ਆਬੂ ਧਾਬੀ– ਆਈ. ਪੀ. ਐੱਲ. ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਹਾਰ ਝੱਲਣ ਵਾਲੀ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਹੋਣ ਵਾਲੇ ਮੁਕਾਬਲੇ ਵਿਚ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ। ਮੁੰਬਈ ਨੂੰ ਆਬੂ ਧਾਬੀ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਆਈ. ਪੀ. ਐੱਲ. ਵਿਚ ਉਸਦਾ ਇਹ ਦੂਜਾ ਮੁਕਾਬਲਾ ਹੋਵੇਗਾ। ਕੋਲਕਾਤਾ ਦਾ ਆਈ. ਪੀ. ਐੱਲ. ਵਿਚ ਇਹ ਪਹਿਲਾ ਮੈਚ ਹੈ ਤੇ ਉਸਦਾ ਟੀਚਾ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕਰਨਾ ਹੋਵੇਗਾ। ਚਾਰ ਵਾਰ ਦੀ ਚੈਂਪੀਅਨ ਤੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਟੀਮ ਨੇ ਚੇਨਈ ਵਿਰੁੱਧ ਮੁਕਾਬਲੇ ਵਿਚ ਕਾਫੀ ਗਲਤੀਆਂ ਕੀਤੀਆਂ ਸਨ, ਜਿਸਦਾ ਨਤੀਜਾ ਉਸਦੀ ਹਾਰ ਦੇ ਰੂਪ ਵਿਚ ਨਿਕਲ ਕੇ ਸਾਹਮਣੇ ਆਇਆ। ਕਪਤਾਨ ਰੋਹਿਤ ਪਹਿਲੇ ਮੁਕਾਬਲੇ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਕੋਲਕਾਤਾ ਖਿਲਾਫ ਉਸ ਨੂੰ ਇਕ ਵੱਡੀ ਪਾਰੀ ਖੇਡਣ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਮੁੰਬਈ ਲਈ ਜ਼ਰੂਰੀ ਹੈ ਕਿ ਉਸਦਾ ਕਪਤਾਨ ਦੇਰ ਤਕ ਟਿਕੇ। ਰੋਹਿਤ ਚੇਨਈ ਖਿਲਾਫ 12 ਦੌੜਾਂ ਹੀ ਬਣਾ ਸਕਿਆ ਸੀ।
ਮੁੰਬਈ ਕੋਲ ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ ਦੇ ਰੂਪ ਵਿਚ ਦੋ ਵਿਸ਼ਵ ਪੱਧਰੀ ਆਲਰਾਊਂਡਰ ਹਨ ਤੇ ਉਨ੍ਹਾਂ 'ਤੇ ਵਿਰੋਧੀ ਟੀਮ ਨੂੰ ਪਾਵਰਪਲੇਅ ਤੇ ਡੈੱਥ ਓਵਰਾਂ ਵਿਚ ਰੋਕਣ ਦੀ ਜ਼ਿੰਮੇਵਾਰੀ ਹੋਵੇਗੀ। ਹਾਰਦਿਕ ਪੰਡਯਾ ਆਲਰਾਊਂਡਰ ਹੈ ਪਰ ਚੇਨਈ ਵਿਰੁੱਧ ਉਸ ਨੇ ਕੋਈ ਓਵਰ ਨਹੀਂ ਕਰਵਾਇਆ ਸੀ ਤੇ ਉਹ ਸਿਰਫ ਬੱਲੇਬਾਜ਼ ਦੇ ਤੌਰ 'ਤੇ ਹੀ ਖੇਡਿਆ। ਇਕ ਬੱਲੇਬਾਜ਼ ਦੇ ਤੌਰ 'ਤੇ ਖੇਡਦੇ ਹੋਏ ਹਾਰਦਿਕ ਨੂੰ ਆਪਣੀ ਵਿਕਟ ਦੀ ਕੀਮਤ ਸਮਝਣੀ ਪਵੇਗੀ ਤੇ ਦੇਰ ਤਕ ਕ੍ਰੀਜ਼ 'ਤੇ ਟਿਕਣਾ ਪਵੇਗਾ। ਪੋਲਾਰਡ ਲਈ ਆਪਣੀ ਧਮਾਕੇਦਾਰ ਸਮਰਥਾ ਦਿਖਾਉਣਾ ਜ਼ਰੂਰੀ ਹੈ ਤੇ ਡੈੱਥ ਓਵਰਾਂ ਵਿਚ ਉਸ ਨੂੰ ਅੰਤ ਤਕ ਟਿਕਣਾ ਪਵੇਗਾ ਤਾਂ ਕਿ ਟੀਮ ਬਿਹਤਰ ਸਕੋਰ ਤਕ ਪਹੁੰਚ ਸਕੇ। ਦੂਜੇ ਪਾਸੇ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨੇ ਆਖਰੀ ਵਾਰ ਖਿਤਾਬ 2014 ਵਿਚ ਜਿੱਤਿਆ ਸੀ ਤੇ ਤਦ ਟੀਮ ਦਾ ਕਪਤਾਨ ਗੌਤਮ ਗੰਭੀਰ ਸੀ। ਟੀਮ ਦਾ ਮੌਜੂਦਾ ਕਪਤਾਨ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਹੈ ਤੇ ਉਸ 'ਤੇ ਟੀਮ ਨੂੰ ਖਿਤਾਬੀ ਮੰਜਿਲ ਤਕ ਲਿਜਾਣ ਦੀ ਵੱਡੀ ਜ਼ਿੰਮੇਵਾਰੀ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨੂੰ ਉਹ ਹੀ ਚਮਤਕਾਰ ਕਰਨਾ ਪਵੇਗਾ, ਜਿਹੜਾ ਸ਼ਾਹਰੁਖ ਦੀ ਕੈਰੇਬੀਆਈ ਪ੍ਰੀਮੀਅਰ ਲੀਗ ਦੀ ਟੀਮ ਤ੍ਰਿਨਬਾਗੋ ਨਾਈਟ ਰਾਈਡਰਜ਼ ਨੇ ਇਸ ਸਾਲ ਚੌਥੀ ਵਾਰ ਖਿਤਾਬ ਜਿੱਤ ਕੇ ਕੀਤਾ ਸੀ।
ਟੀਮਾਂ ਇਸ ਤਰ੍ਹਾਂ ਹਨ-
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ (ਕਪਤਾਨ), ਇਯੋਨ ਮੋਰਗਨ, ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ (ਕਪਤਾਨ), ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ, ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ,ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।
IPL 2020 : ਅੰਪਾਇਰ ਤੇ ਧੋਨੀ ਆਹਮੋ-ਸਾਹਮਣੇ, ਇਸ ਗੱਲ ਨੂੰ ਲੈ ਕੇ ਹੋਇਆ ਵਿਵਾਦ
NEXT STORY