ਸਪੋਰਟਸ ਡੈਸਕ- ਚੇਨਈ ਦੇ ਚੇਪਾਕ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਫਾਈਨਲ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕਰ ਲਿਆ ਹੈ। ਇਹ ਕੋਲਕਾਤਾ ਦੀ ਤੀਜੀ ਟਰਾਫ਼ੀ ਹੈ। ਇਸ ਤੋਂ ਪਹਿਲਾਂ ਟੀਮ ਨੇ ਸਾਲ 2012 ਤੇ 2014 'ਚ ਗੌਤਮ ਗੰਭੀਰ ਦੀ ਕਪਤਾਨੀ 'ਚ ਟਰਾਫ਼ੀ 'ਤੇ ਕਬਜ਼ਾ ਕੀਤਾ ਸੀ, ਜਦਕਿ ਇਸ ਵਾਰ 10 ਸਾਲ ਬਾਅਦ ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਟੀਮ ਨੇ ਖ਼ਿਤਾਬ ਹਾਸਲ ਕੀਤਾ ਹੈ।
ਇਸ ਮੁਕਾਬਲੇ 'ਚ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਇਹ ਫ਼ੈਸਲਾ ਹੈਦਰਾਬਾਦ ਲਈ ਸਹੀ ਸਾਬਿਤ ਨਹੀਂ ਹੋਇਆ ਤੇ ਟੀਮ ਲਗਾਤਾਰ ਲੱਗ ਰਹੇ ਝਟਕਿਆਂ ਤੋਂ ਉੱਭਰ ਨਾ ਸਕੀ ਤੇ ਅੰਤ ਪੂਰੀ ਟੀਮ 18.3 ਓਵਰਾਂ 'ਚ ਹੀ 113 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।
ਹੈਦਰਾਬਾਦ ਦੀ ਬੱਲੇਬਾਜ਼ੀ ਦਾ ਆਲਮ ਇਹ ਰਿਹਾ ਕਿ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਪੈਟ ਕਮਿੰਸ (24) ਨੇ ਬਣਾਈਆਂ। ਇਹ ਆਈ.ਪੀ.ਐੱਲ. ਇਤਿਹਾਸ ਦੇ ਫਾਈਨਲ ਮੁਕਾਬਲੇ 'ਚ ਹੁਣ ਤੱਕ ਦਾ ਸਭ ਤੋਂ ਛੋਟਾ ਸਕੋਰ ਹੈ।
ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਦੀ ਟੀਮ ਨੇ ਪਹਿਲੇ ਹੀ ਓਵਰ ਤੋਂ ਤੇਜ਼ੀ ਨਾਲ ਖੇਡਣਾ ਸ਼ੁਰੂ ਕੀਤਾ। ਸੁਨੀਲ ਨਾਰਾਇਣ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਪੈਟ ਕਮਿੰਸ ਨੂੰ ਛੱਕਾ ਲਗਾ ਕੇ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵੈਂਕਟੇਸ਼ ਅਈਅਰ ਤੇ ਰਹਿਮਾਨੁੱਲਾ ਗੁਰਬਾਜ਼ ਨੇ ਤਾਬੜਤੋੜ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ 11 ਓਵਰਾਂ ਦੇ ਅੰਦਰ ਹੀ ਚੈਂਪੀਅਨ ਬਣਾ ਦਿੱਤਾ।
ਵੈਂਕਟੇਸ਼ ਅਈਅਰ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਨੂੰ ਜਿਤਾਉਣ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਉਸ ਨੇ 26 ਗੇਂਦਾਂ 'ਚ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਹਿਮਾਨੁੱਲਾ ਗੁਰਬਾਜ਼ ਨੇ ਵੀ 32 ਗੇਂਦਾਂ 'ਚ 39 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿਤਾਉਣ 'ਚ ਚੰਗਾ ਯੋਗਦਾਨ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਖਿਡਾਰੀਆਂ ਨੂੰ IPL 'ਚੋਂ ਵਾਪਸ ਬੁਲਾ ਕੇ ਇੰਗਲੈਂਡ ਨੇ ਕੀਤੀ ਗਲਤੀ : ਵਾਨ
NEXT STORY