ਅਹਿਮਦਾਬਾਦ– ਕਪਤਾਨ ਵਿਰਾਟ ਕੋਹਲੀ (ਅਜੇਤੂ 73) ਤੇ ਡੈਬਿਊ ਕਰ ਰਹੇ ਤੇ ‘ਮੈਨ ਆਫ ਦਿ ਮੈਚ’ ਇਸ਼ਾਨ ਕਿਸ਼ਨ (56) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ 13 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਕਰ ਲਈ ਹੈ। ਇੰਗਲੈਂਡ ਨੇ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਤਰ੍ਹਾਂ ਟੀਮ ਇੰਡੀਆ ਨੇ ਇੰਗਲੈਂਡ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਕੋਹਲੀ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਵਿਚ 49 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ਵਿਚ 5 ਚੌਕੇ ਤੇ 3 ਛੱਕੇ ਸ਼ਾਮਲ ਸਨ। ਕੋਹਲੀ ਨੇ 18ਵੇਂ ਓਵਰ ਵਿਚ ਕ੍ਰਿਸ ਜੌਰਡਨ ਦੀ ਗੇਂਦ ਨੂੰ ਛੱਕੇ ਲਾਈ ਪਹੁੰਚਾ ਕੇ ਟੀਮ ਨੂੰ ਜਿੱਤ ਦਿਵਾਈ ਤੇ ਟੀ-20 ਕੌਮਾਂਤਰੀ ਕ੍ਰਿਕਟ ਵਿਚ 3000 ਦੌੜਾਂ ਵੀ ਪੂਰੀਆਂ ਕਰ ਲਈਆਂ। ਉਹ ਟੀ-20 ਕੌਮਾਂਤਰੀ ਵਿਚ ਅਜਿਹਾ ਕਰਨ ਵਾਲਾ ਪਹਿਲਾ ਖਿਡਾਰੀ ਹੈ।
ਇਸ਼ਾਨ ਨੇ 32 ਗੇਂਦਾਂ ਵਿਚ 5 ਚੌਕਿਆਂ ਤੇ 4 ਛੱਕਿਆਂ ਨਾਲ 56 ਦੌੜਾਂ ਬਣਾਈਆਂ। ਕੋਹਲੀ ਤੇ ਕਿਸ਼ਨ ਨੇ ਦੂਜੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤਰ੍ਹਾਂ ਕਿਸ਼ਨ ਨੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਡੈਬਿਊ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਆਖਰੀ 5 ਓਵਰਾਂ ਵਿਚ ਕਸੀ ਹੋਈ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ 6 ਵਿਕਟਾਂ ’ਤੇ 164 ਦੌੜਾਂ ਹੀ ਬਣਾਉਣ ਦਿੱਤੀਆਂ ਸਨ । ਭਾਰਤ ਨੇ ਇਹ ਟੀਚਾ 17.5 ਓਵਰਾਂ ਵਿਚ 3 ਵਿਕਟਾਂ ’ਤੇ 166 ਦੌੜਾਂ ਬਣਾ ਕੇ ਹਾਸਲ ਕਰ ਲਿਆ।
ਭਾਰਤ ਦੀ ਸ਼ੁਰੂਆਤ ਵੀ ਇੰਗਲੈਂਡ ਦੀ ਤਰ੍ਹਾਂ ਹੋਈ ਤੇ ਉਸ ਨੇ ਵੀ ਪਹਿਲੇ ਹੀ ਓਵਰ ਵਿਚ ਪਹਿਲੀ ਵਿਕਟ ਲੋਕੇਸ਼ ਰਾਹੁਲ (0) ਦੇ ਰੂਪ ਵਿਚ ਗੁਆ ਦਿੱਤੀ ਜਿਹੜਾ ਸੈਮ ਕਿਊਰੇਨ ਦੀ ਗੇਂਦ ’ਤੇ ਵਿਕਟਕੀਪਰ ਜੋਸ ਬਟਲਰ ਨੂੰ ਕੈਚ ਦੇ ਬੈਠਾ ਪਰ ਕੋਹਲੀ ਤੇ ਕਿਸ਼ਨ ਨੇ ਮਿਲ ਕੇ ਪਾਵਰਪਲੇਅ ਵਿਚ 50 ਦੌੜਾਂ ਪੂਰੀਆਂ ਕੀਤੀਆਂ। ਅਗਲੇ ਹੀ ਓਵਰ ਵਿਚ ਦੋਵਾਂ ਦੇ ਇਕ-ਇਕ ਛੱਕੇ ਦੀ ਬਦੌਲਤ ਟੀਮ ਨੇ 17 ਦੌੜਾਂ ਜੋੜੀਆਂ। ਇੰਗਲੈਂਡ ਦਾ ਕਪਤਾਨ ਇਯੋਨ ਮੋਰਗਨ ਇਸ ਸਾਂਝੇਦਾਰੀ ਨੂੰ ਤੋੜਨ ਲਈ ਬੇਤਾਬ ਸੀ ਤੇ ਉਸ ਨੇ ਆਦਿਲ ਰਾਸ਼ਿਦ ਨੂੰ 8ਵੇਂ ਓਵਰ ਵਿਚ ਗੇਂਦਬਾਜ਼ੀ ਲਈ ਉਤਾਰਿਆ, ਜਿਸ ਵਿਚ 9 ਦੌੜਾਂ ਬਣੀਆਂ। ਕਿਸ਼ਨ ਨੇ ਰਾਸ਼ਿਦ ਦੇ ਦੂਜੇ ਓਵਰ ਦੀ ਵਿਚ ਲਗਾਤਾਰ ਦੋ ਸ਼ਾਨਦਾਰ ਛੱਕੇ ਲਾਏ ਪਰ ਆਖਰੀ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਇਸ ਤਰ੍ਹਾਂ ਭਾਰਤ ਦਾ ਸਕੋਰ 10 ਓਵਰਾਂ ਵਿਚ 2 ਵਿਕਟਾਂ ’ਤੇ 94 ਦੌੜਾਂ ਹੋ ਗਿਆ। ਮੇਜ਼ਬਾਨ ਟੀਮ ਨੂੰ ਜਿੱਤ ਲਈ 60 ਗੇਂਦਾਂ ’ਤੇ 71 ਦੌੜਾਂ ਬਣਾਉਣੀਆਂ ਸਨ । ਹੁਣ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕ੍ਰੀਜ਼ ’ਤੇ ਸੀ, ਜਿਸ ਨੇ ਆਉਂਦੇ ਹੀ ਹਮਲਵਾਰ ਖੇਡ ਜਾਰੀ ਰੱਖੀ। ਹਾਲਾਂਕਿ ਉਹ ਜ਼ਿਆਦਾ ਦੇਰ ਤਕ ਕ੍ਰੀਜ਼ ’ਤੇ ਨਹੀਂ ਟਿਕ ਸਕਿਆ ਤੇ 13 ਗੇਂਦਾਂ ’ਤੇ 26 ਦੌੜਾਂ ਬਣਾ ਕੇ ਕ੍ਰਿਸ ਜੌਰਡਨ ਦਾ ਸ਼ਿਕਾਰ ਬਣਿਆ। ਕੋਹਲੀ ਨੇ 16ਵੇਂ ਓਵਰ ਵਿਚ ਕਿਊਰੇਨ ਦੀ ਗੇਂਦ ’ਤੇ ਸ਼ਾਦਨਾਰ ਛੱਕਾ ਲਾ ਕੇ 35 ਗੇਂਦਾਂ ’ਤੇ 53 ਦੌੜਾਂ ਬਣਾ ਕੇ ਅਰਧ ਸੈਂਕੜਾ ਪੂਰਾ ਕੀਤਾ। ਸ਼੍ਰੇਅਸ ਅਈਅਰ ਨੇ ਦੂਜੇ ਪਾਸੇ ’ਤੇ ਉਸਦਾ ਚੰਗਾ ਸਾਥ ਦਿੱਤਾ ਤੇ 8 ਦੌੜਾਂ ਬਣਾ ਕੇ ਅਜੇਤੂ ਰਿਹਾ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਇੰਗਲੈਂਡ ਨੂੰ ਜੋਸ ਬਟਲਰ (0) ਦੇ ਰੂਪ ਵਿਚ ਸ਼ੁਰੂਆਤੀ ਝਟਕਾ ਲੱਗਾ, ਜਿਹੜਾ ਪਾਰੀ ਦੀ ਤੀਜੀ ਗੇਂਦ ’ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਹੋਇਆ। ਜੈਸਨ ਰਾਏ (35 ਗੇਂਦਾਂ ’ਤੇ 46 ਦੌੜਾਂ) ਤੇ ਡੇਵਿਡ ਮਲਾਨ (23 ਗੇਂਦਾਂ ’ਤੇ 24 ਦੌੜਾਂ) ਨੇ 47 ਗੇਂਦਾਂ ’ਤੇ 63 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਦੀ ਪਾਰੀ ਨੂੰ ਅੱਗੇ ਵਧਾਇਆ ਪਰ ਇਸ ਖਤਰਨਾਕ ਦਿਸ ਰਹੀ ਸਾਂਝੇਦਾਰੀ ਦਾ ਅੰਤ ਯੁਜਵੇਂਦਰ ਚਾਹਲ ਨੇ 9ਵੇਂ ਓਵਰ ਵਿਚ ਕੀਤਾ ਜਦੋਂ ਮਲਾਨ ਭਾਰਤ ਦੇ ਸਫਲ ਰੀਵਿਊ ’ਤੇ ਐੱਲ. ਬੀ. ਡਬਲਯੂ. ਆਊਟ ਹੋਇਆ। ਰਾਏ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਪਰ ਜਦੋਂ ਉਹ ਖਤਰਨਾਕ ਦਿਸਣ ਲੱਗਾ ਤਦ 12ਵੇਂ ਓਵਰ ਵਿਚ ਵਾਸ਼ਿੰਗਟਨ ਸੁੰਦਰ ਦੀ ਗੇਂਦ ’ਤੇ ਭੁਵਨੇਸ਼ਵਰ ਕੁਮਾਰ ਦੇ ਕੈਚ ਫੜਨ ਨਾਲ ਉਹ ਆਊਟ ਹੋਇਆ। ਵਾਸ਼ਿੰਗਟਨ ਸੁੰਦਰ ਨੇ ਅਗਲੇ ਓਵਰ ਵਿਚ ਇੰਗਲੈਂਡ ਨੂੰ ਫਿਰ ਝਟਕਾ ਦਿੱਤਾ ਜਦੋਂ ਜਾਨੀ ਬੇਅਰਸਟੋ (20) ਉਸਦੀ ਗੇਂਦ ’ਤੇ ਡੈਬਿਊ ਕਰ ਰਹੇ ਸੂਰਯਕੁਮਾਰ ਯਾਦਵ ਦੇ ਹੱਥੋਂ ਕੈਚ ਆਊਟ ਹੋਇਆ।
ਇੰਗਲੈਂਡ ਦਾ ਕਪਤਾਨ ਇਯੋਨ ਮੋਰਗਨ (20 ਗੇਂਦਾਂ ’ਤੇ 28 ਦੌੜਾਂ) ਪੈਵੇਲੀਅਨ ਪਰਤਣ ਵਾਲਾ ਅਗਲਾ ਖਿਡਾਰੀ ਰਿਹਾ, ਜਿਹੜਾ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਸ਼ਾਰਦੁਲ ਠਾਕੁਰ ਦੀ ਹੌਲੀ ਗੇਂਦ ’ਤੇ ਸਟੰਪ ਦੇ ਪਿੱਛੇ ਰਿਸ਼ਭ ਪੰਤ ਨੂੰ ਕੈਚ ਦੇ ਬੈਠਾ। ਇੰਗਲੈਂਡ ਦਾ ਸਕੋਰ 15ਵੇਂ ਓਵਰ ਵਿਚ 4 ਵਿਕਟਾਂ ’ਤੇ 130 ਦੌੜਾਂ ਸੀ ਤੇ ਟੀਮ 200 ਦੌੜਾਂ ਦੇ ਨੇੜੇ ਦਾ ਟੀਚਾ ਦੇਣ ਵੱਲ ਵੱਧ ਰਹੀ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਖਰੀ 5 ਓਵਰਾਂ ਵਿਚ ਸਿਰਫ 34 ਦੌੜਾਂ ਦਿੱਤੀਆਂ। ਵਾਸ਼ਿੰਗਟਨ ਸੁੰਦਰ ਤੇ ਸ਼ਾਰਦੁਲ ਨੇ 29-29 ਦੌੜਾਂ ਦੇ ਕੇ 2-2 ਵਿਕਟਾਂ ਲਈਆਂ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ
ਟੀਮਾਂ ਇਸ ਤਰ੍ਹਾਂ ਹਨ-
ਭਾਰਤ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜੈਸਨ ਰਾਏ, ਨਵਦੀਪ ਚਾਹਲ, ਰਾਹੁਲ ਤਵੇਤੀਆ, ਇਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ)।
ਇੰਗਲੈਂਡ ਟੀਮ-
ਇਯੋਨ ਮੋਰਗਨ (ਕਪਤਾਨ), ਜੋਸ ਬਟਲਰ, ਜੈਸਨ ਰਾਏ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਬੇਨ ਸਟੋਕਸ,ਮੋਇਨ ਅਲੀ, ਆਦਿਲ ਰਾਸ਼ਿਦ, ਰੀਸ ਟਾਪਲੇ, ਕ੍ਰਿਸ ਜੌਰਡਨ, ਮਾਰਕ ਵੁਡ, ਸੈਮ ਕਿਊਰੇਨ ,ਸੈਮ ਬਿਲਿੰਗਸ, ਜਾਨੀ ਬੇਅਰਸਟੋ ਤੇ ਜੋਫ੍ਰਾ ਆਰਚਰ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਵਿਡ-19 ਵੈਕਸੀਨ ਪਹੁੰਚਾਉਣ ਲਈ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰਾਂ ਨੇ ਮੋਦੀ ਦੀ ਤਾਰੀਫ਼ ’ਚ ਪੜ੍ਹੇ ਕਸੀਦੇ
NEXT STORY