ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਬਣਿਆ ਤਣਾਅ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਪਾਕਿਸਤਾਨ ਨੇ 15 ਫਰਵਰੀ ਨੂੰ ਕੋਲੰਬੋ ਵਿੱਚ ਹੋਣ ਵਾਲੇ ਗਰੁੱਪ ਮੈਚ ਦੇ ਬਾਈਕਾਟ ਦਾ ਫੈਸਲਾ ਵਾਪਸ ਲੈ ਲਿਆ ਹੈ ਅਤੇ ਹੁਣ ਦੋਵੇਂ ਰਵਾਇਤੀ ਵਿਰੋਧੀ ਟੀਮਾਂ ਮੈਦਾਨ ਵਿੱਚ ਭਿੜਨਗੀਆਂ। ਇਸ ਫੈਸਲੇ ਦੇ ਬਦਲੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਅਤੇ ਪਾਕਿਸਤਾਨ ਕ੍ਰਿਕਟ ਬੋਰਡ (PCB) ਵਿਚਾਲੇ ਇੱਕ ਵੱਡੀ 'ਡੀਲ' ਹੋਈ ਹੈ, ਜਿਸ ਦਾ ਫਾਇਦਾ ਪਾਕਿਸਤਾਨ ਨੂੰ ਮਿਲੇਗਾ।
ਰਿਪੋਰਟਾਂ ਅਨੁਸਾਰ, ICC ਅਤੇ ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਵਿਚਾਲੇ ਇੱਕ ਗੁਪਤ ਮੀਟਿੰਗ ਹੋਈ ਹੈ, ਜਿਸ ਵਿੱਚ ICC ਨੇ ਬਾਈਕਾਟ ਖ਼ਤਮ ਕਰਨ ਦੇ ਬਦਲੇ ਪਾਕਿਸਤਾਨ ਨੂੰ ਕੁਝ ਵਿਸ਼ੇਸ਼ ਰਿਆਇਤਾਂ ਦੇਣ ਦਾ ਵਾਅਦਾ ਕੀਤਾ ਹੈ। ਸੂਤਰਾਂ ਮੁਤਾਬਕ ਇਹ 'ਖ਼ਾਸ ਤੋਹਫ਼ਾ' ਜਾਂ ਰਿਆਇਤਾਂ ਕੀ ਹੋਣਗੀਆਂ, ਇਸ ਦਾ ਖੁਲਾਸਾ ਵਰਲਡ ਕੱਪ ਖ਼ਤਮ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਬੰਗਲਾਦੇਸ਼ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਭਾਰਤ ਵਿਰੁੱਧ ਮੈਚ ਨਾ ਖੇਡਣ ਦਾ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਨੇ ICC ਤੋਂ ਆਪਣਾ ਮਾਲੀਆ ਹਿੱਸਾ ਵਧਾਉਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੀ ਲੜੀ ਕਿਸੇ ਨਿਊਟਰਲ ਵੇਨਿਊ 'ਤੇ ਕਰਵਾਉਣ ਦੀ ਵੀ ਮੰਗ ਰੱਖੀ ਹੈ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਹ ਮੰਗਾਂ ਪੂਰੀਆਂ ਹੋਣੀਆਂ ਮੁਸ਼ਕਲ ਹਨ ਪਰ ICC ਵਰਲਡ ਕੱਪ ਤੋਂ ਬਾਅਦ ਪਾਕਿਸਤਾਨ ਲਈ ਕਿਸੇ ਵੱਡੇ ਫੈਸਲੇ ਦਾ ਐਲਾਨ ਕਰ ਸਕਦੀ ਹੈ।
ਬੰਗਲਾਦੇਸ਼ 'ਤੇ ਵੀ ਨਹੀਂ ਹੋਵੇਗੀ ਕਾਰਵਾਈ
ਜ਼ਿਕਰਯੋਗ ਹੈ ਕਿ ICC ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਬਾਵਜੂਦ ਬੰਗਲਾਦੇਸ਼ ਕ੍ਰਿਕਟ ਬੋਰਡ (BCB) 'ਤੇ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ। ਉਲਟਾ ਬੰਗਲਾਦੇਸ਼ ਨੂੰ 2028-2031 ਦੇ ਸਾਈਕਲ ਵਿੱਚ ਇੱਕ ICC ਇਵੈਂਟ ਦੀ ਮੇਜ਼ਬਾਨੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਹੁਣ ਪਾਕਿਸਤਾਨ ਦੇ ਵੀ ਮੰਨ ਜਾਣ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ 15 ਫਰਵਰੀ ਦੇ ਮਹਾਂ-ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
IPL 2026: ਦਿੱਲੀ ਕੈਪੀਟਲਸ ਦਾ ਵੱਡਾ ਐਲਾਨ, 71 ਸੈਂਕੜੇ ਜੜਨ ਵਾਲੇ ਦਿੱਗਜ ਨੂੰ ਬਣਾਇਆ ਕੋਚ
NEXT STORY