ਮੁੰਬਈ : ਰਾਇਲ ਚੈਲੇਂਜਰਸ ਬੈਂਗਲੁਰੂ ਦਾ ਕਪਤਾਨ ਵਿਰਾਟ ਕੋਹਲੀ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਵੀਰਵਾਰ ਯਾਨੀ ਅੱਜ ਹੋਣ ਵਾਲੇ ਮੁਕਾਬਲੇ ਵਿਚ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖ ਕੇ ਅੱਗੇ ਵਧਣਾ ਚਾਹੇਗਾ, ਜਦੋਂਕਿ ਪੰਜਾਬ ਦਾ ਕਪਤਾਨ ਲੋਕੇਸ਼ ਰਾਹੁਲ ਪਿੱਛਲੀ ਹਾਰ ਨੂੰ ਭੁਲਾ ਕੇ ਵਾਪਸੀ ਲਈ ਉਤਰੇਗਾ। ਪੰਜਾਬ ਨੂੰ ਦਿੱਲੀ ਕੈਪੀਟਲਸ ਵਿਰੁੱਧ ਆਈ ਪੀ.ਐੱਲ.-13 ਦੇ ਆਪਣੇ ਪਹਿਲੇ ਮੁਕਾਬਲੇ ਵਿਚ ਸੁਪਰ ਓਵਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂਕਿ ਬੈਂਗਲੁਰੂ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ ਸੀ।
ਵਿਰਾਟ 8ਵੀਂ ਵਾਰ ਆਈ.ਪੀ.ਐੱਲ. ਵਿਚ ਬੈਂਗਲੁਰੂ ਦੀ ਕਪਤਾਨੀ ਸੰਭਾਲ ਰਿਹਾ ਹੈ ਅਤੇ 3 ਸੈਸ਼ਨਾਂ ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਉਸ ਦੀ ਟੀਮ ਨੇ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕੀਤੀ। ਪਿਛਲੇ 3 ਸੈਸ਼ਨਾਂ ਵਿਚ ਵਿਰਾਟ ਦੀ ਟੀਮ ਨੂੰ ਆਪਣੇ ਪਹਿਲੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਈ.ਪੀ.ਐੱਲ.-13 ਵਿਚ ਜਿਸ ਤਰ੍ਹਾਂ ਬੈਂਗਲੁਰੂ ਨੇ ਸ਼ੁਰੂਆਤ ਕੀਤੀ ਹੈ, ਉਸ ਨਾਲ ਟੀਮ ਦਾ ਹੌਸਲਾ ਕਾਫ਼ੀ ਉਚਾ ਹੋ ਗਿਆ ਹੈ। ਵਿਰਾਟ ਦੇ ਸਾਹਮਣੇ ਦੂਜੇ ਮੁਕਾਬਲੇ ਵਿਚ ਪੰਜਾਬ ਦੀ ਟੀਮ ਹੋਵੇਗੀ, ਜਿਸ ਨੇ ਦਿੱਲੀ ਕੈਪੀਟਲਸ ਵਿਰੁੱਧ ਜਿੱਤ ਦੇ ਮੌਕੇ ਗੁਆਏ ਸਨ ਅਤੇ ਉਸ ਨੂੰ ਸੁਪਰ ਓਵਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੀ ਟੀਮ ਨਿਰਧਾਰਤ ਓਵਰਾਂ ਵਿਚ ਮੈਚ ਨੂੰ ਖ਼ਤਮ ਕਰ ਸਕਦੀ ਸੀ ਪਰ 89 ਦੌੜਾਂ ਬਣਾਉਣ ਵਾਲਾ ਮਯੰਕ ਅਗਰਵਾਲ ਆਖ਼ਰੀ ਓਵਰ ਦੀਆਂ 3 ਗੈਂਦਾਂ 'ਤੇ ਜੇਤੂ ਦੌੜ ਨਹੀਂ ਬਣਾ ਸਕਿਆ ਸੀ। ਮਯੰਕ ਪੰਜਵੀਂ ਗੇਂਦ 'ਤੇ ਆਊਟ ਹੋਇਆ ਸੀ ਅਤੇ ਛੇਵੀਂ ਗੇਂਦ 'ਤੇ ਇਕ ਹੋਰ ਵਿਕਟ ਡਿੱਗਣ ਨਾਲ ਸਕੋਰ ਟਾਈ ਹੋ ਗਿਆ ਸੀ।
ਸੁਪਰ ਓਵਰ ਵਿਚ ਪੰਜਾਬ ਨੇ 2 ਵਿਕਟਾਂ ਗੁਆਈਆਂ ਅਤੇ ਉਸ ਦਾ ਸਕੋਰ ਸਿਰਫ਼ 2 ਦੌੜਾਂ ਰਿਹਾ ਸੀ। ਦਿੱਲੀ ਨੂੰ ਸੁਪਰ ਓਵਰ ਵਿਚ ਜਿੱਤ ਹਾਸਲ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਪੰਜਾਬ ਅਤੇ ਉਸ ਦੇ ਕਪਤਾਨ ਰਾਹੁਲ ਨੂੰ ਇਨ੍ਹਾਂ ਗਲਤੀਆਂ ਤੋਂ ਸਬਕ ਲੈਣ ਦੀ ਲੋੜ ਹੈ ਤਾਂ ਕਿ ਟੀਮ ਬੈਂਗਲੁਰੂ ਵਿਰੁੱਧ ਮੁਕਾਬਲੇ ਵਿਚ ਵਾਪਸੀ ਕਰ ਸਕੇ। ਪੰਜਾਬ ਨੂੰ ਜੇਕਰ ਵਾਪਸੀ ਕਰਨੀ ਹੈ ਤਾਂ ਉਸ ਨੂੰ ਆਪਣੀ ਬੱਲੇਬਾਜ਼ੀ 'ਤੇ ਵਿਸ਼ੇਸ਼ ਧਿਆਨ ਦੇਣਾ ਪਵੇਗਾ ਅਤੇ ਵੱਡੀਆਂ ਸਾਂਝੇਦਾਰੀਆਂ ਕਰਨੀਆਂ ਪੈਣਗੀਆਂ। ਰਾਹੁਲ ਨੂੰ ਕਪਤਾਨ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲਦੇ ਹੋਏ ਅੱਗੇ ਟੀਮ ਦੀ ਅਗਵਾਈ ਕਰਨੀ ਪਵੇਗੀ, ਜਿਸ ਨਾਲ ਮੱਧਕ੍ਰਮ 'ਤੇ ਦਬਾਅ ਘੱਟ ਪਵੇ।
ਪੰਜਾਬ ਨੇ ਪਹਿਲੇ ਮੁਕਾਬਲੇ ਵਿਚ ਆਪਣੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੂੰ ਆਖ਼ਰੀ- 11 ਵਿਚ ਸ਼ਾਮਲ ਨਹੀਂ ਕੀਤਾ ਸੀ ਅਤੇ ਉਸ ਦੀ ਗੈਰ-ਹਾਜ਼ਰੀ ਵਿਚ ਮਯੰਕ ਨੂੰ ਛੱਕ ਕੇ ਪੰਜਾਬ ਦਾ ਬੱਲੇਬਾਜ਼ੀ ਕ੍ਰਮ ਪੂਰੀ ਤਰ੍ਹਾਂ ਨਾਲ ਫਲਾਪ ਸਾਬਤ ਹੋਇਆ ਸੀ। ਗੇਲ ਪਿਛਲੇ ਸੋਮਵਾਰ ਨੂੰ 41 ਸਾਲ ਦਾ ਹੋ ਗਿਆ ਹੈ ਅਤੇ ਉਸ ਨੇ ਡਗਆਊਟ ਵਿਚ ਬੈਠ ਕੇ ਆਪਣੀ ਟੀਮ ਨੂੰ ਸੁਪਰ ਓਵਰ ਵਿਚ ਹਾਰਦੇ ਹੋਏ ਦੇਖਿਆ ਸੀ। ਜੇਕਰ ਗੇਲ ਵਰਗਾ ਬੱਲੇਬਾਜ਼ ਸੁਪਰ ਓਵਰ ਵਿਚ ਮੌਜੂਦ ਹੁੰਦਾ ਤਾਂ ਪੰਜਾਬ ਦੀ ਟੀਮ ਸੁਪਰ ਓਵਰ ਵਿਚ ਚੁਣੌਤੀਪੂਰਨ ਸਕੋਰ ਬਣਾ ਸਕਦੀ ਸੀ।
ਗੇਲ ਇਸ ਤੋਂ ਪਹਿਲਾਂ ਕਈ ਸਾਲਾਂ ਤੱਕ ਬੈਂਗਲੁਰੂ ਵੱਲੋਂ ਖੇਡਿਆ ਸੀ ਅਤੇ ਅਜਿਹੇ ਵਿਚ ਉਸ ਨੂੰ ਬੈਂਗਲੁਰੂ ਦੀ ਰਣਨੀਤੀ ਬਾਰੇ ਵਿਚ ਜਾਣਕਾਰੀ ਹੋਵੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਅਗਲੇ ਮੁਕਾਬਲੇ ਵਿਚ ਗੇਲ ਨੂੰ ਟੀਮ ਵਿਚ ਸ਼ਾਮਲ ਕਰ ਸਕਦਾ ਹੈ। ਪੰਜਾਬ ਦੀ ਟੀਮ ਵਿਚ ਜੇਕਰ ਗੇਲ ਦੀ ਵਾਪਸੀ ਹੁੰਦੀ ਹੈ ਤਾਂ ਇਹ ਬੈਂਗਲੁਰੂ ਲਈ ਚਿੰਤਾ ਦਾ ਸਬੱਬ ਬਣ ਸਕਦਾ ਹੈ, ਕਿਉਂਕਿ ਗੇਲ ਦੀ ਸਮਰੱਥਾ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਅਤੇ ਜੇਕਰ ਉਸ ਦਾ ਬੱਲਾ ਚੱਲਦਾ ਹੈ ਤਾਂ ਇਹ ਬੈਂਗਲੁਰੂ ਲਈ ਕਾਫ਼ੀ ਚਿੰਤਾ ਦਾ ਕਾਰਣ ਬਣ ਸਕਦਾ ਹੈ।
ਬੈਂਗਲੁਰੂ ਲਈ ਜਿੱੱਥੇ ਰਾਹਤ ਦੀ ਗੱਲ ਇਹ ਰਹੀ ਹੈ ਕਿ ਉਸ ਦੇ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ, ਉਥੇ ਹੀ ਉਸ ਦੇ ਕਪਤਾਨ ਵਿਰਾਟ ਨੂੰ ਆਪਣੀ ਫਾਰਮ ਜਲਦ ਹਾਸਲ ਕਰਨੀ ਪਵੇਗੀ, ਜਿਸ ਨਾਲ ਜੇਕਰ ਸਲਾਮੀ ਜੋੜੀ ਵੱਡੀ ਪਾਰੀ ਖੇਡਣ ਵਿਚ ਅਸਫ਼ਲ ਰਹਿੰਦੀ ਹੈ ਤਾਂ ਉਹ ਟੀਮ ਨੂੰ ਸੰਭਾਲ ਸਕਦਾ ਹੈ। ਮਿਸਟਰ 369 ਡਿਗਰੀ ਦੇ ਨਾਂ ਨਾਲ ਮਸ਼ਹੂਰ ਏ.ਬੀ. ਡਿਵਿਲੀਅਰਸ ਨੇ ਵੀ ਪਹਿਲੇ ਮੁਕਾਬਲੇ ਵਿਚ ਕਾਫ਼ੀ ਪ੍ਰਭਾਵਿਤ ਕੀਤਾ ਸੀ। ਇਸ ਮੁਕਾਬਲੇ ਵਿਚ ਬੈਂਗਲੁਰੂ ਦਾ ਪਲੜਾ ਭਾਰੀ ਹੈ ਪਰ ਪੰਜਾਬ ਦੀ ਟੀਮ ਵਾਪਸੀ ਲਈ ਕੋਈ ਕਸਰ ਨਹੀਂ ਛੱਡੇਗੀ। ਅਜਿਹੇ ਵਿਚ ਪਹਿਲੀ ਜਿੱਤ ਤੋਂ ਉਤਸ਼ਾਹਿਤ ਵਿਰਾਟ ਸੈਨਾ ਨੂੰ ਓਵਰਕਾਨਫੀਡੈਂਸ ਤੋਂ ਬਚਣਾ ਪਵੇਗਾ ਅਤੇ ਸਬਰ ਰੱਖ ਕੇ ਅੱਗੇ ਵੱਧਣਾ ਪਵੇਗਾ।
ਕ੍ਰਿਕਟ ਦੀ ਸੁਪਰਫੈਨ ਪੂਨਮ ਪਾਂਡੇ ਨੂੰ ਮਾਰਿਆ ਪਤੀ ਨੇ ਥੱਪੜ, ਪੁਲਸ ਨੇ ਕੀਤਾ ਗ੍ਰਿਫਤਾਰ
NEXT STORY