ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਮਥੀਸ਼ਾ ਪਥਿਰਾਣਾ ਦੀ ਖ਼ਤਰਨਾਕ ਗੇਂਦਬਾਜ਼ੀ ਦੀ ਬਦੌਲਤ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਚੌਥੀ ਜਿੱਤ ਹਾਸਲ ਕਰ ਲਈ ਹੈ।

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਚੇਨਈ ਨੇ ਕਪਤਾਨ ਰੁਤੂਰਾਜ ਗਾਇਕਵਾੜ (69) ਸ਼ਿਵਮ ਦੁਬੇ (66*) ਦੇ ਅਰਧ ਸੈਂਕੜਿਆਂ ਤੋਂ ਇਲਾਵਾ ਅੰਤ 'ਚ ਧੋਨੀ (4 ਗੇਂਦਾਂ 'ਤੇ 20 ਦੌੜਾਂ) ਦੀ ਤੂਫ਼ਾਨੀ ਪਾਰੀ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ।

207 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੂੰ ਈਸ਼ਾਨ ਕਿਸ਼ਨ ਤੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 70 ਦੌੜਾਂ ਜੋੜੀਆਂ। ਈਸ਼ਾਨ ਕਿਸ਼ਨ 15 ਗੇਂਦਾਂ 'ਚ 23 ਦੌੜਾਂ ਬਣਾ ਕੇ ਪਥਿਰਾਣਾ ਦੀ ਗੇਂਦ 'ਤੇ ਆਊਟ ਹੋ ਗਿਆ।

ਸੂਰਯਕਮਾਰ ਯਾਦਵ ਬਿਨਾ ਖਾਤਾ ਖੋਲ੍ਹੇ ਪਥਿਰਾਣਾ ਦੀ ਗੇਂਦ 'ਤੇ ਆਊਟ ਹੋ ਗਿਆ। ਤਿਲਕ ਵਰਮਾ ਨੇ ਕੁਝ ਦੇਰ ਰੋਹਿਤ ਸ਼ਰਮਾ ਦਾ ਸਾਥ ਦਿੱਤਾ, ਪਰ 20 ਗੇਂਦਾਂ 'ਤੇ 31 ਦੌੜਾਂ ਬਣਾ ਕੇ ਉਹ ਵੀ ਪਥਿਰਾਣਾ ਦੀ ਗੇਂਦ 'ਤੇ ਪੈਵੇਲੀਅਨ ਪਰਤ ਗਿਆ। ਦੂਜੇ ਪਾਸੇ ਤੋਂ ਵਿਕਟਾਂ ਡਿਗਣ ਦਾ ਸਿਲਸਿਲਾ ਜਾਰੀ ਰਹਿਣ ਦੇ ਬਾਵਜੂਦ ਰੋਹਿਤ ਸ਼ਰਮਾ ਨੇ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ ਤੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ।

ਇਸ ਦੌਰਾਨ ਬੱਲੇਬਾਜ਼ੀ ਲਈ ਉਤਰੇ ਕਪਤਾਨ ਹਾਰਦਿਕ ਪੰਡਯਾ 6 ਗੇਂਦਾਂ 'ਚ 2 ਦੌੜਾਂ ਬਣਾ ਕੇ ਤੁਸ਼ਾਰ ਦੇਸ਼ਪਾਂਡੇ ਦੀ ਗੇਂਦ 'ਤੇ ਜਡੇਜਾ ਹੱਥੋਂ ਕੈਚ ਆਊਟ ਹੋ ਗਏ। ਹੁਣ ਮੁੰਬਈ ਦੀਆਂ ਸਾਰੀਆਂ ਉਮੀਦਾਂ ਰੋਹਿਤ ਸ਼ਰਮਾ 'ਤੇ ਟਿਕੀਆਂ ਸਨ। ਉਸ ਦਾ ਸਾਥ ਦੇਣ ਆਏ ਟਿਮ ਡੇਵਿਡ ਨੇ ਕੁਝ ਚੰਗੇ ਸ਼ਾਟ ਖੇਡੇ, ਪਰ ਉਹ ਵੀ 5 ਗੇਂਦਾਂ 'ਚ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।

ਇਸ ਦੌਰਾਨ ਰੋਹਿਤ ਸ਼ਰਮਾ ਨੇ 61 ਗੇਂਦਾਂ 'ਚ 10 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਵੀ ਪੂਰਾ ਕੀਤਾ। ਰੋਹਿਤ ਸ਼ਰਮਾ ਨੇ 63 ਗੇਂਦਾਂ ਦੀ ਪਾਰੀ 'ਚ ਨਾਬਾਦ 105 ਦੌੜਾਂ ਬਣਾਈਆਂ, ਜਿਨ੍ਹਾਂ 'ਚ 11 ਚੌਕੇ ਤੇ 5 ਛੱਕੇ ਸ਼ਾਮਲ ਸਨ। ਉਸ ਨੂੰ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਾ ਮਿਲਿਆ, ਜਿਸ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ 4 ਓਵਰਾਂ 'ਚ 28 ਦੌੜਾਂ ਦੇ ਕੇ 4 ਵਿਕਟਾਂ ਲੈਣ ਵਾਲੇ ਮਥੀਸ਼ਾ ਪਥਿਰਾਣਾ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ।

ਇਸ ਜਿੱਤ ਦੇ ਨਾਲ ਚੇਨਈ ਦੇ 6 ਮੁਕਾਬਲਿਆਂ 'ਚ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ ਤੇ ਉਹ ਨੈੱਟ ਰਨ-ਰੇਟ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਬਣੇ ਹੋਏ ਹਨ, ਉੱਥੇ ਹੀ ਮੁੰਬਈ ਇੰਡੀਅਨਜ਼ ਨੂੰ 6 ਮੈਚਾਂ 'ਚ ਸਿਰਫ਼ 2 'ਚ ਜਿੱਤ ਮਿਲੀ ਹੈ ਤੇ ਉਹ 4 ਅੰਕਾਂ ਨਾਲ 8ਵੇਂ ਸਥਾਨ 'ਤੇ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿਸਟਲ ਨਿਸ਼ਾਨੇਬਾਜ਼ ਪਲਕ ਨੇ ਭਾਰਤ ਲਈ 20ਵਾਂ ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ
NEXT STORY