ਨਾਗਪੁਰ- ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਦੀ ਤੂਫਾਨੀ ਪਾਰੀ ਨਾਲ ਸੀਰੀਜ਼ ਵਿਚ ਵਾਪਸੀ ਕਰ ਚੁੱਕੀ ਭਾਰਤੀ ਟੀਮ ਬੰਗਲਾਦੇਸ਼ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਤੀਜੇ ਤੇ ਆਖਰੀ ਟੀ-20 ਮੁਕਾਬਲੇ ਵਿਚ ਸੀਰੀਜ਼ 'ਤੇ ਕਬਜ਼ਾ ਕਰਨ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ। ਬੰਗਲਾਦੇਸ਼ ਨੇ ਦਿੱਲੀ ਵਿਚ ਪਹਿਲਾ ਮੈਚ 7 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਭਾਰਤ ਨੇ ਕਪਤਾਨ ਰੋਹਿਤ ਦੀ 85 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਰਾਜਕੋਟ ਵਿਚ ਦੂਜਾ ਮੁਕਾਬਲਾ 8 ਵਿਕਟਾਂ ਨਾਲ ਜਿੱਤ ਲਿਆ ਸੀ। ਹੁਣ ਨਾਗਪੁਰ ਵਿਚ ਫੈਸਲਾਕੁੰਨ ਮੁਕਾਬਲੇ ਦੀ ਵਾਰੀ ਹੈ, ਜਿਸ ਵਿਚ ਦੋਵੇਂ ਟੀਮਾਂ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਾਉਣਗੀਆਂ। ਰੋਹਿਤ ਨੇ ਦਿੱਲੀ ਵਿਚ ਪਹਿਲੇ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ ਸੀ ਕਿ ਬੰਗਲਾਦੇਸ਼ ਦੀ ਟੀਮ ਆਪਣੇ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ ਤੇ ਬੰਗਲਾਦੇਸ਼ ਨੇ 7 ਵਿਕਟਾਂ ਦੀ ਜਿੱਤ ਨਾਲ ਇਸ ਗੱਲ ਨੂੰ ਸਹੀ ਸਾਬਤ ਕਰ ਦਿਖਾਇਆ ਸੀ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੁਣ ਤਕ 10 ਟੀ-20 ਮੁਕਾਬਲੇ ਹੋ ਚੁੱਕੇ ਹਨ, ਜਿਸ 'ਚੋਂ ਭਾਰਤ ਨੇ 9 ਜਿੱਤੇ ਹਨ ਤੇ ਸਿਰਫ 1 ਗੁਆਇਆ ਹੈ। ਬੰਗਲਾਦੇਸ਼ ਨੇ ਭਾਰਤ ਤੋਂ ਅਜੇ ਤਕ ਕੋਈ ਟੀ-20 ਸੀਰੀਜ਼ ਨਹੀਂ ਜਿੱਤੀ ਹੈ ਤੇ ਜੇਕਰ ਉਹ ਦਿੱਲੀ ਦੇ ਪ੍ਰਦਰਸ਼ਨ ਨੂੰ ਦੁਹਰਾ ਦਿੰਦੀ ਹੈ ਤੇ ਉਹ ਇਤਿਹਾਸ ਬਣ ਸਕਦਾ ਹੈ।

ਭਾਰਤ ਦੇ ਨਾਲ ਸਮੱਸਿਆ ਇਹ ਹੀ ਹੈ ਕਿ ਉਹ ਆਪਣੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਖਾਸ ਤੌਰ 'ਤੇ ਰੋਹਿਤ 'ਤੇ ਨਿਰਭਰ ਹੈ ਤੇ ਜੇਕਰ ਇਨ੍ਹਾਂ ਵਿਚੋਂ ਕੋਈ ਅਸਫਲ ਰਹਿੰਦਾ ਹੈ ਤਾਂ ਭਾਰਤ ਦਾ ਮੱਧ ਤੇ ਹੇਠਲਾ ਕ੍ਰਮ ਮੈਚ ਬਚਾ ਨਹੀਂ ਸਕਿਆ ਹੈ ਜਿਵੇਂ ਦਿੱਲੀ ਵਿਚ ਹੋਇਆ ਸੀ। ਜੇਕਰ ਚੋਟੀਕ੍ਰਮ ਵਿਚ ਰੋਹਿਤ ਚਲਦਾ ਹੈ ਤਾਂ ਭਾਰਤ ਦਾ ਰਸਤਾ ਆਸਾਨ ਹੋ ਜਾਂਦਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਬੰਗਲਾਦੇਸ਼ ਨੇ ਵਿਕਟਕੀਪਰ ਮੁਸ਼ਫਿਕਰ ਰਹੀਮ ਦੀ ਅਜੇਤੂ 60 ਦੌੜਾਂ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਭਾਰਤ ਨੂੰ ਪਹਿਲੇ ਮੈਚ ਵਿਚ 7 ਵਿਕਟਾਂ ਨਾਲ ਹਰਾਇਆ ਸੀ। ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ ਭਾਰਤ ਕੋਲੋਂ 8 ਮੈਚ ਗੁਆਏ ਸਨ ਪਰ 9ਵੇਂ ਮੁਕਾਬਲੇ ਵਿਚ ਉਸ ਨੇ ਸ਼ਾਦਨਾਰ ਜਿੱਤ ਹਾਸਲ ਕੀਤੀ। ਭਾਰਤ ਨੇ 6 ਵਿਕਟਾਂ 'ਤੇ 148 ਦੌੜਾਂ ਦਾ ਸਕੋਰ ਬਣਾਇਆ ਸੀ ਪਰ ਬੰਗਲਾਦੇਸ਼ ਨੇ ਰਹੀਮ ਦੀ ਸ਼ਾਨਦਾਰ ਪਾਰੀ ਨਾਲ 19.3 ਓਵਰਾਂ ਵਿਚ 3 ਵਿਕਟਾਂ 'ਤੇ 154 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਸੀ। ਰਾਜਕੋਟ 'ਚ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਰਿਕਾਰਡ 100ਵੇਂ ਟੀ-20 ਮੈਚ ਵਿਚ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦੇ ਹੋਏ ਭਾਰਤ ਨੂੰ 8 ਵਿਕਟਾਂ ਦੀ ਜਿੱਤ ਦਿਵਾਈ ਸੀ। ਰੋਹਿਤ ਨੇ ਸਿਰਫ 43 ਗੇਂਦਾਂ 'ਤੇ 85 ਦੌੜਾਂ ਦੀ ਧਮਾਕੇਦਾਰ ਪਾਰੀ ਵਿਚ 6 ਚੌਕੇ ਤੇ 6 ਛੱਕੇ ਲਾਏ, ਜਿਸਦੀ ਬਦੌਲਤ ਭਾਰਤ ਨੇ ਮੈਚ 16ਵੇਂ ਓਵਰ ਵਿਚ ਹੀ ਖਤਮ ਕਰ ਦਿੱਤਾ। ਬੰਗਲਾਦੇਸ਼ ਨੇ 6 ਵਿਕਟਾਂ 'ਤੇ 153 ਦੌੜਾਂ ਬਣਾਈਆਂ, ਜਦਕਿ ਭਾਰਤ ਨੇ 15.4 ਓਵਰਾਂ ਵਿਚ 2 ਵਿਕਟਾਂ 'ਤੇ 154 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਰੋਹਿਤ ਦੇ ਸਾਹਮਣੇ ਇਸ ਮੁਕਾਬਲੇ ਵਿਚ ਦਿਲਚਸਪ ਰਿਕਾਰਡ ਬਣਾਉਣ ਦਾ ਮੌਕਾ ਰਹੇਗਾ ਤੇ ਉਸਦੀ ਇਕ ਹੋਰ ਸ਼ਾਨਦਾਰ ਪਾਰੀ ਸੀਰੀਜ਼ ਭਾਰਤ ਦੇ ਨਾਂ ਕਰ ਦੇਵੇਗੀ।

ਰੋਹਿਤ ਦੇ ਕੋਲ ਭਾਰਤ ਵਲੋਂ ਸਭ ਤੋਂ ਪਹਿਲਾਂ 400 ਛੱਕੇ ਪੂਰੇ ਕਰਨ ਦਾ ਮੌਕਾ ਹੈ ਤੇ ਉਹ ਇਸ ਰਿਕਾਰਡ ਤੋਂ ਸਿਰਫ 2 ਛੱਕੇ ਦੂਰ ਹੈ। ਉਹ ਹੁਣ ਤਕ 398 ਛੱਕੇ ਲਾ ਚੁੱਕਾ ਹੈ। ਰੋਹਿਤ ਨੇ ਟੈਸਟ ਕ੍ਰਿਕਟ ਵਿਚ 51 ਛੱਕੇ, ਵਨ ਡੇ ਵਿਚ 232 ਛੱਕੇ ਤੇ ਟੀ-20 ਕੌਮਾਂਤਰੀ ਵਿਚ 115 ਛੱਕੇ ਲਾਏ ਹਨ। ਰੋਹਿਤ ਜੇਕਰ ਇਸ ਮੈਚ ਵਿਚ 50 ਤੋਂ ਵੱਧ ਦਾ ਸਕੋਰ ਕਰਦਾ ਹੈ ਤਾਂ ਉਹ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ 23 ਵਾਰ 50 ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਜਾਵੇਗਾ। ਫਿਲਹਾਲ ਰੋਹਿਤ ਤੇ ਵਿਰਾਟ ਕੋਹਲੀ ਦੋਵੇਂ ਹੀ 22-22 ਵਾਰ 50 ਤੋਂ ਵੱਧ ਦਾ ਸਕੋਰ ਬਣਾ ਚੁੱਕੇ ਹਨ। ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਕੋਲ ਇਸ ਮੈਚ ਵਿਚ ਆਪਣੀਆਂ 50 ਟੀ-20 ਵਿਕਟਾਂ ਪੂਰੀਆਂ ਕਰਨ ਦਾ ਮੌਕਾ ਰਹੇਗਾ। ਉਹ ਹੁਣ ਤਕ 49 ਟੀ-20 ਕੌਮਾਂਤਰੀ ਵਿਕਟਾਂ ਲੈ ਚੁੱਕਾ ਹੈ ਤੇ ਇਹ ਇਕ ਵਿਕਟ ਲੈਂਦੇ ਹੀ 50 ਵਿਕਟਾਂ ਪੂਰੀਆਂ ਕਰ ਲਵੇਗਾ। ਇਸ ਤੋਂ ਪਹਿਲਾਂ ਇਹ ਉਪਲੱਬਧੀ ਆਰ. ਅਸ਼ਵਿਨ (52) ਤੇ ਜਸਪ੍ਰੀਤ ਬੁਮਰਾਹ (51) ਨੂੰ ਹਾਸਲ ਹੈ। ਬੰਗਲਾਦੇਸ਼ ਦੀਆਂ ਨਜ਼ਰਾਂ ਵੀ ਇਤਿਹਾਸ ਬਣਾਉਣ 'ਤੇ ਲੱਗੀਆਂ ਹੋਣਗੀਆਂ। ਉਸਦੇ ਚੋਟੀ ਦੇ ਬੱਲੇਬਾਜ਼ ਲਿਟਨ ਦਾਸ ਵੀ ਇਕ ਉਪਲੱਬਧੀ ਦੇ ਨੇੜੇ ਹੈ। ਉਹ 12 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਹੀ ਆਪਣੀਆਂ 500 ਟੀ-20 ਕੌਮਾਂਤਰੀ ਦੌੜਾਂ ਪੂਰੀਆਂ ਕਰ ਲਵੇਗਾ। ਉਸ ਤੋਂ ਪਹਿਲਾਂ ਸਿਰਫ 6 ਬੰਗਲਾਦੇਸ਼ੀ ਹੀ ਅਜਿਹਾ ਕਰ ਸਕੇ ਹਨ, ਜਦਕਿ ਕਪਤਾਨ ਮਹਿਮੂਦਉੱਲ੍ਹਾ ਮੈਚ ਵਿਚ 2 ਛੱਕੇ ਲਾਉਂਦੇ ਹੋਏ ਟੀ-20 ਕੌਮਾਂਤਰੀ ਕ੍ਰਿਕਟ ਵਿਚ 50 ਛੱਕੇ ਲਾਉਣ ਵਾਲਾ ਬੰਗਲਾਦੇਸ਼ ਦਾ ਪਹਿਲਾ ਖਿਡਾਰੀ ਬਣ ਜਾਵੇਗਾ।

ਟੀਮਾਂ ਇਸ ਤਰ੍ਹਾਂ ਹਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਖਲੀਲ ਅਹਿਮਦ, ਯੁਜਵੇਂਦਰ ਚਾਹਲ, ਦੀਪਕ ਚਾਹਰ, ਰਾਹੁਲ ਚਾਹਰ, ਸ਼ਿਖਰ ਧਵਨ, ਸ਼ਿਵਮ ਦੂਬੇ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕਰੁਣਾਲ ਪੰਡਯਾ, ਰਿਸ਼ਭ ਪੰਤ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ ਤੇ ਸ਼ਾਰਦੁਲ ਠਾਕੁਰ।
ਬੰਗਲਾਦੇਸ਼ : ਮਹਿਮੂਦਉੱਲ੍ਹਾ ਰਿਆਦ (ਕਪਤਾਨ), ਤਾਈਜੁਲ ਇਸਲਾਮ, ਮੁਹੰਮਦ ਮਿਥੁਨ, ਲਿਟਨ ਦਾਸ, ਸੌਮਿਆ ਸਰਕਾਰ, ਨਾਇਮ ਸ਼ੇਖ, ਮੁਸ਼ਫਿਕਰ ਰਹੀਮ, ਆਫਿਫ ਹੁਸੈਨ, ਮੋਸਾਡੇਕ ਹੁਸੈਨ ਸੇਕਤ, ਅਮੀਨੁਲ ਇਸਲਾਮ ਬਿਪਲਵ, ਅਰਾਫਾਤ ਸਨੀ, ਅਬੂ ਹਿਦੇਰ, ਅਲ ਅਮੀਨ ਹੁਸੈਨ, ਮੁਸਤਾਫਿਜ਼ੁਰ ਰਹਿਮਾਨ ਤੇ ਸ਼ਫੀਉੱਲ ਇਸਲਾਮ।
ਕੁਝ ਮਹੀਨੇ ਪਹਿਲਾਂ ਨਹੀਂ ਸੀ ਬੂਟ ਖਰੀਦਣ ਦੇ ਪੈਸੇ, ਹੁਣ ਕਾਰਤਿਕ ਦੀ ਟੀਮ ਨੂੰ ਜਿਤਾਇਆ ਮੈਚ
NEXT STORY