ਸਪੋਰਟਸ ਡੈਸਕ- ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਤੀਜੇ ਟੀ-20 ਮੁਕਾਬਲੇ 'ਚ ਭਾਰਤ ਨੇ ਆਪਣੇ ਬੱਲੇਬਾਜ਼ਾਂ ਦੇ ਤੂਫ਼ਾਨੀ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੂੰ 133 ਦੌੜਾਂ ਦੇ ਵਿਸ਼ਾਲ ਫਰਕ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਆਪਣੇ ਨਾਂ ਕਰ ਲਈ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੰਜੂ ਸੈਮਸਨ (111) ਦੇ ਤੂਫ਼ਾਨੀ ਸੈਂਕੜੇ ਤੋਂ ਇਲਾਵਾ ਸੂਰਿਆਕੁਮਾਰ ਯਾਦਵ (75) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 297 ਦੌੜਾਂ ਬਣਾਈਆਂ ਸਨ। ਇਹ ਅੰਤਰਰਾਸ਼ਟਰੀ 20 ਕ੍ਰਿਕਟ ਦਾ ਦੂਜਾ ਸਭ ਤੋਂ ਵੱਡਾ, ਜਦਕਿ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ।
ਇਸ ਪਹਾੜ ਵਰਗੇ ਸਕੋਰ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਮਯੰਕ ਯਾਦਵ ਨੇ ਪਹਿਲੀ ਹੀ ਗੇਂਦ 'ਤੇ ਓਪਨਰ ਪਰਵੇਜ਼ ਹੁਸੈਨ ਇਮਾਨ ਨੂੰ ਰਿਆਨ ਪਰਾਗ ਹੱਥੋਂ ਕੈਚ ਕਰਵਾ ਕੇ ਬੰਗਲਾਦੇਸ਼ ਨੂੰ ਪਹਿਲਾ ਝਟਕਾ ਦਿੱਤਾ। ਇਸ ਮਗਰੋਂ ਤਨਜ਼ੀਦ ਹਸਨ (15) ਤੇ ਨਜਮੁਲ ਹੁਸੈਨ ਸ਼ਾਂਤੋ (14) ਵੀ ਸਸਤੇ 'ਚ ਪੈਵੇਲੀਅਨ ਪਰਤ ਗਏ।
ਸ਼ੁਰੂਆਤੀ ਝਟਕਿਆਂ ਤੋਂ ਬਾਅਦ ਵਿਕਟਕੀਪਰ ਲਿਟਨ ਦਾਸ ਤੇ ਤੌਹੀਦ ਹਿਰਦੌਯ ਨੇ ਟੀਮ ਨੂੰ ਸੰਭਾਲਿਆ ਤੇ ਖ਼ਰਾਬ ਸ਼ੁਰੂਆਤ ਤੋਂ ਉਭਾਰਿਆ। ਦੋਵਾਂ ਨੇ ਚੌਥੀ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਲਿਟਨ ਦਾਸ 42 ਦੌੜਾਂ ਬਣਾ ਕੇ ਰਵੀ ਬਿਸ਼ਨੋਈ ਦੀ ਗੇਂਦ 'ਤੇ ਆਊਟ ਹੋਏ। ਇਸ ਮਗਰੋਂ ਸਿਰਫ਼ ਤੌਹੀਦ ਹਰਿਦੌਯ ਨੇ ਹੀ ਲੰਬੀ ਪਾਰੀ ਖੇਡੀ ਤੇ 42 ਗੇਂਦਾਂ 'ਚ 5 ਚੌਕੇ ਤੇ 3 ਛੱਕਿਆਂ ਦੀ ਬਦੌਲਤ ਨਾਬਾਦ 63 ਦੌੜਾਂ ਬਣਾਈਆਂ।
ਇਸ ਤੋਂ ਇਲਾਵਾ ਭਾਰਤੀ ਗੇਂਦਬਾਜ਼ਾਂ ਨੇ ਹੋਰ ਬੰਗਲਾਦੇਸ਼ੀ ਖਿਡਾਰੀਆਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ ਤੇ ਬੰਗਲਾਦੇਸ਼ ਦੀ ਟੀਮ ਅੰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 164 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 133 ਦੌੜਾਂ ਦੇ ਬਹੁਤ ਵੱਡੇ ਫ਼ਰਕ ਨਾਲ ਆਪਣੇ ਨਾਂ ਕਰ ਲਿਆ ਹੈ।
ਭਾਰਤ ਵੱਲੋਂ ਰਵੀ ਬਿਸ਼ਨੋਈ ਸਭ ਤੋਂ ਸਫ਼ਲ ਰਿਹਾ, ਜਿਸ ਨੇ 4 ਓਵਰਾਂ 'ਚ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਮਯੰਕ ਯਾਦਵ ਨੂੰ 2, ਵਾਸ਼ਿੰਗਟਨ ਸੁੰਦਰ ਤੇ ਨਿਤੀਸ਼ ਕੁਮਾਰ ਰੈੱਡੀ ਨੂੰ 1-1 ਵਿਕਟ ਮਿਲੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IND vs BAN 3rd T20i : ਸੈਮਸਨ ਤੇ ਸੂਰਿਆਕੁਮਾਰ ਦੀ ਰਿਕਾਰਡ ਸਾਂਝੇਦਾਰੀ, ਟੁੱਟੇ ਕਈ ਵੱਡੇ ਰਿਕਾਰਡ
NEXT STORY