ਸਪੋਰਟਸ ਡੈਸਕ- ਸ਼੍ਰੀਲੰਕਾ ਦੇ ਦਾਂਬੁਲਾ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਮਹਿਲਾ ਏਸ਼ੀਆ ਕੱਪ ਦੇ ਮੁਕਾਬਲੇ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਇਕਤਰਫ਼ਾ ਅੰਦਾਜ਼ 'ਚ ਹਰਾ ਦਿੱਤਾ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ ਸਿਦਰਾ ਅਮੀਨ (25), ਤੁਬਾ ਹੁਸੈਨ (22) ਤੇ ਫਾਤਿਮਾ ਸਨਾ (22*) ਦੀਆਂ ਉਪਯੋਗੀ ਪਾਰੀਆਂ ਦੇ ਬਾਵਜੂਦ 20 ਓਵਰ ਵੀ ਪੂਰੇ ਨਾ ਖੇਡ ਸਕੀ ਤੇ 19.2 ਓਵਰਾਂ 'ਚ 108 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਭਾਰਤੀ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਆਲਮ ਇਹ ਸੀ ਕਿ ਪਾਕਿਸਤਾਨ ਦੀਆਂ 7 ਬੱਲੇਬਾਜ਼ਾਂ ਦੋਹਰਾ ਅੰਕੜਾ ਵੀ ਨਾ ਛੂਹ ਸਕੀਆਂ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ, ਜਦਕਿ ਰੇਨੁਕਾ ਸਿੰਘ, ਪੂਜਾ ਵਤਸਰਕਰ ਤੇ ਸ਼੍ਰੇਅੰਕਾ ਪਾਟਿਲ ਨੇ 2-2 ਬੱਲੇਬਾਜ਼ਾਂ ਨੂੰ ਆਊਟ ਕੀਤਾ।

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਦੋਵੇਂ ਓਪਨਰ ਸ਼ੈਫਾਲੀ ਤੇ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 9.3 ਓਵਰਾਂ 'ਚ 85 ਦੌੜਾਂ ਦੀ ਸਾਂਝੇਦਾਰੀ ਕੀਤੀ।

ਸ਼ੈਫਾਲੀ ਵਰਮਾ ਨੇ 29 ਗੇਂਦਾਂ 'ਚ 6 ਚੌਕੇ ਤੇ 1 ਛੱਕੇ ਦੀ ਮਦਦ ਨਾਲ 40 ਦੌੜਾਂ ਬਣਾਈਆਂ ਤੇ ਉਹ ਸਈਦਾ ਅਰੂਬ ਸ਼ਾਹ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਈ।

ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਨੇ 31 ਗੇਂਦਾਂ 'ਚ 9 ਚੌਕਿਆਂ ਦੀ ਬਦੌਲਤ 45 ਦੌੜਾਂ ਦੀ ਪਾਰੀ ਖੇਡੀ। ਉਹ ਵੀ ਅਰੂਬਾ ਸ਼ਾਹ ਦਾ ਅਗਲਾ ਸ਼ਿਕਾਰ ਬਣੀ।

ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਦਿਆਲਨ ਹੇਮਲਤਾ 11 ਗੇਂਦਾਂ 'ਚ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਉਸ ਨੂੰ ਨਸ਼ਰਾ ਸੰਧੂ ਨੇ ਤੁਬਾ ਹਸਨ ਦੇ ਹੱਥੋਂ ਕੈਚ ਆਊਟ ਕਰਵਾਇਆ।

ਅੰਤ ਹਰਮਨਪ੍ਰੀਤ ਕੌਰ (5) ਤੇ ਜੇਮਿਮਾ ਰੋਡ੍ਰਿਗਜ਼ (3) ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾ ਦਿੱਤੀ ਤੇ 7 ਵਿਕਟਾਂ ਨਾਲ ਮੁਕਾਬਲਾ ਭਾਰਤ ਦੀ ਝੋਲੀ 'ਚ ਪਾ ਦਿੱਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਓਲੰਪਿਕ ’ਚ ਖੇਡੇਗੀ ਇਸਰਾਈਲੀ ਫੁੱਟਬਾਲ ਟੀਮ, ਫੀਫਾ ਨੇ ਸੰਭਾਵਿਤ ਪਾਬੰਦੀ ’ਤੇ ਫੈਸਲਾ ਟਾਲਿਆ
NEXT STORY