ਸਪੋਰਟਸ ਡੈਸਕ- ਦੱਖਣੀ ਅਫਰੀਕਾ ਨੇ ਕੱਸੀ ਹੋਈ ਗੇਂਦਬਾਜ਼ੀ ਤੋਂ ਬਾਅਦ ਹੈਨਰਿਕ ਕਲਾਸੇਨ (81) ਦੀ ਕਮਾਲ ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਐਤਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 2-0 ਬੜ੍ਹਤ ਹਾਸਲ ਕੀਤੀ। ਭਾਰਤੀ ਬੱਲੇਬਾਜ਼ਾਂ ਨੂੰ ਦੱਖਣੀ ਅਫਰੀਕਾ ਦੀ ਕੱਸੀ ਗੇਂਦਬਾਜ਼ੀ ਵਿਰੁੱਧ ਖੇਡਣ ਵਿਚ ਕਾਫੀ ਦਿੱਕਤ ਹੋਈ, ਜਿਸ ਨਾਲ ਟੀਮ ਬਾਰਬਤੀ ਦੀ ਮੁਸ਼ਕਿਲ ਪਿੱਚ ’ਤੇ 6 ਵਿਕਟਾਂ ’ਤੇ 148 ਦੌੜਾਂ ਹੀ ਬਣਾ ਸਕੀ। ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (4 ਓਵਰਾਂ ਵਿਚ 13 ਦੌੜਾਂ ਦੇ ਕੇ 4 ਵਿਕਟਾਂ) ਨੇ ਵੀ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਪਾਵਰਪਲੇਅ ਵਿਚ ਸ਼ੁਰੂਆਤੀ 3 ਵਿਕਟਾਂ ਆਪਣੇ ਨਾਂ ਕੀਤੀਆਂ ਪਰ ਵਿਚਾਲੇ ਦੇ ਓਵਰਾਂ ਵਿਚ ਵਿਕਟ ਨਾ ਲੈਣ ਦਾ ਖਾਮਿਆਜਾ ਭਾਰਤ ਨੂੰ ਦੂਜੀ ਹਾਰ ਨਾਲ ਭੁਗਤਣਾ ਪਿਆ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ ਕਲਾਸੇਨ (46 ਗੇਂਦਾਂ, 7 ਚੌਕੇ, 5 ਛੱਕੇ) ਦੇ ਅਰਧ ਸੈਂਕੜੇ ਤੇ ਕਪਤਾਨ ਤੇਂਬਾ ਬਾਵੂਮਾ (35) ਨਾਲ ਚੌਥੀ ਵਿਕਟ ਲਈ 64 ਦੌੜਾਂ ਤੇ ਫਾਰਮ ਵਿਚ ਚੱਲ ਰਹੇ ਡੇਵਿਡ ਮਿਲਰ (ਅਜੇਤੂ 20) ਦੇ ਨਾਲ ਪੰਜਵੀਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨਾਲ 18.2 ਓਵਰਾਂ ਵਿਚ 149 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਭੁਵਨੇਸ਼ਵਰ ਨੇ ਪਹਿਲੇ ਹੀ ਓਵਰ ਦੀ ਆਖਰੀ ਗੇਂਦ ’ਤੇ ਰੀਜਾ ਹੈਂਡ੍ਰਿਕਸ (4) ਨੂੰ ਬੋਲਡ ਕਰਕੇ ਸ਼ਾਨਦਾਰ ਸ਼ੁਰੂਆਤ ਕਰਵਾਈ। ਉਸ ਨੇ ਫਿਰ ਦੂਜੇ ਹੀ ਓਵਰ ਵਿਚ ਡਵੇਨ ਪ੍ਰਿਟੋਰੀਅਸ (4) ਨੂੰ ਵੀ ਪੈਵੇਲੀਅਨ ਭੇਜ ਕੇ ਦੂਜਾ ਝਟਕਾ ਦਿੱਤਾ। ਅਫਰੀਕੀ ਟੀਮ ਦਬਾਅ ਵਿਚ ਆ ਗਈ ਸੀ ਤੇ ਬਾਵੂਮਾ ਨੇ ਹੱਥ ਖੋਲ੍ਹਦੇ ਹੋਏ ਹਾਰਦਿਕ ਪੰਡਯਾ ’ਤੇ ਆਫ ਸਾਈਡ ਵਿਚ ਸ਼ਾਨਦਾਰ ਛੱਕਾ ਲਾਇਆ। ਭੁਵਨੇਸ਼ਵਰ ਨੇ ਆਪਣੇ ਤੀਜੇ ਓਵਰ ਵਿਚ ਰਾਸੀ ਵਾਨ ਡਰ ਡੂਸੇਨ (1) ਦੀ ਸਟੰਪ ਉਖਾੜ ਦਿੱਤੀ। ਇਸ ਨਾਲ ਦੱਖਣੀ ਅਫਰੀਕਾ ਨੇ ਪਾਵਰਪਲੇਅ ਦੇ ਆਖਰੀ ਓਵਰ ਵਿਚ ਆਪਣੀ ਤੀਜੀ ਵਿਕਟ ਗੁਆਈ ਤੇ ਉਸਦਾ ਸਕੋਰ 3 ਵਿਕਟਾਂ ’ਤੇ 23 ਦੌੜਾਂ ਹੋ ਗਿਆ। ਇਨ੍ਹਾਂ ਝਟਕਿਆਂ ਤੋਂ ਉੱਭਰਨ ਲਈ ਦੱਖਣੀ ਅਫਰੀਕਾ ਨੂੰ ਵੱਡੀ ਸਾਂਝੇਦਾਰੀ ਦੀ ਲੋੜ ਸੀ, ਜਿਸ ਲਈ ਕਵਿੰਟਨ ਡੀ ਕੌਕ ਦੇ ਜ਼ਖ਼ਮੀ ਹੋਣ ਕਾਰਨ ਮੈਚ ਵਿਚ ਖੇਡਣ ਉਤਰੇ ਕਲਾਸੇਨ ਤੇ ਬਾਵੂਮਾ ਨੇ ਇਹ ਜ਼ਿੰਮੇਵਾਰੀ ਨਿਭਾਈ।
ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ (40) ਭਾਰਤ ਲਈ ਟਾਪ ਸਕੋਰਰ ਰਿਹਾ ਜਦਕਿ ਇਸ਼ਾਨ ਕਿਸ਼ਨ ਨੇ ਸ਼ੁਰੂ ਵਿਚ ਕੁਝ ਬਿਹਤਰੀਨ ਸ਼ਾਟਾਂ ਖੇਡ ਕੇ 21 ਗੇਂਦਾਂ ਵਿਚ 34 ਦੌੜਾਂ ਦੀ ਪਾਰੀ ਖੇਡੀ ਪਰ ਵਿਚਾਲੇ ਦੇ ਓਵਰਾਂ ਵਿਚ ਲੈਅ ਗੁਆ ਬੈਠੇ। ਫਾਰਮ ਵਿਚ ਚੱਲ ਰਹੇ ‘ਫਿਨਿਸ਼ਰ’ ਦਿਨੇਸ਼ ਕਾਰਤਿਕ ਨੂੰ 7ਵੇਂ ਨੰਬਰ ’ਤੇ ਅਕਸ਼ਰ ਪੇਟਲ ਤੋਂ ਬਾਅਦ ਭੇਜਿਆ ਗਿਆ, ਜਿਸ ਵਿਚ ਰਿਸ਼ਭ ਪੰਤ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਚੀਜ਼ਾਂ ਹੋਰ ਮੁਸ਼ਕਿਲ ਹੋ ਗਈਆਂ, ਜਿਹੜੀ ਲੜੀ ਵਿਚ 0-1 ਨਾਲ ਪਿਛੜ ਰਹੀ ਹੈ। ਕਾਰਤਿਕ ਨੇ 21 ਗੇਂਦਾਂ ਵਿਚ 2 ਛੱਕੇ ਤੇ 2 ਚੌਕੇ ਲਾ ਕੇ ਅਜੇਤੂ 30 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ ਸਨਮਾਨਜਨਕ ਸਕੋਰ ਬਣਾਉਣ ਵਿਚ ਮਦਦ ਕੀਤੀ। ਹਰਸ਼ਲ ਪਟੇਲ (ਅਜੇਤੂ 12) ਨੇ ਉਸਦਾ ਚੰਗਾ ਸਾਥ ਦਿੱਤਾ। ਇਨ੍ਹਾਂ ਦੋਵਾਂ ਨੇ ਮਿਲ ਕੇ ਭਾਰਤੀ ਰਨ ਰੇਟ ਵਿਚ ਸੁਧਾਰ ਕੀਤਾ ਤੇ ਆਖਰੀ ਤਿੰਨ ਓਵਰਾਂ ਵਿਚ 36 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : WWE ਰੈਸਲਰ Harley Cameron ਨੇ ਫਿੱਟਨੈਸ ਗਰਲਜ਼ ਮਾਡਲਸ ਲਈ ਦਿੱਤੇ ਹੌਟ ਪੋਜ਼, ਦੇਖੋ ਫੋਟੋਸ਼ੂਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਅਦਾਲਤ 'ਚ ਰੋਨਾਲਡੋ ਦੇ ਖ਼ਿਲਾਫ਼ ਜਬਰ-ਜ਼ਿਨਾਹ ਦਾ ਮੁਕੱਦਮਾ ਰੱਦ
NEXT STORY