ਸਿਡਨੀ– ਬੇਨ ਮੈਕਡਰਮਾਟ (ਅਜੇਤੂ 107) ਤੇ ਜੈਕ ਵਿਲਡਰਮਥ (ਅਜੇਤੂ 111) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ ਪੰਜਵੀਂ ਵਿਕਟ ਲਈ 165 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆ-ਏ ਨੇ ਭਾਰਤ ਵਿਰੁੱਧ ਐਤਵਾਰ ਨੂੰ ਤੀਜੇ ਤੇ ਆਖਰੀ ਦਿਨ ਤਿੰਨ ਦਿਨਾ ਡੇ-ਨਾਈਟ ਅਭਿਆਸ ਮੈਚ ਡਰਾਅ ਕਰਵਾ ਲਿਆ। ਭਾਰਤ ਤੇ ਆਸਟਰੇਲੀਆ-ਏ ਨੇ ਸ਼ੁੱਕਰਵਾਰ ਦੀ ਖੇਡ ਵਿਚ ਅਪਾਣੀਆਂ-ਆਪਣੀਆਂ ਸਾਰੀਆਂ 10 ਵਿਕਟਾਂ ਗੁਆਈਆਂ ਸਨ ਪਰ ਦੂਜੇ ਦਿਨ ਸ਼ਨੀਵਾਰ ਨੂੰ ਭਾਰਤ ਵਲੋਂ ਹਨੁਮਾ ਵਿਹਾਰੀ (ਅਜੇਤੂ 104) ਤੇ ਵਿਕਟਕੀਪਰ ਰਿਸ਼ਭ ਪੰਤ (ਅਜੇਤੂ 103) ਨੇ ਸ਼ਾਨਦਾਰ ਸੈਂਕੜੇ ਲਾਏ ਜਦਕਿ ਐਤਵਾਰ ਨੂੰ ਤੀਜੇ ਦਿਨ ਆਸਟਰੇਲੀਆ-ਏ ਵਲੋਂ ਮੈਕਡਰਮਾਟ (ਅਜੇਤੂ 107) ਤੇ ਵਿਲਡਰਮਥ (ਅਜੇਤੂ 111) ਨੇ ਸੈਂਕੜੇ ਬਣਾਏ।
ਭਾਰਤ ਨੇ ਕੱਲ ਦੀਆਂ 4 ਵਿਕਟਾਂ 'ਤੇ 386 ਦੌੜਾਂ ਦੇ ਸਕੋਰ 'ਤੇ ਆਪਣੀ ਪਾਰੀ ਖਤਮ ਐਲਾਨ ਕਰ ਦਿੱਤੀ ਤੇ ਆਸਟਰੇਲੀਆ-ਏ ਦੇ ਸਾਹਮਣੇ 473 ਦੌੜਾਂ ਦਾ ਟੀਚਾ ਰੱਖਿਆ। ਭਾਰਤ ਨੇ ਆਸਟਰੇਲੀਆ-ਏ ਦੀਆਂ 4 ਵਿਕਟਾਂ 142 ਦੌੜਾਂ ਤਕ ਸੁੱਟ ਦਿੱਤੀਆਂ ਸਨ ਪਰ ਮੈਡਰਮਾਟ ਤੇ ਵਿਲਡਰਮਥ ਨੇ ਸ਼ਾਨਦਾਰ ਸੈਂਕੜੇ ਲਾ ਕੇ ਮੈਚ ਡਰਾਅ ਕਰਵਾ ਦਿੱਤਾ।
ਭਾਰਤ ਤੇ ਆਸਟਰੇਲੀਆ ਵਿਚਾਲੇ 17 ਦਸੰਬਰ ਤੋਂ ਐਡੀਲੇਡ ਵਿਚ ਹੋਣ ਵਾਲੇ ਪਹਿਲੇ ਡੇ-ਨਾਈਟ ਟੈਸਟ ਤੋਂ ਪਹਿਲਾਂ ਇਹ ਆਖਰੀ ਅਭਿਆਸ ਮੈਚ ਸੀ। ਭਾਰਤ ਨੇ ਇਸ ਪਹਿਲਾਂ ਆਸਟਰੇਲੀਆ-ਏ ਵਿਰੁੱਧ 3 ਦਿਨਾ ਅਭਿਆਸ ਮੈਚ ਖੇਡਿਆ ਸੀ, ਜਿਹੜਾ ਡਰਾਅ ਰਿਹਾ ਸੀ। ਭਾਰਤ ਨੇ ਆਪਣੀ ਪਾਰੀ ਕੱਲ ਦੇ ਸਕੋਰ 'ਤੇ ਐਲਾਨ ਕਰਕੇ ਆਸਟਰੇਲੀਆ-ਏ ਦੇ ਸਾਹਮਣੇ ਬੇਹੱਦ ਮੁਸ਼ਕਿਲ ਰੱਖ ਦਿੱਤਾ।
ਆਸਟਰੇਲੀਆ-ਏ ਦੀ ਸ਼ੁਰੂਆਤ ਖਰਾਬ ਰਹੀ ਤੇ ਉਸਦੀਆਂ 3 ਵਿਕਟਾਂ ਸਿਰਫ 25 ਦੌੜਾਂ 'ਤੇ ਡਿੱਗ ਗਈਆਂ ਸਨ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਦੋਵੇਂ ਓਪਨਰਾਂ ਮਾਰਕਸ ਹੈਰਿਸ ਤੇ ਜੋ ਬਰਨਸ ਨੂੰ ਪੈਵੇਲੀਅਨ ਭੇਜਿਆ। ਹੈਰਿਸ ਦਾ ਕੈਚ ਪ੍ਰਿਥਵੀ ਸ਼ਾਹ ਨੇ ਫੜਿਆ ਜਦਕਿ ਬਰਨਸ ਐੱਲ. ਬੀ. ਡਬਲਯੂ. ਆਊਟ ਹੋਇਆ। ਮਾਰਕਸ ਨੇ 5 ਤੇ ਬਰਨਸ ਨੇ 1 ਦੌੜ ਬਣਾਈ।
ਮੁਹੰਮਦ ਸਿਰਾਜ ਨੇ ਨਿਕ ਮੈਡਿਨਸਨ ਨੂੰ ਪੈਵੇਲੀਅਨ ਭੇਜਿਆ। ਮੈਡਿਨਸਨ ਨੇ 14 ਦੌੜਾਂ ਬਣਾਈਆਂ। ਮੈਕਡਰਮਾਟ ਨੇ ਕਪਤਾਨ ਐਲਕਸ ਕੈਰੀ ਦੇ ਨਾਲ ਚੌਥੀ ਵਿਕਟ ਲਈ 117 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟਰੇਲੀਆ-ਏ ਨੂੰ ਸੰਕਟ ਵਿਚੋਂ ਬਾਹਰ ਕੱਢ ਦਿੱਤਾ। ਕੈਰੀ ਨੇ 111 ਗੇਂਦਾਂ 'ਤੇ 58 ਦੌੜਾਂ ਵਿਚ 7 ਚੌਕੇ ਲਾਏ। ਕੈਰੀ ਨੂੰ ਹਨੁਮਾ ਵਿਹਾਰੀ ਨੇ ਆਊਟ ਕੀਤਾ।
ਕੈਰੀ ਦੀ ਵਿਕਟ ਡਿੱਗਣ ਤੋਂ ਬਾਅਦ ਮੈਕਡਰਮਾਟ ਤੇ ਵਿਲਡਰਮਥ ਨੇ 165 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਮੈਕਡਰਮਥ ਨੇ 167 ਗੇਂਦਾਂ 'ਤੇ 16 ਚੌਕਿਆਂ ਦੀ ਮਦਦ ਨਾਲ ਅਜੇਤੂ 107 ਦੌੜਾਂ ਤੇ ਵਿਲਡਰਮਥ ਨੇ 119 ਗੇਂਦਾਂ 'ਤੇ 12 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 111 ਦੌੜਾਂ ਬਣਾਈਆਂ। ਭਾਰਤ ਵਲੋਂ ਸ਼ੰਮੀ ਨੇ 58 ਦੌੜਾਂ 'ਤੇ 2 ਵਿਕਟਾਂ, ਸਿਰਾਜ ਨੇ 54 ਦੌੜਾਂ 'ਤੇ 1 ਵਿਕਟ ਤੇ ਹਨੁਮਾ ਨੇ 14 ਦੌੜਾਂ 'ਤੇ 1 ਵਿਕਟ ਹਾਸਲ ਕੀਤੀ।
ਭਾਰਤ ਲਈ ਡੇ-ਨਾਈਟ ਦੇ ਇਸ ਅਭਿਆਸ ਮੈਚ ਵਿਚ ਗੇਂਦਬਾਜ਼ੀ ਤੇ ਬੱਲੇਬਾਜ਼ੀ ਵਿਚ ਕੁਝ ਹਾਂ-ਪੱਖੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਪਹਿਲੇ ਦਿਨ ਜਦੋਂ ਭਾਰਤੀ ਟੀਮ 194 ਦੌੜਾਂ ਬਣਾ ਕੇ ਆਊਟ ਹੋ ਗਈ ਸੀ ਤਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਆਸਟਰੇਲੀਆ-ਏ ਨੂੰ ਸਿਰਫ 108 ਦੌੜਾਂ 'ਤੇ ਸਮੇਟ ਦਿੱਤਾ ਸੀ।
ਪਹਿਲੇ ਟੈਸਟ ਵਿਚ ਵਿਕਟਕੀਪਰ ਲਈ ਕਾਫੀ ਦਿਲਚਸਪ ਸਥਿਤੀ ਬਣ ਰਹੀ ਹੈ। ਨਿਯਮਤ ਟੈਸਟ ਵਿਕਟਕੀਪਰ ਰਿਧੀਮਾਨ ਸਾਹਾ ਨੇ ਪਿਹਲੇ ਅਭਿਆਸ ਮੈਚ ਵਿਚ ਜ਼ੀਰੋ ਤੇ ਅਜੇਤੂ ਅਰਧ ਸੈਂਕੜਾ ਬਣਾਇਆ ਸੀ ਜਦਕਿ ਇਸ ਅਭਿਆਸ ਮੈਚ ਵਿਚ ਉਹ ਪਹਿਲੀ ਪਾਰੀ ਵਿਚ ਖਾਤਾ ਨਹੀਂ ਖੋਲ੍ਹ ਸਕਿਆ। ਪੰਤ ਨੇ ਪਹਿਲੀ ਪਾਰੀ ਵਿਚ 5 ਦੌੜਾਂ ਬਣਾਈਆਂ ਸਨ ਪਰ ਦੂਜੀ ਪਾਰੀ ਵਿਚ ਉਸ ਨੇ ਜਿਸ ਧਮਾਕੇਦਾਰ ਅੰਦਾਜ਼ ਵਿਚ ਸੈਂਕੜਾ ਬਣਾਇਆ, ਉਸ ਨਾਲ ਵਿਕਟਕੀਪਰ ਦੀ ਜਗਵਾ ਲਈ ਸਮੀਕਰਣ ਬਦਲ ਸਕਦੇ ਹਨ। ਪੰਤ ਨੇ ਆਸਟਰੇਲੀਆ- ਏ ਦੀ ਪਹਿਲੀ ਪਾਰੀ ਵਿਚ ਵਿਕਟਾਂ ਦੇ ਪਿੱਛੇ 4 ਕੈਚ ਵੀ ਫੜੇ ਸਨ।
ਕਪਤਾਨ ਵਿਰਾਟ ਕੋਹਲੀ, ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਤੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਇਸ ਅਭਿਆਸ ਮੈਚ ਵਿਚ ਨਹੀਂ ਖੇਡੇ ਸਨ ਤੇ ਉਹ 17 ਦਸੰਬਰ ਤੋਂ ਹੋਣ ਵਾਲੇ ਪਹਿਲੇ ਟੈਸਟ ਰਾਹੀਂ ਟੀਮ ਵਿਚ ਪਰਤਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਮੈਨੇਜਮੈਂਟ ਓਪਨਿੰਗ, ਵਿਕਟਕੀਪਿੰਗ ਤੇ ਤੇਜ਼ ਗੇਂਦਬਾਜ਼ੀ ਵਿਚ ਕੀ ਬਦਲ ਚੁਣਦੀ ਹੈ।
ਨੋਟ- ਮੈਕਡਰਮਾਟ ਤੇ ਵਿਲਡਰਮਥ ਦੇ ਸੈਂਕੜੇ, ਅਭਿਆਸ ਮੈਚ ਡਰਾਅ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਵਰੁਣ ਚੱਕਰਵਰਤੀ ਪ੍ਰੇਮਿਕਾ ਨਾਲ ਬੱਝੇ ਵਿਆਹ ਦੇ ਬੰਧਨ 'ਚ (ਵੀਡੀਓ)
NEXT STORY