ਤਿਰੂਵਨੰਤਪੁਰਮ/ਜਲੰਧਰ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਅੱਜ ਕੇਰਲਾ ਦੇ ਤਿਰੂਵਨੰਤਪੁਰਮ ਸਥਿਤ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਪਹਿਲਾਂ ਹੀ ਇਸ ਸੀਰੀਜ਼ 'ਤੇ ਕਬਜ਼ਾ ਕਰ ਚੁੱਕਾ ਹੈ, ਪਰ ਨਿਊਜ਼ੀਲੈਂਡ ਨੇ ਚੌਥੇ ਮੈਚ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ ਨੂੰ 'ਕਲੀਨ ਸਵੀਪ' ਕਰਨ ਤੋਂ ਰੋਕ ਦਿੱਤਾ ਸੀ। ਅੱਜ ਦਾ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਵੇਗਾ ਅਤੇ ਇਸ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਅਤੇ ਜੀਓ ਹੌਟਸਟਾਰ 'ਤੇ ਕੀਤਾ ਜਾਵੇਗਾ।
ਸੰਜੂ ਸੈਮਸਨ ਲਈ ਵੱਡੀ ਪ੍ਰੀਖਿਆ
ਅੱਜ ਦੇ ਮੈਚ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਸਥਾਨਕ ਸਟਾਰ ਸੰਜੂ ਸੈਮਸਨ ਹੋਣਗੇ, ਜੋ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਮੈਦਾਨ ਵਿੱਚ ਉਤਰਨਗੇ। ਹਾਲਾਂਕਿ ਸੈਮਸਨ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ ਪਹਿਲੀ ਪਸੰਦ ਦੇ ਸਲਾਮੀ ਬੱਲੇਬਾਜ਼ ਅਤੇ ਵਿਕਟਕੀਪਰ ਵਜੋਂ ਦੇਖਿਆ ਜਾ ਰਿਹਾ ਹੈ, ਪਰ ਇਸ ਸੀਰੀਜ਼ ਵਿੱਚ ਉਨ੍ਹਾਂ ਦਾ ਬੱਲਾ ਹੁਣ ਤੱਕ ਸ਼ਾਂਤ ਰਿਹਾ ਹੈ। ਉਨ੍ਹਾਂ ਨੇ ਪਿਛਲੀਆਂ ਚਾਰ ਪਾਰੀਆਂ ਵਿੱਚ ਸਿਰਫ਼ 40 ਦੌੜਾਂ ਬਣਾਈਆਂ ਹਨ, ਇਸ ਲਈ ਅੱਜ ਉਹ ਇੱਕ ਵੱਡੀ ਪਾਰੀ ਖੇਡ ਕੇ ਆਪਣੇ ਆਤਮ-ਵਿਸ਼ਵਾਸ ਨੂੰ ਮੁੜ ਹਾਸਲ ਕਰਨਾ ਚਾਹੁਣਗੇ।
ਹੈੱਡ-ਟੂ-ਹੈੱਡ
ਰਿਕਾਰਡ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ 29 ਟੀ-20 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 17 (ਦੋ ਸੁਪਰ ਓਵਰ ਵਿੱਚ) ਅਤੇ ਨਿਊਜ਼ੀਲੈਂਡ ਨੇ 11 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਇੱਕ ਮੈਚ ਟਾਈ ਰਿਹਾ ਹੈ।
ਪਿੱਚ ਰਿਪੋਰਟ
ਤਿਰੂਵਨੰਤਪੁਰਮ ਦੀ ਪਿੱਚ ਆਮ ਤੌਰ 'ਤੇ ਬੱਲੇਬਾਜ਼ਾਂ ਲਈ ਮਦਦਗਾਰ ਹੁੰਦੀ ਹੈ ਅਤੇ ਇੱਥੇ ਵੱਡੇ ਸਕੋਰ ਬਣਨ ਦੀ ਉਮੀਦ ਹੈ। ਭਾਰਤ ਨੇ ਇਸ ਮੈਦਾਨ 'ਤੇ ਹੁਣ ਤੱਕ ਖੇਡੇ ਗਏ ਚਾਰ ਵਿੱਚੋਂ ਤਿੰਨ ਮੈਚ ਜਿੱਤੇ ਹਨ।
ਟੀਮ ਇੰਡੀਆ ਦੀ ਰਣਨੀਤੀ
ਭਾਰਤ ਅੱਜ ਆਪਣੀ ਗੇਂਦਬਾਜ਼ੀ ਵਿੱਚ ਇੱਕ ਵਾਰ ਫਿਰ ਬਦਲਾਅ ਕਰ ਸਕਦਾ ਹੈ।ਪਿਛਲੇ ਦੋ ਮੈਚਾਂ ਤੋਂ ਆਰਾਮ ਕਰ ਰਹੇ ਸਪਿਨਰ ਵਰੁਣ ਚੱਕਰਵਰਤੀ ਦੀ ਅੱਜ ਵਾਪਸੀ ਹੋ ਸਕਦੀ ਹੈ। ਚੌਥੇ ਮੈਚ ਵਿੱਚ ਭਾਰਤ ਨੇ ਪ੍ਰਯੋਗ ਕਰਦਿਆਂ ਹਾਰਦਿਕ ਪਾਂਡਿਆ ਅਤੇ ਸ਼ਿਵਮ ਦੂਬੇ ਤੋਂ ਗੇਂਦਬਾਜ਼ੀ ਨਹੀਂ ਕਰਵਾਈ ਸੀ, ਪਰ ਅੱਜ ਟੀਮ ਸੰਤੁਲਿਤ ਪਲੇਇੰਗ-11 ਨਾਲ ਉਤਰ ਸਕਦੀ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਇਲੈਵਨ
ਭਾਰਤ ਦੀ ਸੰਭਾਵਿਤ ਇਲੈਵਨ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ
ਨਿਊਜ਼ੀਲੈਂਡ ਦੀ ਸੰਭਾਵਿਤ ਇਲੈਵਨ: ਡੇਵੋਨ ਕੌਨਵੇ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਮੈਟ ਹੈਨਰੀ, ਕਾਇਲ ਜੈਮੀਸਨ, ਈਸ਼ ਸੋਢੀ, ਜੈਕਬ ਡਫੀ/ਲੌਕੀ ਫਰਗੂਸਨ।
ਸੈਫ ਅੰਡਰ-19 ਮਹਿਲਾ ਚੈਂਪੀਅਨਸ਼ਿਪ ਦੀ ਚੁਣੌਤੀ ਲਈ ਤਿਆਰ ਭਾਰਤੀ ਅੰਡਰ-17 ਟੀਮ
NEXT STORY