ਚੇਨਈ– ਭਾਰਤ ਦੀਆਂ ਨਜ਼ਰਾਂ ਵੀਰਵਾਰ ਤੋਂ ਇੱਥੇ ਬੰਗਲਾਦੇਸ਼ ਵਿਰੁੱਧ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਜਿੱਤ ਕੇ ਘਰੇਲੂ ਧਰਤੀ ’ਤੇ ਆਪਣੇ ਦਬਦਬੇ ਨੂੰ ਬਰਕਰਾਰ ਰੱਖਣ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਅੰਕ ਸੂਚੀ ਵਿਚ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰਨ ’ਤੇ ਟਿਕੀਆਂ ਹੋਣਗੀਆਂ।
ਭਾਰਤ ਦੇ ਬੱਲੇਬਾਜ਼ਾਂ ਨੂੰ ਹਾਲਾਂਕਿ ਸਪਿਨ ਵਿਰੁੱਧ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਪਵੇਗਾ। ਬੰਗਲਾਦੇਸ਼ ਦੀ ਚੁਣੌਤੀ ਵੀ ਮਜ਼ਬੂਤ ਹੋਵੇਗੀ ਜਿਹੜੀ ਹਾਲ ਹੀ ਵਿਚ ਪਾਕਿਸਤਾਨ ਨੂੰ ਦੋ ਟੈਸਟਾਂ ਦੀ ਲੜੀ ਵਿਚ 2-0 ਨਾਲ ਹਰਾ ਕੇ ਇੱਥੇ ਆਈ ਹੈ। ਭਾਰਤ 10 ਟੈਸਟਾਂ ਦੇ ਸੈਸ਼ਨ ਦੀ ਹਾਂ-ਪੱਖੀ ਸ਼ੁਰੂਆਤ ਕਰਨਾ ਚਾਹੇਗਾ, ਜਿਸ ਨਾਲ ਕਿ ਡਬਲਯੂ. ਟੀ. ਸੀ. ਫਾਈਨਲ ਦਾ ਦਾਅਵਾ ਮਜ਼ਬੂਤ ਕਰ ਸਕੇ। ਪਿਛਲੇ ਦਹਾਕੇ ਵਿਚ ਘਰੇਲੂ ਧਰਤੀ ’ਤੇ ਭਾਰਤ ਦੀ ਜਿੱਤ-ਹਾਰ ਦਾ ਰਿਕਾਰਡ 40-5 ਰਿਹਾ ਹੈ ਜਿਹੜਾ ਬੇਜੋੜ ਹੈ ਪਰ ਪਿਛਲੇ ਤਿੰਨ ਸਾਲਾਂ ਵਿਚ ਕੁਝ ਕਮਜ਼ੋਰੀਆਂ ਉਜਾਗਰ ਹੋਈਆਂ ਹਨ, ਵਿਸ਼ੇਸ਼ ਤੌਰ ’ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਮਾਮਲੇ ਵਿਚ।
ਵਤਨ ਵਿਚ 2015 ਤੋਂ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਵਿਚ ਕੋਹਲੀ ਦੀ ਅਹਿਮ ਭੂਮਿਕਾ ਰਹੀ ਹੈ ਤੇ ਉਸ ਨੇ ਸਾਰੇ ਗੇਂਦਬਾਜ਼ਾਂ ਵਿਰੁੱਧ ਦੌੜਾਂ ਬਣਾਈਆਂ ਹਨ ਪਰ 2021 ਤੋਂ ਸਪਿਨ ਵਿਰੁੱਧ ਉਸਦੇ ਪ੍ਰਦਰਸ਼ਨ ਵਿਚ ਗਿਰਾਵਟ ਆਈ ਹੈ। ਇਸ ਦੌਰਾਨ 15 ਟੈਸਟਾਂ ਵਿਚ ਉਸਦੀ ਔਸਤ 30 ਦੀ ਰਹੀ ਹੈ। ਇਹ ਬੱਲੇਬਾਜ਼ ਦੇ ਰੂਪ ਵਿਚ ਕੋਹਲੀ ਦੇ ਆਸਾਧਾਰਨ ਗੁਣਾਂ ਵਿਰੁੱਧ ਨਹੀਂ ਹੈ ਪਰ ਇਹ ਇਕ ਅਜਿਹਾ ਵਿਭਾਗ ਹੈ, ਜਿਸ ਵਿਚ ਇਹ ਚੈਂਪੀਅਨ ਕ੍ਰਿਕਟਰ ਨਿਸ਼ਚਿਤ ਰੂਪ ਨਾਲ ਖੁਦ ਸੁਧਾਰ ਕਰਨਾ ਚਾਹੇਗਾ।
ਕਪਤਾਨ ਰੋਹਿਤ ਸ਼ਰਮਾ ਸਪਿਨ ਨੂੰ ਢਹਿ-ਢੇਰੀ ਕਰਨ ਵਿਚ ਸਫਲ ਰਿਹਾ ਹੈ, ਵਿਸ਼ੇਸ਼ ਤੌਰ ’ਤੇ 2017 ਵਿਚ ਦੱਖਣੀ ਅਫਰੀਕਾ ਵਿਰੁੱਧ ਸਲਾਮੀ ਬੱਲੇਬਾਜ਼ ਦੀ ਜ਼ਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਤੋਂ। ਉਸ ਨੇ ਸਪਿਨਰਾਂ ਵਿਰੁੱਧ 90 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਪਰ 2021 ਤੋਂ ਸਪਿਨਰਾਂ ਵਿਰੁੱਧ ਉਸਦੇ ਪ੍ਰਦਰਸ਼ਨ ਵਿਚ ਵੀ ਗਿਰਾਵਟ ਆਈ ਹੈ ਤੇ ਉਹ 15 ਮੈਚਾਂ ਵਿਚ 44 ਦੀ ਔਸਤ ਨਾਲ ਦੌੜਾਂ ਬਣਾ ਸਕਿਆ ਹੈ। ਰੋਹਿਤ ਨੇ ਤੇਜ਼ ਗੇਂਦਬਾਜ਼ਾਂ ਤੇ ਸਪਿਨ ਵਿਰੁੱਧ ਲੋਕੇਸ਼ ਰਾਹੁਲ ਨੂੰ ਸਮਾਨ ਰੂਪ ਨਾਲ ਪ੍ਰਭਾਵਸ਼ਾਲੀ ਦੱਸਿਆ ਹੈ ਪਰ ਅੰਕੜੇ ਕੁਝ ਹੋਰ ਬਿਆਨ ਕਰਦੇ ਹਨ। ਪਿਛਲੇ ਤਿੰਨ ਸਾਲਾਂ ਵਿਚ ਰਾਹੁਲ ਨੇ ਵਤਨ ਵਿਚ 5 ਟੈਸਟ ਖੇਡੇ ਹਨ ਤੇ ਸਪਿਨਰਾਂ ਵਿਰੁੱਧ ਖੱਬੇ ਹੱਥ ਦੇ ਇਸ ਬੱਲੇਬਾਜ਼ ਦੀ ਔਸਤ ਸਿਰਫ 23.40 ਰਹੀ ਹੈ। ਸਮੂਹਿਕ ਰੂਪ ਨਾਲ ਇਨ੍ਹਾਂ ਅੰਕੜਿਆਂ ਨੂੰ ਕਮਜ਼ੋਰ ਹੁੰਦੀ ਕਲਾ ਦੇ ਸੰਕੇਤ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ ਤੇ ਸ਼ਾਇਦ ਸਪਿਨ ਖੇਡਣ ਦੀ ਕਲਾ ਨੂੰ ਨਿਖਾਰਨ ’ਤੇ ਫਿਰ ਧਿਆਨ ਕੇਂਦ੍ਰਿਤ ਕਰਨ ਦੀ ਯਾਦ ਦਿਵਾਉਣ ਦੇ ਰੂਪ ਵਿਚ ਜੋ ਵੀ ਦੁਨੀਆ ਦੇ ਇਸ ਹਿੱਸੇ ਦੇ ਬੱਲੇਬਾਜ਼ਾਂ ਦੀ ਮੁੱਖ ਤਾਕਤ ਰਹੀ ਹੈ।
ਸਹਾਇਕ ਕੋਚ ਰਿਆਨ ਟੇਨ ਡੋਏਸ਼ੇ ਨੇ ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਭਾਰਤ ਦੀ 0-2 ਨਾਲ ਹਾਰ ਤੋਂ ਬਾਅਦ ਇਸ ਮੁੱਦੇ ’ਤੇ ਜ਼ੋਰ ਦਿੱਤਾ ਸੀ। ਹਾਲਾਂਕਿ ਰਿਸ਼ਭ ਪੰਤ (5 ਮੈਚਾਂ ਵਿਚ 70 ਦੀ ਔਸਤ ਨਾਲ ਦੌੜਾਂ), ਸ਼ੁਭਮਨ ਗਿੱਲ (10 ਮੈਚਾਂ ਵਿਚ 56 ਦੀ ਔਸਤ ਨਾਲ ਦੌੜਾਂ) ਤੇ ਯਸ਼ਸਵੀ ਜਾਇਸਵਾਲ (5 ਮੈਚਾਂ ਵਿਚ 115 ਦੀ ਔਸਤ ਨਾਲ ਦੌੜਾਂ) ਨੇ ਸਪਿਨਰਾਂ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈ। ਜਾਇਸਵਾਲ ਤੇ ਗਿੱਲ ਨੇ ਹਾਲਾਂਕਿ ਜ਼ਿਆਦਾਤਰ ਦੌੜਾਂ ਇਸ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਵਿਰੁੱਧ ਲੜੀ ਵਿਚ ਬਣਾਈਆਂ, ਜਿਸ ਦੇ ਕੋਲ ਤਜਰਬੇਕਾਰ ਸਪਿਨ ਗੇਂਦਬਾਜ਼ ਨਹੀਂ ਹਨ।
ਇਸ ਦੇ ਉਲਟ ਬੰਗਲਾਦੇਸ਼ ਕੋਲ ਖੱਬੇ ਹੱਥ ਦੇ ਸ਼ਾਕਿਬ ਅਲ ਹਸਨ ਤੇ ਤਾਇਜੁਲ ਇਸਲਾਮ ਅਤੇ ਆਫ ਸਪਿਨਰ ਮੇਹਦੀ ਹਸਨ ਮਿਰਾਜ ਦੇ ਰੂਪ ਵਿਚ ਕਿਤੇ ਬਿਹਤਰ ਸਪਿਨਰ ਮੌਜੂਦ ਹਨ ਜਿਹੜੇ ਆਪਣੇ ਦਿਨ ਕਿਸੇ ਵੀ ਬੱਲੇਬਾਜ਼ੀ ਕ੍ਰਮ ਨੂੰ ਢਹਿ-ਢੇਰੀ ਕਰਨ ਵਿਚ ਸਮਰੱਥ ਹਨ। ਸਾਲ 2022 ਵਿਚ ਭਿਆਨਕ ਕਾਰ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਪੰਤ ਪਹਿਲੀ ਵਾਰ ਟੈਸਟ ਕ੍ਰਿਕਟ ਵਿਚ ਖੇਡਦਾ ਹੋਇਆ ਨਜ਼ਰ ਆਵੇਗਾ।
ਗੇਂਦਬਾਜ਼ੀ ਵਿਭਾਗ ਵਿਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦਾ ਆਖਰੀ-11 ਵਿਚ ਜਗ੍ਹਾ ਬਣਾਉਣਾ ਲੱਗਭਗ ਤੈਅ ਹੈ ਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿਚ ਇਹ ਇਕ ਮਜ਼ਬੂਤ ਗੇਂਦਬਾਜ਼ੀ ਇਕਾਈ ਹੈ। ਭਾਰਤ ਨੂੰ ਹਾਲਾਂਕਿ ਇਹ ਫੈਸਲਾ ਕਰਨਾ ਹੋਵੇਗਾ ਕਿ ਐੱਮ. ਏ. ਚਿਦੰਬਰਮ ਸਟੇਡੀਅਮ ਦੀ ਲਾਲ ਮਿੱਟੀ ਦੀ ਪਿੱਚ ’ਤੇ ਆਕਾਸ਼ ਦੀਪ ਜਾਂ ਯਸ਼ ਦਿਆਲ ਵਿਚੋਂ ਕਿਸੇ ਇਕ ਨੂੰ ਤੀਜੇ ਤੇਜ਼ ਗੇਂਦਬਾਜ਼ ਦੇ ਰੂਪ ਵਿਚ ਖਿਡਾਏ ਜਾਂ ਫਿਰ ਘਰੇਲੂ ਟੈਸਟ ਵਿਚ ਤਿੰਨ ਸਪਿਨਰਾਂ ਦੇ ਨਾਲ ਉਤਰਨ ਦੀ ਆਦਤ ਨੂੰ ਬਰਕਰਾਰ ਰੱਖਦੇ ਹੋਏ ਕੁਲਦੀਪ ਯਾਦਵ ਨੂੰ ਮੌਕਾ ਦੇਵੇ। ਭਾਰਤ ਹਾਲਾਂਕਿ ਅਕਸ਼ਰ ਪਟੇਲ ਨੂੰ ਮੌਕਾ ਦੇਣ ’ਤੇ ਵੀ ਵਿਚਾਰ ਕਰ ਸਕਦ ਹੈ ਕਿਉਂਕਿ ਇਸ ਨਾਲ ਬੰਗਲਾਦੇਸ਼ ਵਿਰੁੱਧ ਹੇਠਲਾ ਬੱਲੇਬਾਜ਼ੀ ਕ੍ਰਮ ਮਜ਼ਬੂਤ ਹੋਵੇਗਾ।
ਭਾਰਤ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਆਪਣੇ ਮਾਰਗਦਰਸ਼ਨ ਵਿਚ ਹੋਣ ਵਾਲੀ ਪਹਿਲੀ ਟੈਸਟ ਲੜੀ ਜਿੱਤ ਕੇ ਹਾਂ-ਪੱਖੀ ਸ਼ੁਰੂਆਤ ਕਰਨਾ ਚਾਹੇਗਾ। ਉਸਦੇ ਮਾਰਦਰਸ਼ਨ ਵਿਚ ਭਾਰਤ ਨੇ ਸ਼੍ਰੀਲੰਕਾ ਵਿਚ ਟੀ-20 ਲੜੀ 3-0 ਨਾਲ ਜਿੱਤੀ ਸੀ ਪਰ ਵਨ ਡੇ ਲੜੀ 0-2 ਨਾਲ ਗਵਾਈ। ਬੰਗਲਾਦੇਸ਼ ਦੇ ਇਸ ਮੁਕਾਬਲੇ ਵਿਚ ਨਾਹਿਦ ਰਾਣਾ ਤੇ ਹਸਨ ਮਹਿਮੂਦ ਦੇ ਰੂਪ ਵਿਚ ਦੋ ਤੂਫਾਨੀ ਗੇਂਦਬਾਜ਼ਾਂ ਦੇ ਰੂਪ ਵਿਚ ਉਤਰਨ ਦੀ ਸੰਭਾਵਨਾ ਹੈ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ-ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ, ਧਰੁਵ ਜੁਰੇਲ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਯਸ਼ ਦਿਆਲ।
ਬੰਗਲਾਦੇਸ਼ - ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਨਈਮ ਹਸਨ, ਨਾਹਿਦ ਰਾਣਾ, ਹਸਨ ਮਹਿਮੂਦ, ਤਾਸਕਿਨ ਅਹਿਮਦ, ਸਈਅਦ ਖਾਲਿਦ ਅਹਿਮਦ ਤੇ ਜਾਕਿਰ ਅਲੀ ਅਨਿਕ।
ਮੈਚ ਦਾ ਸਮਾਂ ਸਵੇਰੇ 9.30
ਬੁਮਰਾਹ ਦੇ ਹੁਨਰ ਨੇ ਆਸਟ੍ਰੇਲੀਆ 'ਚ ਭਾਰਤ ਨੂੰ ਬੜ੍ਹਤ ਦਿਵਾਈ : ਸਾਬਕਾ ਆਸਟ੍ਰੇਲੀਆਈ ਕਪਤਾਨ
NEXT STORY