਚ ਸੁਧਾਰ ਕੀਤਾ।
ਕ੍ਰਿਕਟ ’ਤੇ ਆਪਣੀਆਂ ਤਿੱਖੀਆਂ ਟਿੱਪਣੀਆਂ ਲਈ ਮਸ਼ਹੂਰ ਸਾਬਕਾ ਭਾਰਤੀ ਬੱਲੇਬਾਜ਼ ਮਾਂਜਰੇਕਰ ਨੇ ਆਪਣੇ ਇਕ ਕਾਲਮ ’ਚ ਅਸ਼ਵਿਨ ਦੇ ਪ੍ਰਦਰਸ਼ਨ ਦੀ ਸਖਤ ਆਲੋਚਨਾ ਕੀਤੀ ਸੀ। ਉਸ ਨੇ ਇਹ ਆਲੋਚਨਾ ਤਦ ਕੀਤੀ ਸੀ ਜਦੋਂ ਅਸ਼ਵਿਨ ਨੇ ਆਸਟ੍ਰੇਲੀਆ ’ਚ 2011-12 ’ਚ ਖੇਡੀ ਗਈ ਲੜੀ ਦੇ ਤਿੰਨ ਟੈਸਟ ਮੈਚਾਂ ’ਚ ਬੇਹੱਦ ਖਰਾਬ ਔਸਤ (62 ਦੌੜਾਂ ਪ੍ਰਤੀ ਵਿਕਟ) ਨਾਲ ਸਿਰਫ 9 ਵਿਕਟਾਂ ਲਈਆਂ ਸਨ। ਭਾਰਤ ਉਹ ਲੜੀ 0-4 ਨਾਲ ਹਾਰ ਗਿਆ ਸੀ।
ਅਸ਼ਵਿਨ ਨੇ ਕਿਹਾ, ‘‘ਆਸਟ੍ਰੇਲੀਆ ਦੇ ਮੇਰੇ ਪਹਿਲੇ ਦੌਰੇ ਤੋਂ ਬਾਅਦ ਸੰਜੇ ਮਾਂਜਰੇਕਰ ਨੇ ਇਕ ਲੰਬਾ ਕਾਲਮ ਲਿਖਿਆ। ਜਦੋਂ ਮੈਂ ਵਤਨ ਪਰਤ ਰਿਹਾ ਸੀ ਤਾਂ ਮੈਂ ਪੂਰਾ ਕਾਲਮ ਪੜ੍ਹਿਆ ਤੇ ਉਸ ਨੂੰ ਪੜ੍ਹ ਕੇ ਮੈਨੂੰ ਬਹੁਤ ਗੁੱਸਾ ਆਇਆ। ਮੈਨੂੰ ਸੱਚ ’ਚ ਬੁਰਾ ਲੱਗਾ। ਗੁੱਸਾ ਤਾਂ ਬਸ ਸੁਭਾਵਿਕ ਪ੍ਰਤੀਕਿਰਿਆ ਸੀ ਪਰ ਉਸ ਤੋਂ ਬਾਅਦ ਮੈਂ ਫਲਾਈਟ ’ਚ ਸੌਂ ਗਿਆ ਤੇ ਉਸ ਗੱਲ ਨੂੰ ਭੁੱਲਾ ਦਿੱਤਾ। ਤਦ ਮੈਂ ਸੰਜੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ।’’
ਪਰ ਬਾਅਦ ’ਚ ਉਸ ਨੂੰ ਅਹਿਸਾਸ ਹੋਇਆ ਕਿ ਮਾਂਜਰੇਕਰ ਦੇ ਵਿਸ਼ਲੇਸ਼ਣ ਨੂੰ ਸਹੀ ਭਾਵਨਾ ਨਾਲ ਲੈਣਾ ਚਾਹੀਦਾ ਹੈ ਤੇ ਉਹ ਆਪਣੀ ਗੇਂਦਬਾਜ਼ੀ ਤੇ ਫਿੱਟਨੈੱਸ ’ਤੇ ਕੰਮ ਕਰ ਸਕਦਾ ਹੈ।
ਅਸ਼ਵਿਨ ਨੇ ਕਿਹਾ, ‘‘ਘਰ ਪਰਤਣ ਤੋਂ ਬਾਅਦ ਮੈਂ ਅਗਲੇ 4 ਸਾਲ ਤੱਕ ਬਹੁਤ ਮਿਹਨਤ ਕੀਤੀ। ਮੈਂ ਕੋਈ ਪ੍ਰਤਿਭਾਸ਼ਾਲੀ ਖਿਡਾਰੀ ਨਹੀਂ ਸੀ। ਮੈਂ ਬਹੁਤ ਮਿਹਨਤ ਕੀਤੀ। ਸੰਜੇ ਨੇ 2015 ’ਚ ਇਕ ਹੋਰ ਲੇਖ ਲਿਖਿਆ ਜਿਸ ’ਚ ਕਿਹਾ ਗਿਆ ਕਿ ਮੈਂ ਹੁਣ ਬਹੁਤ ਚੰਗੀ ਗੇਂਦਬਾਜ਼ੀ ਕਰ ਰਿਹਾ ਹਾਂ ਤੇ ਉਹ ਚਾਹੁੰਦਾ ਹੈ ਕਿ ਮੈਂ ਇਸੇ ਤਰ੍ਹਾਂ ਪ੍ਰਦਰਸ਼ਨ ਕਰਦਾ ਰਹਾਂ।’’
ਉਸ ਨੇ ਕਿਹਾ, ‘‘ਫਿਰ ਮੈਂ ਉਸ ਦਾ ਨੰਬਰ ਮੰਗਿਆ ਤੇ ਉਸ ਨੂੰ ਮੈਸੇਜ ਕੀਤਾ ਕਿ ‘ਮੈਨੂੰ ਉਸ ਸਮੇਂ ਬੁਰਾ ਲੱਗਾ ਸੀ ਪਰ ਤੁਹਾਡੇ ਕਾਲਮ ਨੇ ਮੇਰੇ ਲਈ ਗੁਰੂ ਦਾ ਕੰਮ ਕੀਤਾ।’ ਉਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਕਿਉਂਕਿ ਉਸ ਦੀਆਂ ਗੱਲਾਂ ’ਚ ਦਮ ਸੀ। ਇਸ ਲਈ ਜੇਕਰ ਕਦੇ ਮੇਰੀ ਆਲੋਚਨਾ ਹੁੰਦੀ ਹੈ ਤਾਂ ਮੈਂ ਸਿਰਫ ਇਹੋ ਸੋਚਦਾ ਹਾਂ ਕਿ ਕੀ ਮੈਨੂੰ ਉਸ ਤੋਂ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਜੇਕਰ ਮੈਨੂੰ ਲੱਗਦਾ ਹੈ ਕਿ ਉਸ ਤੋਂ ਕੁਝ ਸਿੱਖਿਆ ਜਾ ਸਕਦਾ ਹੈ ਤਾਂ ਮੈਂ ਉਸ ਨੂੰ ਨਤਮਸਤਕ ਹੋ ਕੇ ਕਰ ਲੈਂਦਾ ਹਾਂ।’’
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 5ਵੇਂ ਦਿਨ ਦੀ ਖੇਡ ਸ਼ੁਰੂ, ਸ਼੍ਰੀਲੰਕਾ ਸਾਹਮਣੇ 372 ਦੌੜਾ ਦਾ ਟੀਚਾ
NEXT STORY