ਜੋਹੋਰ ਬਾਰੂ (ਮਲੇਸ਼ੀਆ)— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਅੱਠਵੇਂ ਸੁਲਤਾਨ ਜੋਹੋਰ ਕੱਪ 'ਚ ਜੇਤੂ ਸ਼ੁਰੂਆਤ ਕੀਤੀ। ਹਰਮਨਜੀਤ ਸਿੰਘ (12ਵੇਂ ਮਿੰਟ) ਅਤੇ ਸ਼ੈਲਾਨੰਦ ਲਾਕੜਾ (46ਵੇਂ ਮਿੰਟ) ਨੇ ਭਾਰਤ ਲਈ ਗੋਲ ਕੀਤੇ ਜਦਕਿ ਮੁਹੰਮਦ ਜ਼ੈਦੀ (47ਵੇਂ) ਨੇ ਮਲੇਸ਼ੀਆ ਲਈ ਇਕਮਾਤਰ ਗੋਲ ਕੀਤਾ। ਦੋਹਾਂ ਟੀਮਾਂ ਵਿਚਾਲੇ ਮੈਚ ਦੇ ਸ਼ੁਰੂ ਹੁੰਦੇ ਹੀ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ 'ਚ ਕੋਈ ਵੀ ਟੀਮ ਗੇਂਦ ਨੂੰ ਆਪਣੇ ਵੱਲ ਜ਼ਿਆਦਾ ਦੇਰ ਤਕ ਰੱਖਣ 'ਚ ਸਫਲ ਨਹੀਂ ਰਹੀ।
10ਵੇਂ ਮਿੰਟ ਦੇ ਬਾਅਦ ਭਾਰਤੀ ਟੀਮ ਨੇ ਲੰਬੇ ਪਾਸ ਤੋਂ ਮਲੇਸ਼ੀਆਈ ਸਰਕਲ 'ਚ ਹਮਲਾ ਕੀਤਾ ਪਰ ਗੋਲਕੀਪਰ ਐਡ੍ਰੀਅਨ ਅਲਬਰਟ ਨੇ ਸ਼ਾਨਦਾਰ ਬਚਾਅ ਕੀਤਾ। ਇਸ ਤੋਂ ਦੋ ਮਿੰਟ ਬਾਅਦ ਹੀ ਹਰਮਨਜੀਤ ਨੇ ਗੋਲ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਉਨ੍ਹਾਂ ਦੇ ਸ਼ਾਟ ਨੂੰ ਅਲਬਰਟ ਰੋਕਣ 'ਚ ਸਫਲ ਨਹੀਂ ਰਹੇ ਅਤੇ ਟੀਮ ਨੇ 1-0 ਦੀ ਬੜ੍ਹਤ ਹਾਸਲ ਕਰ ਲਈ।
ਮਲੇਸ਼ੀਆ ਨੇ ਵੀ ਇਸ ਤੋਂ ਬਾਅਦ ਲਗਾਤਾਰ ਜਵਾਬੀ ਹਮਲੇ ਕੀਤੇ ਪਰ ਭਾਰਤੀ ਡਿਫੈਂਸ ਲਾਈਨ ਨੇ ਉਨ੍ਹਾਂ ਦੇ ਹਮਲੇ ਨੂੰ ਅਸਫਲ ਕਰ ਦਿੱਤਾ। ਚੌਥੇ ਕੁਆਰਟਰ ਦੇ ਸ਼ੁਰੂਆਤ 'ਚ ਲਾਕੜਾ ਨੇ ਗੋਲ ਕਰਕੇ ਭਾਰਤ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ। ਇਸ ਦੇ ਇਕ ਮਿੰਟ ਬਾਅਦ ਹੀ ਜ਼ੈਦੀ ਨੇ ਮਲੇਸ਼ੀਆ ਲਈ ਗੋਲ ਕਰ ਦਿੱਤਾ ਅਤੇ ਸਕੋਰ 2-1 ਹੋ ਗਿਆ। ਮੈਚ ਦੇ ਆਖਰੀ ਪਲਾਂ 'ਚ ਦੋਹਾਂ ਟੀਮਾਂ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਕਿਸੇ ਦੀ ਹੱਥ ਨਾ ਲੱਗੀ। ਭਾਰਤੀ ਟੀਮ ਆਪਣਾ ਅਗਲਾ ਮੈਚ ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਖੇਡੇਗੀ।
ਮੇਸੀ ਬਣਿਆ ਚੈਂਪੀਅਨਸ ਲੀਗ ਪਲੇਅਰ ਆਫ ਦਿ ਵੀਕ
NEXT STORY