ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਜਨਮਦਿਨ ਵਾਲੇ ਦਿਨ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਲਖਨਊ ਸੁਪਰਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਮੁੰਬਈ ਦੀ ਟੀਮ ਰੋਹਿਤ ਨੂੰ ਜਮਨਦਿਨ ਦਾ ਤੋਹਫ਼ਾ ਦੇਣ 'ਚ ਨਾਕਾਮਯਾਬ ਰਹੀ ਤੇ ਇਸ ਹਾਰ ਨਾਲ ਉਸ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਵੀ ਲਗਭਗ ਖ਼ਤਮ ਹੋ ਗਈਆਂ ਹਨ।
ਲਖਨਊ ਦੇ ਕਪਤਾਨ ਕੇ.ਐੱਲ. ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੁੰਬਈ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ 20 ਓਵਰਾਂ 'ਚ 7 ਵਿਕਟਾਂ ਗੁਆ ਕੇ 144 ਦੌੜਾਂ ਹੀ ਬਣਾ ਸਕੀ।
145 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਲਈ ਪਹਿਲੀ ਵਾਰ ਬੱਲੇਬਾਜ਼ੀ ਕਰਨ ਆਏ ਨੌਜਵਾਨ ਅਰਸ਼ਿਨ ਕੁਲਕਰਨੀ ਪਹਿਲੀ ਹੀ ਗੇਂਦ 'ਤੇ ਨੁਵਾਨ ਤੁਸ਼ਾਰਾ ਹੱਥੋਂ ਆਊਟ ਹੋ ਗਿਆ। ਕਪਤਾਨ ਕੇ.ਐੱਲ. ਰਾਹੁਲ ਨੇ 22 ਗੇਂਦਾਂ 'ਚ 3 ਚੌਕੇ ਤੇ 1 ਛੱਕੇ ਦੀ ਮਦਦ ਨਾਲ 28 ਦੌੜਾਂ ਬਣਾਈਆਂ।
ਮਾਰਕਸ ਸਟਾਇਨਿਸ ਨੇ 45 ਗੇਂਦਾਂ 'ਚ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 62 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਦੀਪਕ ਹੁੱਡਾ ਨੇ ਚੰਗੀ ਸ਼ੁਰੂਆਤ ਕੀਤੀ, ਪਰ ਉਹ ਵੀ 18 ਗੇਂਦਾਂ 'ਚ 18 ਦੌੜਾਂ ਬਣਾ ਕੇ ਪੰਡਯਾ ਦਾ ਸ਼ਿਕਾਰ ਬਣਿਆ।
ਇਸ ਤੋਂ ਬਾਅਦ ਅੰਤ 'ਚ ਨਿਕੋਲਸ ਪੂਰਨ ਨੇ 14 ਗੇਂਦਾਂ 'ਚ 14 ਦੌੜਾਂ ਬਣਾ ਕੇ ਜੇਤੂ ਸ਼ਾਟ ਲਗਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਉਸ ਦੇ ਨਾਲ ਕਰੁਨਾਲ ਪੰਡਯਾ 1 ਦੌੜ ਬਣਾ ਕੇ ਨਾਬਾਦ ਰਿਹਾ।
ਇਸ ਹਾਰ ਤੋਂ ਬਾਅਦ ਮੁੰਬਈ ਇੰਡੀਅਨਜ਼ ਦਾ ਪਲੇਆਫ਼ 'ਚ ਪਹੁੰਚਣ ਦਾ ਰਸਤਾ ਲਗਭਗ ਬੰਦ ਹੋ ਚੁੱਕਾ ਹੈ। ਉਸ ਦੇ 10 ਮੁਕਾਬਲਿਆਂ 'ਚ 3 ਜਿੱਤਾਂ ਨਾਲ 6 ਅੰਕ ਹਨ, ਤੇ ਉਸ ਨੂੰ ਪਲੇਆਫ਼ 'ਚ ਪਹੁੰਚਣ ਲਈ ਆਪਣੇ ਬਾਕੀ ਬਚੇ ਸਾਰੇ ਮੁਕਾਬਲੇ ਵੱਡੇ ਫ਼ਰਕ ਨਾਲ ਜਿੱਤਣੇ ਪੈਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਵੇਗਾ। ਇਸ ਤੋਂ ਇਲਾਵਾ ਲਖਨਊ ਸੁਪਰਜਾਇੰਟਸ ਦੇ 10 ਮੁਕਾਬਲਿਆਂ 'ਚ 6 ਜਿੱਤਾਂ ਨਾਲ 12 ਅੰਕ ਹੋ ਗਏ ਹਨ ਤੇ ਉਹ ਪਲੇਆਫ਼ 'ਚ ਪਹੁੰਚਣ ਦੇ ਬਹੁਤ ਨੇੜੇ ਪਹੁੰਚ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਣਾ 'ਤੇ ਇਕ ਮੈਚ ਦੀ ਪਾਬੰਦੀ, ਮੈਚ ਫੀਸ ਦਾ 100% ਜੁਰਮਾਨਾ
NEXT STORY