ਲਖਨਊ (ਭਾਸ਼ਾ)- ਲੋਕੇਸ਼ ਰਾਹੁਲ ਦੀ ਲਖਨਊ ਸੁਪਰ ਜਾਇੰਟਸ ਆਪਣੇ ਘਰੇਲੂ ਮੈਦਾਨ ਏਕਾਨਾ ਸਟੇਡੀਅਮ ’ਤੇ ਪਰਤਦੇ ਹੋਏ ਸ਼ੁਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2023 ’ਚ ਏਡੇਨ ਮਾਰਕ੍ਰਮ ਦੀ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਕਰੇਗੀ। ਆਪਣੇ ਪਿਛਲੇ ਮੈਚ ’ਚ ਰਾਹੁਲ ਦੀ ਟੀਮ ਨੇ ਚੇਨਈ ਸੁਪਰ ਕਿੰਗਜ਼ ਦਾ ਕਿਲਾ ਲਗਭਗ ਢਹਿ-ਢੇਰੀ ਕਰ ਦਿੱਤਾ ਸੀ, ਹਾਲਾਂਕਿ ਉਹ 217 ਦੌੜਾਂ ਦੇ ਟੀਚੇ ਤੋਂ 12 ਦੌੜਾਂ ਦੂਰ ਰਹਿ ਗਈ। ਕਾਇਲ ਮੇਅਰਸ ਅਤੇ ਨਿਕੋਲਸ ਪੂਰਨ ਨੇ ਚੇਨਈ ਖਿਲਾਫ ਹਮਲਾਵਰ ਬੱਲੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਲਖਨਊ ਨੂੰ ਇਸ ਕੈਰੀਬੀਆਈ ਜੋੜੀ ਕੋਲੋਂ ਇਕ ਵਾਰ ਫਿਰ ਇਸੇ ਤਰ੍ਹਾਂ ਦੀ ਉਮੀਦ ਹੋਵੇਗੀ। ਸਲਾਮੀ ਬੱਲੇਬਾਜ਼ ਕਇੰਟਨ ਡੀਡਾਕ ਦਾ ਭਾਰਤ ਆਉਣਾ ਲਖਨਊ ਲਈ ਚੰਗਾ ਸੰਦੇਸ਼ ਹੈ। ਹਾਲਾਂਕਿ ਮੇਅਰਜ਼ ਦੀ ਖਤਰਨਾਕ ਫਾਰਮ ਕਾਰਨ ਸ਼ਾਇਦ ਉਸ ਨੂੰ ਕੁਝ ਸਮੇਂ ਲਈ ਟੀਮ ’ਚੋਂ ਬਾਹਰ ਹੀ ਰਹਿਣਾ ਪਵੇ।
ਦਿੱਲੀ ਕੈਪੀਟਲਸ ਖਿਲਾਫ ਹੋਏ ਮੈਚ ’ਚ ਏਕਾਨਾ ਦੀ ਪਿੱਚ ’ਤੇ ਜ਼ਿਆਦਾ ਉਛਾਲ ਦੇਖਣ ਨੂੰ ਮਿਲਿਆ ਸੀ ਅਤੇ ਟੂਰਨਾਮੈਂਟ ’ਚ ਸਭ ਤੋਂ ਵਧ ਵਿਕਟਾਂ ਲੈਣ ਵਾਲਾ ਮਾਰਕ ਵੁੱਡ ਇਕ ਵਾਰ ਫਿਰ ਇਸ ਦਾ ਫਾਇਦਾ ਚੁੱਕਣਾ ਚਾਹੇਗਾ। ਮੱਧ ਓਵਰਾਂ ’ਚ ਯੁਵਾ ਲੈੱਗ ਸਪਿਨਰ ਰਵੀ ਬਿਸ਼ਨੋਈ ਦੌੜਾਂ ਦੀ ਤੇਜ਼ੀ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਦੂਜੇ ਪਾਸੇ ਹੈਦਰਾਬਾਦ ਨੂੰ ਰਾਜਸਥਾਨ ਰਾਇਲਜ਼ ਖਿਲਾਫ ਸਾਰੇ ਵਿਭਾਗਾਂ ’ਚ ਹਾਰ ਮਿਲੀ ਸੀ, ਹਾਲਾਂਕਿ ਕਪਤਾਨ ਮਾਰਕ੍ਰਮ ਦੇ ਟੀਮ ’ਚ ਸ਼ਾਮਲ ਹੋਣ ਨਾਲ ਉਸ ਨੂੰ ਵੱਡੀ ਮਦਦ ਮਿਲਣੀ ਚਾਹੀਦੀ ਹੈ। ਹੈਦਰਾਬਾਦ ਕੋਲ ਫਜ਼ਲਹੱਕ ਫਾਰੂਕੀ, ਉਮਰਾਨ ਮਲਿਕ ਅਤੇ ਟੀ. ਨਟਰਾਜਨ ਵਰਗੇ ਨੌਜਵਾਨਾਂ ਨਾਲ ਸਜ਼ਿਆ ਗੇਂਦਬਾਜ਼ੀ ਹਮਲਾ ਵੀ ਹੈ, ਜੋ ਏਕਾਨਾ ਸਟੇਡੀਅਮ ’ਤੇ ਮੇਜ਼ਬਾਨ ਲਖਨਊ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਲਖਨਊ ਅਤੇ ਹੈਦਰਾਬਾਦ ਪਿਛਲੇ ਸੀਜ਼ਨ ’ਚ ਇਕ ਵਾਰ ਭਿੜਿਆ ਸੀ, ਜਿੱਥੇ ਰਾਹੁਲ ਦੀ ਟੀਮ 12 ਦੌੜਾਂ ਨਾਲ ਜੇਤੂ ਰਹੀ ਸੀ।
IPL 2023 : ਕੋਲਕਾਤਾ ਦੀ ਸ਼ਾਨਦਾਰ ਜਿੱਤ, RCB ਨੂੰ 81 ਦੌੜਾਂ ਨਾਲ ਹਰਾਇਆ
NEXT STORY