ਸਪੋਰਟਸ ਡੈਸਕ: ਆਈ.ਪੀ.ਐੱਲ. 2023 ਵਿਚ ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਪੰਜਾਬ ਦੇ ਬੱਲੇਬਾਜ਼ਾਂ ਦੇ ਧਾਕੜ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 13 ਦੌੜਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲਈਆਂ। ਅਖ਼ੀਰਲੇ ਓਵਰ ਵਿਚ ਜਦੋਂ ਮੈਚ ਬੇਹੱਦ ਫੱਸਵਾਂ ਜਾਪ ਰਿਹਾ ਸੀ ਤਾਂ ਅਰਸ਼ਦੀਪ ਸਿੰਘ ਨੇ 2 ਗੇਂਦਾਂ ਵਿਚ ਲਗਾਤਾਰ 2 ਬੋਲਡ ਕੀਤੇ।

ਇਸ ਦੌਰਾਨ ਉਸ ਨੇ ਤਿਲਕ ਵਰਮਾ ਤੇ ਨੇਹਾਲ ਨੂੰ ਕਲੀਨ ਬੋਲਡ ਕਰਦਿਆਂ ਮਿਡਲ ਸਟੰਪ ਹੀ ਤੋੜ ਦਿੱਤੇ।

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ
ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ ਸੀ। ਪਾਵਰਪਲੇ ਵਿਚ ਪੰਜਾਬ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਮੁੰਬਈ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਦੌੜਾਂ ਦੇ ਮਾਮਲੇ 'ਚ ਹੱਥ ਘੁੱਟ ਕੇ ਰੱਖਿਆ। ਪਰ ਅਖ਼ੀਰ ਵਿਚ ਸੈਮ ਕਰਨ, ਹਰਪ੍ਰੀਤ ਸਿੰਘ ਤੇ ਜਿਤੇਸ਼ ਸ਼ਰਮਾ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ।

15 ਓਵਰਾਂ ਵਿਚ ਪੰਜਾਬ ਦਾ ਸਕੋਰ 118 ਤਕ ਹੀ ਪਹੁੰਚਿਆ ਸੀ ਜੋ ਮੁੰਬਈ ਦੇ ਸਟੇਡੀਅਮ ਦੇ ਹਿਸਾਬ ਨਾਲ ਬਹੁਤ ਘੱਟ ਜਾਪਦਾ ਸੀ। ਪਰ ਅਖ਼ੀਰ ਵਿਚ ਉਕਤ ਤਿੰਨੋ ਬੱਲੇਬਾਜ਼ਾਂ ਨੇ ਤੂਫ਼ਾਨੀ ਪਾਰੀਆਂ ਖੇਡੀਆਂ ਤੇ ਅਖ਼ੀਰਲੇ 5 ਓਵਰਾਂ ਵਿਚ 96 ਦੌੜਾਂ ਜੋੜੀਆਂ।

ਕਪਤਾਨ ਸੈਮ ਕਰਨ ਨੇ 29 ਗੇਂਦਾਂ ਵਿਚ 55 ਦੌੜਾਂ ਦੀ ਪਾਰੀ ਖੇਡੀ। ਪੰਜਾਬ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ।

ਇਹ ਖ਼ਬਰ ਵੀ ਪੜ੍ਹੋ - AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, 'ਚੌਥੀ ਪਾਸ ਰਾਜਾ ਘਬਰਾ ਗਿਆ'
215 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਹੀ ਓਵਰ ਵਿਚ ਝਟਕਾ ਦਿੱਤਾ। ਉਸ ਨੇ ਇਸ਼ਾਨ ਕਿਸ਼ਨ ਨੂੰ 1 ਸਕੋਰ ਬਣਾਉਣ ਤੋਂ ਬਾਅਦ ਹੀ ਪਵੇਲੀਅਨ ਪਰਤਾ ਦਿੱਤਾ। ਉਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ (44), ਕੈਮਰਾਨ ਗਰੀਨ (67), ਸੂਰਿਆਕੁਮਾਰ ਯਾਦਵ (57) ਤੇ ਟਿਮ ਡੇਵਿਡ (25) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਪਰ ਆਪਣੀ ਟੀਮ ਨੂੰ ਜਿੱਤ ਤਕ ਨਹੀਂ ਪਹੁੰਚਾ ਸਕੇ।

ਅਖ਼ੀਰਲੇ ਓਵਰ ਵਿਚ ਜਦੋਂ ਮੁਕਾਬਲਾ ਬੇਹੱਦ ਫੱਸਵਾਂ ਜਾਪ ਰਿਹਾ ਸੀ ਤਾਂ ਅਰਸ਼ਦੀਪ ਸਿੰਘ ਨੇ ਲਗਾਤਾਰ 2 ਵਿਕਟਾਂ ਲੈ ਕੇ ਪੰਜਾਬ ਦੀ ਜਿੱਤ ਨੂੰ ਯਕੀਨੀ ਬਣਾਇਆ। ਮੁੰਬਈ ਇੰਡੀਅਨਜ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 201 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਪੰਜਾਬ ਨੇ ਮੁੰਬਈ ਨੂੰ 13 ਦੌੜਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
PCB ਨੇ ਨਿਰਪੱਖ ਸਥਾਨ ’ਤੇ ਭਾਰਤ ਦੇ ਮੈਚਾਂ ਦੇ ਨਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਦਿੱਤਾ : ਸੇਠੀ
NEXT STORY