ਨਵੀਂ ਦਿੱਲੀ : ਪਹਿਲੇ ਦੋਵੇਂ ਮੈਚ ਜਿੱਤ ਕੇ ਲੜੀ ’ਚ ਅਜੇਤੂ ਬੜ੍ਹਤ ਹਾਸਲ ਕਰ ਚੁੱਕੀ ਭਾਰਤੀ ਟੀਮ ਅਫਗਾਨਿਸਤਾਨ ਵਿਰੁੱਧ ਵੀਰਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ’ਚ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ ਜਿਸ ’ਚ ਵੈਭਵ ਸੂਰਯਵੰਸ਼ੀ ਵਰਗੇ ਪ੍ਰਤੀਭਾਸ਼ਾਲੀ ਖਿਡਾਰੀ ਨੂੰ ਮੌਕਾ ਮਿਲ ਸਕਦਾ ਹੈ। ਭਾਰਤੀ ਟੀਮ ਨੇ ਪਹਿਲੇ ਦੋ ਮੈਚਾਂ ’ਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਤੇ ਅਫਗਾਨਿਸਤਾਨ ਨੂੰ ਖੇਡ ਦੇ ਹਰ ਵਿਭਾਗ ’ਚ ਗੋਡਿਆਂ ਦੇ ਭਾਰ ਕਰ ਦਿੱਤਾ।
ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਮੰਗਲਵਾਰ ਨੂੰ ਦੂਜੇ ਮੈਚ ਤੋਂ ਬਾਅਦ ਕਿਹਾ ਕਿ ਫਿਰੋਜ਼ਸ਼ਾਹ ਕੋਟਲਾ ’ਚ ਹੋਣ ਵਾਲੇ ਤੀਜੇ ਅਤੇ ਆਖਰੀ ਮੈਚ ’ਚ ਟੀਮ ਸੁਮੇਲ ’ਚ ਬਦਲਾਅ ਹੋ ਸਕਦਾ ਹੈ ਤਾਂ ਕਿ ਸਾਰੇ ਖਿਡਾਰੀਆਂ ਨੂੰ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਜ਼ਰੂਰੀ ਮੈਚ ਅਭਿਆਸ ਦਾ ਮੌਕਾ ਮਿਲ ਸਕੇ। ਹੁਣ ਤੱਕ ਦੀ ਚੋਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਸੂਰਯਵੰਸ਼ੀ ਨੂੰ ਜਗ੍ਹਾ ਦੇਣ ਲਈ ਕੋਈ ਵਿਸ਼ੇਸ਼ ਕੋਸ਼ਿਸ਼ ਕਰਨ ਨੂੰ ਤਿਆਰ ਨਹੀਂ ਹੈ।
ਸੂਰਯਵੰਸ਼ੀ ਨੇ ਜੁਲਾਈ ’ਚ ਇੰਗਲੈਂਡ ਦੌਰੇ ’ਤੇ ਡੈਬਿਊ ਕੀਤਾ ਸੀ ਕਿਉਂਕਿ ਉਦੋਂ ਸੰਜੂ ਸੈਮਸਨ ਸਰਵੋਤਮ ਫਾਰਮ ’ਚ ਨਹੀਂ ਸੀ। ਹੁਣ ਸੈਮਸਨ ਤੇ ਅਭਿਸ਼ੇਕ ਸ਼ਰਮਾ ਦੋਵੇਂ ਹੀ ਚੰਗੀ ਫਾਰਮ ’ਚ ਹਨ। ਇਹ ਦੋਵੇਂ ਖਿਡਾਰੀ ਇਕ ਹੀ ਫਾਰਮੈੱਟ ’ਚ ਨਿਯਮਤ ਰੂਪ ਨਾਲ ਖੇਡਦੇ ਹਨ ਤੇ ਇਸ ਲਈ ਉਹ ਵੀ ਆਰਾਮ ਨਹੀਂ ਲੈਣਾ ਚਾਹੁਣਗੇ। ਅਜਿਹੇ ’ਚ ਟੀਮ ਮੈਨੇਜਮੈਂਟ ਨੂੰ ਬਦਲਾਅ ਦਾ ਫੈਸਲਾ ਕਰਨਾ ਪਵੇਗਾ। ਅਈਅਰ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਸਾਰੇ ਖਿਡਾਰੀ ਵਿਕਟ ਤੇ ਹਾਲਾਤ ਤੋਂ ਜਾਣੂ ਹੋ ਜਾਣ ਅਤੇ ਅਭਿਆਸ ਵੀ ਕਰ ਲੈਣ। ਇਸ ਲਈ ਇਹ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦੇਣ ਦਾ ਚੰਗਾ ਮੌਕਾ ਹੋਵੇਗਾ ਜੋ ਲੰਬੇ ਸਮੇਂ ਤੋਂ ਬਾਹਰ ਹਨ।’’
ਈਸ਼ਾਨ ਕਿਸ਼ਨ ਨੂੰ ਆਰਾਮ ਦੇ ਕੇ ਸੂਰਯਵੰਸ਼ੀ ਨੂੰ ਆਖਰੀ-11 ’ਚ ਸ਼ਾਮਲ ਕਰਨ ਦਾ ਬਦਲ ਵੀ ਮੌਜੂਦ ਹੈ। ਕਿਸ਼ਨ ਨੇ ਰਾਸ਼ਟਰੀ ਟੀਮ ’ਚ ਸ਼ਾਮਲ ਹੋਣ ਤੋਂ ਪਹਿਲਾਂ ਦਲੀਪ ਟਰਾਫੀ ’ਚ ਪੂਰਬੀ ਖੇਤਰ ਦੀ ਕਪਤਾਨੀ ਕੀਤੀ ਸੀ। ਸੈਮਸਨ ਮੌਜੂਦਾ ਸੀਰੀਜ਼ ’ਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ। ਇਸ ਦੇ ਨਾਲ ਹੀ ਟੀਮ ਮੈਨੇਜਮੈਂਟ ਚਾਹੇਗੀ ਕਿ ਅਈਅਰ ਤੇ ਤਿਲਕ ਵਰਮਾ ਨੂੰ ਕ੍ਰੀਜ਼ ’ਤੇ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲੇ, ਕਿਉਂਕਿ ਸ਼ੁਰੂਆਤੀ ਦੋ ਮੈਚਾਂ ’ਚ ਚੋਟੀ ਦੇ ਤਿੰਨ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਕੀ ਬੱਲੇਬਾਜ਼ਾਂ ਨੂੰ ਖੇਡਣ ਦਾ ਖਾਸ ਮੌਕਾ ਨਹੀਂ ਮਿਲਿਆ। ਆਲਮ ਇਹ ਹੈ ਕਿ ਨਿਤੀਸ਼ ਕੁਮਾਰ ਰੈੱਡੀ ਅਤੇ ਸ਼ਿਵਮ ਦੂਬੇ ਵਰਗੇ ਖਿਡਾਰੀਆਂ ਨੂੰ ਅਜੇ ਤੱਕ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਨੀਤੀਸ਼ ਕੁਮਾਰ ਰੈੱਡੀ ਨੇ ਮੰਗਲਵਾਰ ਨੂੰ ਦੂਜੇ ਮੈਚ ’ਚ 24 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜੋ ਟੀਮ ਲਈ ਚੰਗਾ ਸੰਕੇਤ ਹੈ। ਉਸ ਨੂੰ ਜ਼ਖ਼ਮੀ ਹਾਰਦਿਕ ਪੰਡਯਾ ਦੇ ਬੈਕਅਪ ਦੇ ਰੂਪ ’ਚ ਦੇਖਿਆ ਜਾਂਦਾ ਹੈ। ਜ਼ਖ਼ਮੀ ਵਰੁਣ ਚਕਰਵਰਤੀ ਦੀ ਜਗ੍ਹਾ ਖੇਡ ਰਹੇ ਰਵੀ ਬਿਸ਼ਨੋਈ ਨੇ ਦੂਜੇ ਮੈਚ ’ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਸ ਨੂੰ ਇਕ ਹੋਰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈ। ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ ਹਮੇਸ਼ਾ ਦੀ ਤਰ੍ਹਾਂ ਪ੍ਰਭਾਵਸ਼ਾਲੀ ਰਹੇ।
ਅਫਗਾਨਿਸਤਾਨ ਨੂੰ ਪਾਵਰਪਲੇਅ ’ਚ ਭਾਰਤ ਦੇ ਤਜ਼ਰੇਬਕਾਰ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਦਾ ਤਰੀਕਾ ਲੱਭਣਾ ਪਵੇਗਾ। ਬੱਲੇਬਾਜ਼ੀ ’ਚ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਅਤੇ ਇਹ ਹੀ ਵਜ੍ਹਾ ਹੈ ਕਿ ਉਹ ਭਾਰਤ ਸਾਹਮਣੇ ਸਖਤ ਚੁਣੌਤੀ ਪੇਸ਼ ਨਹੀਂ ਕਰ ਸਕਿਆ ਹੈ। ਜੇਕਰ ਅਫਗਾਨਿਸਤਾਨ ਨੂੰ ਫਿਰ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਸ ਨੂੰ ਭਾਰਤ ਨੂੰ ਚੁਣੌਤੀ ਦੇਣ ਲਈ ਘੱਟੋ-ਘੱਟ 200 ਦੌੜਾਂ ਬਣਾਉਣੀਆਂ ਪੈਣਗੀਆਂ। ਇਕ ਹੋਰ ਕਰਾਰੀ ਹਾਰ ਤੋਂ ਬਾਅਦ ਅਫਗਾਨਿਸਤਾਨ ਦੇ ਕਪਤਾਨ ਇਬ੍ਰਾਹਿਮ ਜ਼ਾਦਰਾਨ ਨੇ ਕਿਹਾ, ‘‘ਅਸੀਂ ਇਸ ਬਾਰੇ ਗੱਲ ਕੀਤੀ ਹੈ ਕਿ 150-160 ਦੇ ਸਕੋਰ ਨੂੰ 200 ਦੌੜਾਂ ’ਚ ਕਿਵੇਂ ਤਬਦੀਲ ਕੀਤਾ ਜਾਵੇ। ਜੇਕਰ ਤੁਸੀਂ ਕੌਮਾਂਤਰੀ ਪੱਧਰ ’ਤੇ ਸਭ ਤੋਂ ਮਜ਼ਬੂਤ ਟੀਮ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਸਾਡੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।’’
ਟੀਮਾਂ ਇਸ ਤਰ੍ਹਾਂ ਹਨ : ਅਫਗਾਨਿਸਤਾਨ -ਇਬ੍ਰਾਹਿਮ ਜ਼ਾਦਰਾਨ (ਕਪਤਾਨ), ਅਜ਼ਮਤਉੱਲ੍ਹਾ ਉਮਰਜ਼ਈ, ਨੂਰ ਅਹਿਮਦ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਗੁਲਬਦੀਨ ਨੈਬ, ਮੁਜੀਬ ਉਰ ਰਹਿਮਾਨ, ਨੂਰ ਉਲ ਰਹਿਮਾਨ, ਮੁਹੰਮਦ ਨਬੀ, ਫਜ਼ਲਹਕ ਫਾਰੂਕੀ, ਸੇਦੀਕਉੱਲ੍ਹਾ ਅਟਲ, ਰਾਸ਼ਿਦ ਖਾਨ, ਦਰਵਿਸ਼ ਰਸੂਲੀ, ਨਾਂਗੇਯਾਲੀਆ ਖਰੋਤੀ, ਨਵੀਨ-ਉਲ-ਹਕ, ਅਬਦੁੱਲਾ ਅਹਿਮਦਜ਼ਈ।
ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਰੁਣ ਚਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਯਸ਼ ਠਾਕੁਰ।
TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾ, ਰੋਹਿਤ-ਕੋਹਲੀ ਤੇ ਜਡੇਜਾ...
NEXT STORY