ਲੰਡਨ : ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਜੋ ਰੂਟ ਦੇ ਛੋਟੇ ਭਰਾ ਬਿਲੀ ਰੂਟ ਨੇ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬਿਲੀ ਰੂਟ ਦੇ ਨਾਲ-ਨਾਲ ਉਨ੍ਹਾਂ ਦੀ ਟੀਮ ਦੇ ਸਾਥੀ ਕ੍ਰਿਸ ਕੁਕ ਅਤੇ ਕਾਲਿਨ ਇਨਗ੍ਰਾਮ ਵੀ ਕ੍ਰਿਕਟ ਨੂੰ ਅਲਵਿਦਾ ਕਹਿ ਰਹੇ ਹਨ। ਘਰੇਲੂ ਕ੍ਰਿਕਟ ਵਿੱਚ ਇਹ ਤਿੰਨੋਂ ਬੱਲੇਬਾਜ਼ ਗਲੈਮੋਰਗਨ ਦੀ ਟੀਮ ਵੱਲੋਂ ਖੇਡਦੇ ਹਨ। ਮੌਜੂਦਾ ਸੀਜ਼ਨ ਵਿੱਚ ਬਿਲੀ ਰੂਟ ਨੂੰ ਮੈਦਾਨ 'ਚ ਉੱਤਰਨ ਦੇ ਜ਼ਿਆਦਾ ਮੌਕੇ ਨਹੀਂ ਮਿਲੇ ਅਤੇ ਉਹ ਸਿਰਫ਼ ਦੋ ਕਾਊਂਟੀ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਹੀ ਸ਼ਿਰਕਤ ਕਰ ਸਕੇ ਸਨ।
ਸੰਨਿਆਸ ਦਾ ਐਲਾਨ ਕਰਦਿਆਂ ਬਿਲੀ ਰੂਟ ਨੇ ਸੋਸ਼ਲ ਮੀਡੀਆ 'ਤੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਇਹ ਉਨ੍ਹਾਂ ਦੇ ਜੀਵਨ ਦੇ ਅਗਲੇ ਅਧਿਆਏ ਦੀ ਸ਼ੁਰੂਆਤ ਦਾ ਸਮਾਂ ਹੈ। ਬਿਲੀ ਅਨੁਸਾਰ ਦੋ ਸ਼ਾਨਦਾਰ ਕਲੱਬਾਂ ਦੀ ਨੁਮਾਇੰਦਗੀ ਕਰਨਾ ਅਤੇ ਚਾਰ ਟਰਾਫੀਆਂ ਜਿੱਤਣ ਵਾਲੀਆਂ ਟੀਮਾਂ ਦਾ ਹਿੱਸਾ ਬਣਨਾ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਜਿਸ ਖੇਡ ਨਾਲ ਪਿਆਰ ਕੀਤਾ, ਉਸ ਨੂੰ ਪੇਸ਼ੇ ਵਜੋਂ ਜਿਊਣਾ ਉਨ੍ਹਾਂ ਦੀ ਖੁਸ਼ਕਿਸਮਤੀ ਰਹੀ। ਪਿਛਲੇ 14 ਸਾਲਾਂ ਦੇ ਸਫ਼ਰ ਵਿੱਚ ਕਈ ਉਤਾਰ-ਚੜ੍ਹਾਅ ਆਏ, ਪਰ ਉਹ ਇਸ ਵਿੱਚੋਂ ਕੁਝ ਵੀ ਬਦਲਣਾ ਨਹੀਂ ਚਾਹੁਣਗੇ ਅਤੇ ਇਸ ਸਫ਼ਰ ਤੇ ਲੋਕਾਂ ਲਈ ਹਮੇਸ਼ਾ ਧੰਨਵਾਦੀ ਰਹਿਣਗੇ।
ਬਿਲੀ ਰੂਟ ਨੇ ਆਪਣੇ ਪੇਸ਼ੇਵਰ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਨੌਟਿੰਘਮਸ਼ਾਇਰ ਵੱਲੋਂ ਕੀਤੀ ਸੀ। ਸਾਲ 2017 ਵਿੱਚ ਉਹ ਨੌਟਿੰਘਮਸ਼ਾਇਰ ਦੀ ਵਨਡੇ ਅਤੇ ਟੀ-20 ਟਰਾਫੀ ਜਿੱਤਣ ਵਾਲੀ ਟੀਮ ਦਾ ਹਿੱਸਾ ਵੀ ਰਹੇ। ਇਸ ਤੋਂ ਬਾਅਦ ਸਾਲ 2019 ਵਿੱਚ ਉਹ ਗਲੈਮੋਰਗਨ ਦੇ ਬੇੜੇ ਵਿੱਚ ਸ਼ਾਮਲ ਹੋ ਗਏ, ਜਿੱਥੇ ਉਨ੍ਹਾਂ ਨੇ ਦੋ ਵਨਡੇ ਕੱਪ ਖਿਤਾਬ ਜਿੱਤਣ ਵਿੱਚ ਯੋਗਦਾਨ ਪਾਇਆ ਅਤੇ ਕਲੱਬ ਨੂੰ ਕਾਊਂਟੀ ਚੈਂਪੀਅਨਸ਼ਿਪ ਦੇ ਡਿਵੀਜ਼ਨ-1 ਵਿੱਚ ਪਹੁੰਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਬਿਲੀ ਰੂਟ ਦਾ ਘਰੇਲੂ ਕ੍ਰਿਕਟ ਰਿਕਾਰਡ
- ਬਿਲੀ ਰੂਟ ਨੇ ਆਪਣੇ ਘਰੇਲੂ ਕਰੀਅਰ ਵਿੱਚ ਕੁੱਲ 83 ਫਸਟ-ਕਲਾਸ, 60 ਲਿਸਟ 'ਏ' ਅਤੇ 50 ਟੀ-20 ਮੈਚ ਖੇਡੇ ਹਨ।
- ਫਸਟ-ਕਲਾਸ: 141 ਪਾਰੀਆਂ ਵਿੱਚ 4,107 ਰਨ ਬਣਾਏ ਅਤੇ ਗੇਂਦਬਾਜ਼ੀ ਕਰਦਿਆਂ 8 ਵਿਕਟਾਂ ਹਾਸਲ ਕੀਤੀਆਂ।
- ਲਿਸਟ 'ਏ': 51 ਪਾਰੀਆਂ ਵਿੱਚ 1,665 ਰਨ ਬਣਾਏ ਅਤੇ 6 ਵਿਕਟਾਂ ਲਈਆਂ।
- ਟੀ-20: 39 ਪਾਰੀਆਂ ਵਿੱਚ 634 ਰਨ ਬਣਾਏ, ਜਦਕਿ ਗੇਂਦਬਾਜ਼ੀ ਵਿੱਚ ਕੋਈ ਵਿਕਟ ਨਹੀਂ ਮਿਲ ਸਕੀ।
ਏਸ਼ੀਆਈ ਖੇਡਾਂ 2026 : ਜੈ ਮੀਣਾ ਨੇ ਰਚਿਆ ਇਤਿਹਾਸ, ਸੋਫਟ ਟੈਨਿਸ 'ਚ ਜਿੱਤਿਆ ਕਾਂਸੀ ਦਾ ਤਗਮਾ
NEXT STORY