ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ ਨੇ ਟੀ-20 ਦੀ ਕਪਤਾਨੀ 5 ਵਾਰ ਦੇ ਆਈ. ਪੀ. ਐੱਲ. ਜੇਤੂ ਰੋਹਿਤ ਸ਼ਰਮਾ ਨੂੰ ਸੌਂਪਣ ਦੀ ਵਕਾਲਤ ਕੀਤੀ ਹੈ ਜਦਕਿ ਕੁਮੈਂਟੇਟਰ ਤੇ ਸਾਬਕਾ ਖਿਡਾਰੀ ਆਕਾਸ਼ ਚੋਪੜਾ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਹੀ ਖੇਡ ਦੇ ਤਿੰਨੇ ਸਵਰੂਪਾਂ ਵਿਚ ਕਪਤਾਨ ਬਣਾਈ ਰੱਖਣ ਦੇ ਹੱਕ ਵਿਚ ਹੈ। ਸਾਬਕਾ ਭਾਰਤੀ ਖਿਡਾਰੀਆਂ ਗੌਤਮ ਗੰਭੀਰ, ਆਕਾਸ਼ ਚੋਪੜਾ ਤੇ ਪਾਰਥਿਵ ਪਟੇਲ ਨੇ ਇਕ ਪ੍ਰੋਗਰਾਮ ਵਿਚ ਰੋਹਿਤ ਤੇ ਵਿਰਾਟ ਵਿਚੋਂ ਕੌਣ ਬਿਹਤਰ ਕਪਤਾਨ ਹੈ, ਨੂੰ ਲੈ ਕੇ ਚਰਚਾ ਕੀਤੀ, ਜਿਸ ਵਿਚ ਤਿੰਨੇ ਖਿਡਾਰੀਆਂ ਨੇ ਆਪਣੇ-ਆਪਣੇ ਵਿਚਾਰ ਪ੍ਰਗਟਾਏ।
ਇਨ੍ਹਾਂ ਦਿਨਾਂ ਵਿਚ ਦਰਅਸਲ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕੀ ਟੀ-20 ਦੀ ਕਪਤਾਨੀ ਰੋਹਿਤ ਨੂੰ ਸੌਂਪ ਦਿੱਤੀ ਜਾਵੇ। ਰੋਹਿਤ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਜ਼ ਨੇ ਆਈ. ਪੀ. ਐੱਲ. ਵਿਚ ਆਪਣਾ 5ਵਾਂ ਖਿਤਾਬ ਜਿੱਤਿਆ ਹੈ ਜਦਕਿ ਵਿਰਾਟ ਦੀ ਬੈਂਗਲੁਰੂ ਟੀਮ ਪਲੇਅ ਆਫ ਤਕ ਹੀ ਪਹੁੰਚ ਸਕੀ ਸੀ ਤੇ ਉਸਦੀ ਕਪਤਾਨੀ ਵਿਚ 8 ਸਾਲਾਂ ਵਿਚ ਬੈਂਗਲੁਰੂ ਇਕ ਵਾਰ ਵੀ ਖਿਤਾਬ ਨਹੀਂ ਜਿੱਤ ਸਕੀ ਹੈ।
ਕਪਤਾਨੀ ਨੂੰ ਵੰਡਣ ਨੂੰ ਲੈ ਕੇ ਚੱਲ ਰਹੀ ਬਹਿਸ ਵਿਚਾਲੇ ਹਾਲਾਂਕਿ ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਤੇ ਲੀਜੈਂਡ ਆਲਰਾਊਂਡਰ ਕਪਿਲ ਦੇਵ ਨੇ ਟੀਮ ਇੰਡੀਆ ਦੇ ਟੈਸਟ ਤੇ ਸੀਮਤ ਓਵਰਾਂ ਦੀ ਕਪਤਾਨੀ ਵੰਡਣ ਦੇ ਵਿਚਾਰ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਸੀ ਕਿ ਭਾਰਤੀ ਕ੍ਰਿਕਟ ਸੰਸਕ੍ਰਿਤੀ ਦੋ ਕਪਤਾਨਾਂ ਦੀ ਨਹੀਂ ਹੈ ਤੇ ਵਿਰਾਟ ਜੇਕਰ ਟੀ-20 ਵਿਚ ਚੰਗਾ ਕਰ ਰਿਹਾ ਹੈ ਤਾਂ ਉਸ ਨੂੰ ਕਪਤਾਨ ਬਣੇ ਰਹਿਣ ਦੇਣ ਚਾਹੀਦਾ ਹੈ।
ਗੰਭੀਰ ਨੇ ਵਿਰਾਟ ਤੇ ਰੋਹਿਤ ਵਿਚੋਂ ਬਿਹਤਰੀਨ ਟੀ-20 ਕਪਤਾਨ ਨੂੰ ਲੈ ਕੇ ਕਿਹਾ, ''ਵਿਰਾਟ ਖਰਾਬ ਕਪਤਾਨ ਨਹੀਂ ਹੈ ਪਰ ਇੱਥੇ ਚਰਚਾ ਇਹ ਹੈ ਕਿ ਕੌਣ ਬਿਹਤਰ ਕਪਤਾਨ ਹੈ ਤੇ ਮੇਰੇ ਹਿਸਾਬ ਨਾਲ ਰੋਹਿਤ ਜ਼ਿਆਦਾ ਚੰਗਾ ਟੀ-20 ਕਪਤਾਨ ਹੈ ਤੇ ਦੋਵਾਂ ਦੀ ਕਪਤਾਨੀ ਵਿਚ ਬਹੁਤ ਵੱਡਾ ਫਰਕ ਹੈ।'' ਉਥੇ ਹੀ ਆਕਾਸ਼ ਚੋਪੜਾ ਨੇ ਕਿਹਾ, ''ਇਹ ਸਮਾਂ ਬਦਲਾਅ ਦਾ ਨਹੀਂ ਹੈ। ਹੁਣ ਤੁਹਾਡੇ ਕੋਲ ਇਕ ਨਵੀਂ ਟੀ-20 ਟੀਮ ਤਿਆਰ ਕਰਨ ਦਾ ਸਮਾਂ ਨਹੀਂ ਹੈ। ਜੇਕਰ ਤੁਸੀਂ ਨਵੇਂ ਸਿਰੇ ਤੋਂ ਟੀਮ ਪ੍ਰਕਿਰਿਆ ਜਾਂ ਕੁਝ ਨਵਾਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸਦੇ ਲਈ ਤੁਹਾਡੇ ਕੋਲ ਖੇਡਣ ਲਈ ਕਈ ਮੁਕਾਬਲੇ ਹੋਣੇ ਚਾਹੀਦੇ ਹਨ ਪਰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਕੋਲ ਸਿਰਫ 5 ਜਾਂ 6 ਟੀ-20 ਮੁਕਾਬਲੇ ਹਨ।''
ਇਸ ਬਹਿਸ ਵਿਚ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਕਿਹਾ,''ਅਸੀਂ ਇੱਥੇ ਇਸ ਬਾਰੇ ਵਿਚ ਗੱਲ ਕਰ ਰਹੇ ਹਾਂ ਕਿ ਕੌਣ ਵਧੇਰੇ ਬਿਹਤਰ ਫੈਸਲੇ ਲੈ ਸਕਦਾ ਹੈ ਜਾਂ ਕੌਣ ਖੇਡ ਨੂੰ ਵੱਧ ਬਿਹਤਰ ਸਮਝ ਸਕਦਾ ਹੈ।'' ਪਾਰਥਿਵ ਨੇ ਵੀ ਹਾਲਾਂਕਿ ਰੋਹਿਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਰੋਹਿਤ ਦਬਾਅ ਵਿਚ ਜ਼ਿਆਦਾ ਸਹੀ ਫੈਸਲੇ ਲੈ ਸਕਦਾ ਹੈ ਤੇ ਇਨ੍ਹਾਂ ਸਾਰੇ ਪਹਿਲੂਆਂ ਵਿਚ ਉਹ ਵਿਰਾਟ ਦੇ ਮੁਕਾਬਲੇ ਥੋੜ੍ਹਾ ਬਿਹਤਰ ਹੈ।''
ਸਕਿਲਿੰਗ ਓਪਨ : ਵਿਦਿਤ ਗੁਜਰਾਤੀ ਨੇ ਖੇਡੇ 4 ਡਰਾਅ, ਹੁਣ ਕਾਰਲਸਨ ਨਾਲ ਹੋਵੇਗਾ ਸਾਹਮਣਾ
NEXT STORY