ਸਪੋਰਟਸ ਡੈਸਕ— ਸਟ੍ਰਾਈਕਰ ਸ਼੍ਰੀਦਾਰਥ ਨੋਂਗਮੇਈਕਪਮ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤ ਨੇ ਨੇਪਾਲ ਨੂੰ ਸੈਫ ਅੰਡਰ-15 ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸ਼ਨੀਵਾਰ ਨੂੰ 7-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਵਲੋਂ ਨੋਂਗਮੇਈਕਪਮ ਨੇ 51ਵੇਂ, 76ਵੇਂ ਅਤੇ 80ਵੇਂ ਮਿੰਟ ਵਿਚ 3 ਗੋਲ ਕਰ ਕੇ ਆਪਣੀ ਹੈਟਿ੍ਰਕ ਪੂਰੀ ਕੀਤੀ। ਭਾਰਤ ਦੇ ਹੋਰ ਗੋਲ ਮਾਹੇਸਨ ਸਿੰਘ ਨੇ 15ਵੇਂ, ਅਮਨਦੀਪ ਨੇ 42ਵੇਂ, ਸਿਬਾਜੀਤ ਸਿੰਘ ਨੇ 45ਵੇਂ ਅਤੇ ਹਿਮਾਂਸ਼ੂ ਜਾਂਗੜਾ ਨੇ 65ਵੇਂ ਮਿੰਟ ਵਿਚ ਕੀਤੇ। ਨੇਪਾਲ ਦੀ ਟੀਮ ਕੋਈ ਵੀ ਗੋਲ ਕਰਨ ਵਿਚ ਸਫਲ ਨਹੀਂਂ ਹੋ ਸਕੀ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਕੁੱਲ ਪੰਜ ਮੈਚਾਂ ਵਿਚ 28 ਗੋਲ ਕੀਤੇ। ਭਾਰਤ ਨੇ ਇਹ ਟੂਰਨਾਮੈਂਟ ਸਭ ਤੋਂ ਵੱਧ 3 ਵਾਰ ਜਿੱਤਿਆ। ਇਸ ਤੋਂ ਪਹਿਲਾਂ 2013 ਅਤੇ 2017 ਵਿਚ ਭਾਰਤੀ ਟੀਮ ਨੇ ਇਹ ਖਿਤਾਬ ਜਿੱਤਿਆ ਸੀ। ਭਾਰਤ ਨੇ ਪਿਛਲੇ ਦੋ ਖਿਤਾਬ ਨੇਪਾਲ ਵਿਚ ਜਿੱਤੇ ਸਨ। ਕਪਤਾਨ ਅਨੀਸ਼ ਜਾਂਗੜਾ ਨੇ ਭੂਟਾਨ ਅਤੇ ਬੰਗਲਾਦੇਸ਼ ਵਿਰੁੱਧ ਹੈਟ੍ਰਿਕ ਲਾਈ ਸੀ। ਉਸ ਨੇ ਟੂਰਨਾਮੈਂਟ ਵਿਚ ਕੁਲ 7 ਗੋਲ ਕੀਤੇ ਅਤੇ ਚੋਟੀ ਸਕੋਰਰ ਦਾ ਪੁਰਸਕਾਰ ਜਿੱਤਿਆ। ਭਾਰਤੀ ਟੀਮ ਇਸ ਖਿਤਾਬੀ ਜਿੱਤ ਤੋਂ ਬਾਅਦ 18 ਤੋਂ 22 ਸਤੰਬਰ ਤਕ ਹੋਣ ਵਾਲੀ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਦੇ ਕੁਆਲੀਫਾਇਰ ਵਿਚ ਖੇਡੇਗੀ।
ਯੂ-ਮੁੰਬਾ ਨੇ ਜੈਪੁਰ ਨੂੰ 47-21 ਨਾਲ ਹਰਾਇਆ
NEXT STORY