ਸਪੋਰਟਸ ਡੈਸਕ- ਸ਼੍ਰੀਲੰਕਾ ਦੇ ਪੱਲੇਕਲੇ ਸਟੇਡੀਅਮ 'ਚ ਖੇਡੇ ਗਏ 3 ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਸ਼੍ਰੀਲੰਕਾ ਦੇ ਪਥੁਨ ਨਿਸਾਂਕਾ ਦੀ ਸ਼ਾਨਦਾਰ ਪਾਰੀ 'ਤੇ ਪਾਣੀ ਫੇਰਦੇ ਹੋਏ 43 ਦੌੜਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਕਪਤਾਨ ਸੂਰਿਆਕੁਮਾਰ ਯਾਦਵ (58), ਰਿਸ਼ਭ ਪੰਤ (49) ਤੇ ਯਸ਼ਸਵੀ ਜਾਇਸਵਾਲ (40) ਦੀਆਂ ਤੂਫ਼ਾਨੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ ਸਨ।
ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਓਪਨਰ ਪਥੁਨ ਨਿਸਾਂਕਾ ਤੇ ਕੁਸਲ ਮੈਂਡਿਸ ਨੇ ਪਹਿਲੀ ਵਿਕਟ ਲਈ 8.4 ਓਵਰਾਂ 'ਚ 84 ਦੌੜਾਂ ਬਣਾਈਆਂ ਸਨ।
ਇਸ ਤੋਂ ਬਾਅਦ ਕੁਸ਼ਾਲ ਮੈਂਡਿਸ (45) ਨੂੰ ਅਰਸ਼ਦੀਪ ਸਿੰਘ ਨੇ ਜਾਇਸਵਾਲ ਹੱਥੋਂ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਪਥੁਨ ਨਿਸਾਂਕਾ ਨੇ 48 ਗੇਂਦਾਂ 'ਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਦਾ ਅੰਤ ਅਕਸ਼ਰ ਪਟੇਲ ਨੇ ਉਸ ਨੂੰ ਕਲੀਨ ਬੋਲਡ ਕਰ ਕੇ ਕੀਤਾ।
ਨਿਸਾਂਕਾ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਸ਼੍ਰੀਲੰਕਾ ਦਾ ਖਿਡਾਰੀ ਟਿਕ ਕੇ ਨਹੀਂ ਖੇਡ ਸਕਿਆ। ਸ਼੍ਰੀਲੰਕਾ ਦੇ 7 ਖਿਡਾਰੀ ਦੋਹਰੇ ਅੰਕੜੇ ਤੱਕ ਵੀ ਨਾ ਪਹੁੰਚ ਸਕੇ ਤੇ 4 ਖਿਡਾਰੀ ਤਾਂ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ। ਅੰਤ ਪੂਰੀ ਟੀਮ 19.2 ਓਵਰਾਂ 'ਚ 170 ਦੌੜਾਂ 'ਤੇ ਢੇਰ ਹੋ ਗਈ।
ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 43 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ 3 ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਵੱਲੋਂ ਰਿਆਨ ਪਰਾਗ ਨੇ 3, ਜਦਕਿ ਅਰਸ਼ਦੀਪ ਸਿੰਘ ਤੇ ਅਕਸ਼ਰ ਪਟੇਲ ਨੇ 2-2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਰਵੀ ਬਿਸ਼ਨੋਈ ਨੇ ਵੀ 1 ਵਿਕਟ ਲਈ।
ਲੜੀ ਦਾ ਅਗਲਾ ਮੁਕਾਬਲਾ ਇਸੇ ਸਟੇਡੀਅਮ 'ਤੇ 28 ਜੁਲਾਈ ਨੂੰ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੂਰਿਆ, ਪੰਤ ਤੇ ਜਾਇਸਵਾਲ ਦੀਆਂ ਤਾਬੜਤੋੜ ਪਾਰੀਆਂ, ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 214 ਦੌੜਾਂ ਦਾ ਟੀਚਾ
NEXT STORY