ਸਪੋਰਟਸ ਡੈਸਕ- ਨਿਊਯਾਰਕ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਭਾਰਤ-ਪਾਕਿ ਦੇ ਮਹਾਮੁਕਾਬਲੇ 'ਚ ਭਾਰਤ ਨੇ 119 ਦੌੜਾਂ ਦੇ ਛੋਟੇ ਸਕੋਰ ਦਾ ਬਚਾਅ ਕਰਦਿਆਂ 'ਨੇਲ ਬਾਈਟਿੰਗ' ਮੁਕਾਬਲੇ 'ਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ।
ਪਾਕਿਤਸਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਪਾਕਿਸਤਾਨ ਦੇ ਪੇਸ ਅਟੈਕ ਅੱਗੇ ਭਾਰਤੀ ਗੇਂਦਬਾਜ਼ ਬੇਵੱਸ ਨਜ਼ਰ ਆਏ। ਭਾਰਤੀ ਟੀਮ ਪਾਕਿਸਤਾਨੀ ਗੇਂਦਬਾਜ਼ੀ ਅੱਗੇ ਢੇਰ ਹੋ ਗਏ ਤੇ ਸਿਰਫ਼ 119 ਦੌੜਾਂ ਬਣਾ ਸਕੇ। ਭਾਰਤ ਵੱਲੋਂ ਰਿਸ਼ਭ ਪੰਤ (42) ਤੇ ਅਕਸ਼ਰ ਪਟੇਲ (20) ਹੀ ਟਿਕ ਕੇ ਖੇਡ ਸਕੇ। ਇਨ੍ਹਾਂ ਤੋਂ ਇਲਾਵਾ ਰੋਹਿਤ ਸ਼ਰਮਾ (13) ਹੀ ਦੋਹਰੇ ਅੰਕੜੇ ਨੂੰ ਪਾਰ ਕਰ ਸਕੇ। ਇਨ੍ਹਾਂ ਤੋਂ ਬਾਅਦ ਕੋਈ ਵੀ ਭਾਰਤੀ ਬੱਲੇਬਾਜ਼ 10 ਦੇ ਸਕੋਰ ਨੂੰ ਪਾਰ ਨਾ ਕਰ ਸਕਿਆ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਤੇ ਅਰਸ਼ਦੀਪ ਦੇ ਪਹਿਲੇ ਹੀ ਓਵਰ 'ਚ 9 ਦੌੜਾਂ ਬਣਾ ਲਈਆਂ। ਇਸ ਤੋਂ ਬਾਅਦ ਦੋਵਾਂ ਨੇ ਪਹਿਲੀ ਵਿਕਟ ਲਈ ਤੇਜ਼ੀ ਨਾਲ 26 ਦੌੜਾਂ ਜੋੜੀਆਂ। ਇਸ ਤੋਂ ਬਾਅਦ ਬੁਮਰਾਹ ਨੇ ਪਾਕਿਸਤਾਨ ਨੂੰ ਪਹਿਲਾ ਝਟਕਾ ਦਿੱਤਾ ਤੇ ਬਾਬਰ ਆਜ਼ਮ ਨੂੰ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ।
ਇਸ ਝਟਕੇ ਤੋਂ ਬਾਅਦ ਮੁਹੰਮਦ ਰਿਜ਼ਵਾਨ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਤੇ ਪਾਕਿਸਤਾਨ ਨੂੰ ਮੁੜ ਮੈਚ 'ਚ ਲਿਆਂਦਾ। 11ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਏ ਅਕਸ਼ਰ ਪਟੇਲ ਨੇ ਭਾਰਤ ਨੂੰ ਦੂਜੀ ਸਫ਼ਲਤਾ ਦਿਵਾਈ ਤੇ ਆਪਣੀ ਪਹਿਲੀ ਹੀ ਗੇਂਦ 'ਤੇ ਉਸਮਾਨ ਖ਼ਾਨ ਨੂੰ 13 ਦੌੜਾਂ ਦੇ ਸਕੋਰ 'ਤੇ ਆਊਟ ਕੀਤਾ। ਇਸ ਤੋਂ ਬਾਅਦ 13ਵੇਂ ਓਵਰ 'ਚ ਹਾਰਦਿਕ ਪੰਡਯਾ ਨੇ ਪਾਕਿਸਤਾਨ ਨੂੰ ਤੀਜਾ ਝਟਕਾ ਦਿੱਤਾ ਤੇ ਫ਼ਖ਼ਰ ਜ਼ਮਾਨ ਨੂੰ 13 ਦੇ ਨਿੱਜੀ ਸਕੋਰ 'ਤੇ ਆਊਟ ਕੀਤਾ।
ਭਾਰਤ ਲਈ ਖ਼ਤਰਨਾਕ ਦਿਖਾਈ ਦੇ ਰਹੇ ਮੁਹੰਮਦ ਰਿਜ਼ਵਾਨ ਨੂੰ ਜਸਪ੍ਰੀਤ ਬੁਮਰਾਹ ਨੇ 31 ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਕੇ ਭਾਰਤ ਦੀ ਮੈਚ 'ਚ ਵਾਪਸੀ ਕਰਵਾਈ। ਇਸ ਤੋਂ ਬਾਅਦ ਅੰਤ ਦੇ ਓਵਰਾਂ 'ਚ ਬੁਮਰਾਹ ਤੇ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਕੋਈ ਮੌਕਾ ਨਾ ਦਿੱਤਾ।
19ਵੇਂ ਓਵਰ 'ਚ ਬੁਮਰਾਹ ਨੇ ਬਹੁਤ ਹੀ ਸਟੀਕ ਲੈਂਥ 'ਤੇ ਗੇਂਦਾਂ ਸੁੱਟੀਆਂ ਤੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਸ਼ਾਟ ਖੇਡਣ ਦਾ ਬਿਲਕੁਲ ਮੌਕਾ ਨਾ ਦਿੱਤਾ। ਆਖ਼ਰੀ ਓਵਰ 'ਚ ਪਾਕਿਸਤਾਨ ਨੂੰ ਜਿੱਤਣ ਲਈ 18 ਦੌੜਾਂ ਦੀ ਲੋੜ ਸੀ। ਅਰਸ਼ਦੀਪ ਨੇ ਇਸ ਓਵਰ 'ਚ ਦਬਾਅ ਦੇ ਬਾਵਜੂਦ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਸਿਰਫ਼ 12 ਦੌੜਾਂ ਦਿੱਤੀਆਂ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ 6 ਦੌੜਾਂ ਨਾਲ ਜਿੱਤ ਲਿਆ ਹੈ।
ਇਸ ਮੈਚ 'ਚ 4 ਓਵਰਾਂ 'ਚ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਕੱਢਣ ਵਾਲੇ ਜਸਪ੍ਰੀਤ ਬੁਮਰਾਹ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ-ਪਾਕਿ ਮੈਚ 'ਚ ਸਟੇਡੀਅਮ ਦੇ ਉੱਪਰ ਲਹਿਰਾਇਆ ਖ਼ਾਨ ਸੰਦੇਸ਼, ਇਮਰਾਨ ਖ਼ਾਨ ਲਈ ਉੱਠੀ ਖ਼ਾਸ ਮੰਗ
NEXT STORY