ਸਪੋਰਟਸ ਡੈਸਕ- ਲਖਨਊ ਦੇ ਇਕਾਨਾ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸੁਨੀਲ ਨਾਰਾਇਣ ਦੇ ਹਰਫ਼ਨਮੌਲਾ ਪ੍ਰਦਰਸ਼ਨ ਤੋਂ ਇਲਾਵਾ ਬੱਲੇਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਦੀ ਬਦੌਲਤ ਲਖਨਊ ਸੁਪਰਜਾਇੰਟਸ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਾਰ ਦਾ ਸਵਾਦ ਚਖ਼ਾ ਕੇ 98 ਦੌੜਾਂ ਦੇ ਵੱਡੇ ਫ਼ਰਕ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ।

ਇਸ ਤੋਂ ਪਹਿਲਾਂ ਲਖਨਊ ਦੇ ਕਪਤਾਨ ਕੇ.ਐੱਲ. ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੀਮ ਨੇ ਸੁਨੀਲ ਨਾਰਾਇਣ (81) ਦੀ ਤੂਫ਼ਾਨੀ ਪਾਰੀ ਤੋਂ ਬਾਅਦ ਬਾਕੀ ਬੱਲੇਬਾਜ਼ਾਂ ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਤ 8 ਵਿਕਟਾਂ ਗੁਆ ਕੇ 235 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ।

ਇਸ ਸਕੋਰ ਦਾ ਪਿੱਛਾ ਕਰਨ ਉਤਰੀ ਲਖਨਊ ਵੱਲੋਂ ਕਪਤਾਨ ਕੇ.ਐੱਲ. ਰਾਹੁਲ 21 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਤੋਂ ਬਾਅਦ ਅਰਸ਼ਿਨ ਕੁਲਕਰਨੀ ਇਕ ਵਾਰ ਫਿਰ ਫਲਾਪ ਰਿਹਾ ਤੇ 7 ਗੇਂਦਾਂ 'ਚ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।

ਮਾਰਕਸ ਸਟਾਇਨਿਸ ਨੇ ਕੁਝ ਜੁਝਾਰੂਪਨ ਦਿਖਾਇਆ, ਪਰ ਉਹ ਵੀ ਵੱਡੇ ਸਕੋਰ ਦੇ ਦਬਾਅ 'ਚ ਆ ਗਿਆ ਤੇ 21 ਗੇਂਦਾਂ 'ਚ 36 ਦੌੜਾਂ ਬਣਾ ਕੇ ਆਂਦ੍ਰੇ ਰਸਲ ਦਾ ਸ਼ਿਕਾਰ ਬਣਿਆ। ਦੀਪਕ ਹੁੱਡਾ ਵੀ ਕੁਝ ਖ਼ਾਸ ਨਾ ਕਰ ਸਕਿਆ ਤੇ 5 ਦੌੜਾਂ ਬਣਾ ਕੇ ਵਰੁਣ ਚਕਰਵਰਤੀ ਦੀ ਗੇਂਦ 'ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ।

ਨਿਕੋਲਸ ਪੂਰਨ (10), ਆਯੂਸ਼ ਬਦੋਨੀ (15), ਐਸ਼ਟਨ ਟਰਨਰ (16) ਤੇ ਕ੍ਰੁਨਾਲ ਪੰਡਯਾ (5) ਵੀ ਟੀਮ ਨੂੰ ਜਿੱਤ ਨਾ ਦਿਵਾ ਸਕੇ ਤੇ ਕੋਲਕਾਤਾ ਦੇ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਏ। ਅੰਤ ਟੀਮ 16.1 ਓਵਰਾਂ 'ਚ ਹੀ 137 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਹੁਣ ਕੋਲਕਾਤਾ ਨਾਈਟ ਰਾਈਡਰਜ਼ ਦੇ 11 ਮੈਚਾਂ 'ਚੋਂ 8 ਜਿੱਤ ਕੇ 16 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ 'ਚ ਟਾਪ 'ਤੇ ਪਹੁੰਚ ਗਈ ਹੈ। ਇਸ ਜਿੱਤ ਨਾਲ ਹੁਣ ਕੋਲਕਾਤਾ ਦਾ ਪਲੇਆਫ਼ 'ਚ ਪਹੁੰਚਣਾ ਲਗਭਗ ਤੈਅ ਹੋ ਗਿਆ ਹੈ। ਉੱਥੇ ਹੀ ਲਖਨਊ ਨੂੰ 11 ਮੈਚਾਂ 'ਚੋਂ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਟੀਮ ਹਾਲੇ ਵੀ 12 ਅੰਕਾਂ ਨਾਲ ਪਲੇਆਫ਼ ਦੀ ਰੇਸ 'ਚ ਬਣੀ ਹੋਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IPL 2024: ਬਾਲਿਕਾ ਵਧੂ ਫੇਮ ਨਾਲ ਬਾਲੀਵੁੱਡ ਡੈਬਿਊ ਕਰਨਗੇ ਆਂਦਰੇ ਰਸਲ, ਇਹ ਹੈ ਪ੍ਰੋਜੈਕਟ
NEXT STORY