ਪੁਣੇ : ਪ੍ਰਤਿਭਾਸ਼ਾਲੀ ਸੂਰਿਆ ਕੁਮਾਰ ਯਾਦਵ ਨੂੰ ਇੰਗਲੈਂਡ ਖਿਲਾਫ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਦੂਸਰੇ ਮੈਚ ਜ਼ਰੀਏ ਇਕ ਦਿਨਾ ਕ੍ਰਿਕਟ ਵਿਚ ਡੈਬਿਊ ਦਾ ਮੌਕਾ ਮਿਲ ਸਕਦਾ ਹੈ, ਜਦਕਿ ਭਾਰਤ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ ’ਤੇ ਲੱਗੀਆਂ ਹੋਣਗੀਆਂ। ਸ਼੍ਰੇਅਸ ਅਈਅਰ ਮੋਢੇ ਦੀ ਹੱਡੀ ਖਿਸਕਣ ਨਾਲ ਸੀਰੀਜ਼ ’ਚੋਂ ਬਾਹਰ ਹੋ ਗਿਆ ਹੈ। ਅਜਿਹੀ ਹਾਲਤ ’ਚ ਫੋਕਸ ਯਾਦਵ ਅਤੇ ਵਨਡੇ ਕ੍ਰਿਕਟ ’ਚ ਉਸ ਦੇ ਡੈਬਿਊ ’ਤੇ ਹੈ। ਯਾਦਵ ਨੇ ਟੀ-20 ਕ੍ਰਿਕਟ ’ਚ ਸ਼ਾਨਦਾਰ ਡੈਬਿਊ ਕਰ ਕੇ ਆਪਣਾ ਦਾਅਵਾ ਪੱਕਾ ਕੀਤਾ ਹੈ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਸ਼੍ਰੇਅਸ ਭਾਰਤੀ ਵਨਡੇ ਟੀਮ ਦੇ ਸਭ ਤੋਂ ਅਹਿਮ ਖਿਡਾਰੀਆਂ ’ਚੋਂ ਇਕ ਸੀ ਪਰ ਭਾਰਤ ਦੀ ‘ਬੈਂਚ ਸਟ੍ਰੈਂਥ’ ਇੰਨੀ ਮਜ਼ਬੂਤ ਹੈ ਕਿ ਹੁਣ ਡੈਬਿਊ ਕਰਨ ਜਾ ਰਿਹਾ ਖਿਡਾਰੀ ਵੀ ਵਿਸ਼ਵ ਚੈਂਪੀਅਨ ਟੀਮ ਲਈ ਖਤਰਨਾਕ ਲੱਗ ਰਿਹਾ ਹੈ। ਕਪਤਾਨ ਵਿਰਾਟ ਕੋਹਲੀ ਸਮੇਤ ਟੀਮ ਦੇ ਚੋਣਕਾਰਾਂ ਨੂੰ ਚੋਣ ਕਰਨ ’ਚ ਸਮੱਸਿਆ ਆਏਗੀ।
ਰਵਿੰਦਰ ਜਡੇਜਾ ਤਿੰਨ ਮਹੀਨਿਆਂ ਤੋਂ ਟੀਮ ’ਚੋਂ ਬਾਹਰ ਹੈ ਪਰ ਟੈਸਟ ’ਚ ਅਕਸ਼ਰ ਪਟੇਲ ਅਤੇ ਵਨਡੇ ’ਚ ਕਰੁਣਾਲ ਪੰਡਯਾ ਨੇ ਉਸ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਆਈ. ਪੀ. ਐੱਲ. ਕਾਰਨ ਮਸ਼ਹੂਰ ਹੋਏ ਪ੍ਰਸਿੱਧ ਕ੍ਰਿਸ਼ਣਾ ਨੇ ਵਨਡੇ ਕ੍ਰਿਕਟ ਵਿਚ ਡੈਬਿਊ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਕੇ 4 ਵਿਕਟਾਂ ਲਈਆਂ। ਜਡੇਜਾ ਅਤੇ ਜਸਪ੍ਰੀਤ ਬੁਮਰਾਹ ਦੇ ਵਾਪਸ ਆਉਣ ਤੋਂ ਬਾਅਦ ਕਰੁਣਾਲ ਜਾਂ ਕ੍ਰਿਸ਼ਣਾ ’ਚੋਂ ਇਕ ਨੂੰ ਬਾਹਰ ਰਹਿਣਾ ਪਵੇਗਾ।
ਭਾਰਤ ਲਈ ਸਭ ਤੋਂ ਵੱਡੀ ਰਾਹਤ ਸ਼ਿਖਰ ਧਵਨ ਦਾ ਫਾਰਮ ’ਚ ਵਾਪਸ ਆਉਣਾ ਰਹੀ, ਜਿਸ ਨੇ 98 ਦੌੜਾਂ ਬਣਾਈਆਂ। ਟੀ-20 ਸੀਰੀਜ਼ ’ਚੋਂ ਬਾਹਰ ਰਹਿਣ ਤੋਂ ਬਾਅਦ ਉਸ ’ਤੇ ਵਧੀਆ ਪ੍ਰਦਰਸ਼ਨ ਕਰਨ ਦਾ ਕਾਫੀ ਦਬਾਅ ਸੀ। ਰੋਹਿਤ ਸ਼ਰਮਾ ਨੂੰ ਪਹਿਲੇ ਮੈਚ ’ਚ ਸੱਟ ਲੱਗੀ ਪਰ ਉਸ ਦੇ ਫਿੱਟ ਹੋਣ ਦੀ ਉਮੀਦ ਹੈ। ਰੋਹਿਤ ਨੂੰ ਬ੍ਰੇਕ ਦੇਣ ’ਤੇ ਸ਼ੁਭਮਨ ਗਿੱਲ ਦੂਸਰੇ ਮੈਚ ’ਚ ਧਵਨ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਅਜਿਹੀ ਹਾਲਤ ’ਚ ਰਾਹੁਲ ਮਿਡਲ ਆਰਡਰ ’ਚ ਉਤਰੇਗਾ। ਉਂਝ ਸੂਤਰਾਂ ਦੇ ਅਨੁਸਾਰ ਰੋਹਿਤ ਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ ਖੇਡਣ ਲਈ ਤਿਆਰ ਹੈ। ਸਮਝਿਆ ਜਾਂਦਾ ਹੈ ਕਿ ਪੰਤ ਬੱਲੇਬਾਜ਼ ਦੇ ਤੌਰ ’ਤੇ ਹੀ ਖੇਡੇਗਾ ਅਤੇ ਰਾਹੁਲ ਵਿਕਟਕੀਪਿੰਗ ਕਰੇਗਾ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਪਹਿਲੇ ਮੈਚ ’ਚ 9 ਓਵਰਾਂ ’ਚ 68 ਦੌੜਾਂ ਦਿੱਤੀਆਂ, ਜਿਸ ਦੀ ਥਾਂ ਲੈੱਗ ਸਪਿਨਰ ਯੁਜਵੇਂਦਰ ਚਹਿਲ ਨੂੰ ਉਤਾਰਿਆ ਜਾ ਸਕਦਾ ਹੈ।
ਭੁਵਨੇਸ਼ਵਰ ਕੁਮਾਰ, ਕ੍ਰਿਸ਼ਣਾ ਅਤੇ ਸ਼ਾਰਦੁਲ ਠਾਕੁਰ ਦੀ ਤੇਜ਼ ਗੇਂਦਬਾਜ਼ਾਂ ਦੀ ਤਿੱਕੜੀ ਨੇ 10 ’ਚੋਂ 9 ਵਿਕਟਾਂ ਲਈਆਂ ਅਤੇ ਉਹ ਇਸ ਲੈਅ ਨੂੰ ਕਾਇਮ ਰੱਖਣਾ ਚਾਹੁਣਗੇ। ਠਾਕੁਰ ਲਗਾਤਾਰ ਖੇਡ ਰਿਹਾ ਹੈ ਅਤੇ ਵਿਭਿੰਨਤਾ ਲਈ ਟੀ. ਨਟਰਾਜਨ ਜਾਂ ਮੁਹੰਮਦ ਸਿਰਾਜ ਨੂੰ ਉਤਾਰਿਆ ਜਾ ਸਕਦਾ ਹੈ। ਕੋਹਲੀ ਨੇ ਪਹਿਲੇ ਮੈਚ ਤੋਂ ਬਾਅਦ ਕਿਹਾ ਸੀ ,‘‘ਇਹ ਸਾਡੀਆਂ ਸਭ ਤੋਂ ਵਧੀਆ ਜਿੱਤਾਂ ’ਚੋਂ ਹੈ। ਵਨਡੇ ’ਚ ਇੰਨੇ ਵਧੀਆ ਮੈਚ ਅਸੀਂ ਹਾਲ ਹੀ ਦੇ ਸਮੇਂ ’ਚ ਘੱਟ ਹੀ ਖੇਡੇ ਹਨ। ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।’’ ਦੂਜੇ ਪਾਸੇ ਇੰਗਲੈਂਡ ਦੀ ਕੋਸ਼ਿਸ਼ ਇਹ ਮੈਚ ਜਿੱਤ ਕੇ ਸੀਰੀਜ਼ ’ਚ ਬਣੇ ਰਹਿਣ ਦੀ ਹੋਵੇਗੀ।
ਕਪਤਾਨ ਇਓਨ ਮਾਰਗਨ ਅਤੇ ਬੱਲੇਬਾਜ਼ ਸੈਮ ਬਿਲਿੰਗਸ ਨੂੰ ਪਹਿਲੇ ਮੈਚ ’ਚ ਲੱਗੀਆਂ ਸੱਟਾਂ ਕਾਰਨ ਉਸ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਜਾਨੀ ਬੇਅਰਸਟੋ ਅਤੇ ਜੈਸਨ ਰਾਏ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਤੋਂ ਇਸ ਦੇ ਦੁਹਰਾਅ ਦੀ ਉਮੀਦ ਹੋਵੇਗੀ। ਮਿਡਲ ਆਰਡਰ ਆਪਣੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ।
ਬੇਨ ਸਟੋਕਸ, ਜੋਸ ਬਟਲਰ ਅਤੇ ਮੋਇਨ ਅਲੀ ਨਾਕਾਮ ਰਹੇ। ਇੰਗਲੈਂਡ ਨੇ ਵੱਡਾ ਸਕੋਰ ਬਣਾਉਣਾ ਹੈ ਤਾਂ ਇਨ੍ਹਾਂ ਤਿੰਨਾਂ ਨੂੰ ਵਧੀਆ ਪਾਰੀਆਂ ਖੇਡਣੀਆਂ ਹੋਣਗੀਆਂ। ਦੂਜੇ ਪਾਸੇ ਸਪਿਨਰ ਆਦਿਲ ਰਸ਼ੀਦ ਅਤੇ ਮੋਇਨ ਭਾਰਤੀ ਬੱਲੇਬਾਜ਼ੀ ਨੂੰ ਪ੍ਰੇਸ਼ਾਨ ਕਰ ਸਕੇ ਅਤੇ ਦੋਵਾਂ ਨੂੰ ਵਿਕਟ ਨਹੀਂ ਮਿਲੀ। ਟਾਮ ਕੁਰੇਨ ਨੂੰ ਆਪਣੇ ਭਰਾ ਸੈਮ ਅਤੇ ਮਾਰਕਵੁੱਡ ਦਾ ਤੇਜ਼ ਗੇਂਦਬਾਜ਼ੀ ’ਚ ਸਾਥ ਦੇਣਾ ਹੋਵੇਗਾ।
ਟੀਮਾਂ :
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਕੇ. ਐੱਲ. ਰਾਹੁਲ (ਵਿਕਟਕੀਪਰ), ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਕਰੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਟੀ. ਨਟਰਾਜਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ, ਸ਼ਾਰਦੁਲ ਠਾਕੁਰ।
ਇੰਗਲੈਂਡ : ਇਓਨ ਮਾਰਗਨ (ਕਪਤਾਨ), ਮੋਇਨ ਅਲੀ, ਜਾਨੀ ਬੇਅਰਸਟੋ, ਸੈਮ ਬਿਲਿੰਗਸ, ਜੋਸ ਬਟਲਰ, ਸੈਮ ਕੁਰੇਨ, ਲਿਆਮ ਲਿਵਿੰਗਸਟੋਨ, ਮੈਟ ਪਾਰਕਿੰਸਨ, ਆਦਿਲ ਰਸ਼ੀਦ, ਜੈਸਨ ਰਾਏ, ਬੇਨ ਸਟੋਕਸ, ਰੀਸ ਟਾਪਲੇ, ਮਾਰਕਵੁੱਡ, ਜੈਕ ਬਾਲ, ਕ੍ਰਿਸ ਜਾਰਡਨ, ਡੇਵਿਡ ਮਲਾਨ।
ਸਮਾਂ : ਦੁਪਹਿਰ 1.30 ਵਜੇ।
ਕੋਰੋਨਾ ਦੇ ਮੱਦੇਨਜ਼ਰ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੰਨਣੇ ਪੈਣਗੇ ਆਈ.ਪੀ.ਐਲ. 2021 ਦੇ ਇਹ ਨਿਯਮ
NEXT STORY