ਸਪੋਰਟਸ ਡੈਸਕ- ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਰੋਮਾਂਚਕ ਮੁਕਾਬਲੇ 'ਚ ਸ਼ਸ਼ਾਂਕ ਸਿਘ ਦੀ ਚਮਤਕਾਰੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾ ਕੇ ਸੀਜ਼ਨ 'ਚ ਦੂਜੀ ਜਿੱਤ ਹਾਸਲ ਕਰ ਲਈ ਹੈ।
ਇਸ ਸਮੇਂ ਦੋਵੇਂ ਟੀਮਾਂ 4-4 ਮੈਚ ਖੇਡ ਚੁੱਕੀਆਂ ਹਨ ਤੇ ਦੋਵਾਂ ਨੂੰ 2-2 ਮੈਚਾਂ 'ਚ ਜਿੱਤ ਅਤੇ ਇੰਨੇ ਹੀ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਬਿਹਤਰ ਨੈੱਟ ਰਨ-ਰੇਟ ਦੇ ਆਧਾਰ 'ਤੇ ਪੰਜਾਬ 5ਵੇਂ, ਜਦਕਿ ਗੁਜਰਾਤ 6ਵੇਂ ਸਥਾਨ 'ਤੇ ਕਾਬਜ਼ ਹੈ।
ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਸ ਨੇ ਕਪਤਾਨ ਸ਼ੁੱਭਮਨ ਗਿੱਲ ਦੀ 48 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਸਾਈ ਸੁਦਰਸ਼ਨ (33), ਕੇਨ ਵਿਲੀਅਮਸਨ (26) ਅਤੇ ਰਾਹੁਲ ਤੇਵਤੀਆ (23) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 199 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
200 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੂੰ ਦੂਜੇ ਓਵਰ 'ਚ ਹੀ ਕਪਤਾਨ ਸ਼ਿਖਰ ਧਵਨ ਦੇ ਰੂਪ 'ਚ ਵੱਡਾ ਝਟਕਾ ਲੱਗਾ, ਜੋ ਕਿ ਸਿਰਫ਼ 1 ਦੌੜ ਬਣਾ ਕੇ ਉਮੇਸ਼ ਯਾਦਵ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ।
ਇਸ ਤੋਂ ਬਾਅਦ ਜੌਨੀ ਬੇਅਰਸਟਾ (22) ਤੇ ਪ੍ਰਭਸਿਮਰਨ ਸਿੰਘ (35) ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਸਿਕੰਦਰ ਰਜ਼ਾ (15) ਤੇ ਜਿਤੇਸ਼ ਸ਼ਰਮਾ (16) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ।
ਨੌਜਵਾਨ ਬੱਲੇਬਾਜ਼ ਸ਼ਸ਼ਾਂਕ ਸਿੰਘ ਤੇ ਆਸ਼ੁਤੋਸ਼ ਸ਼ਰਮਾ ਨੇ ਆਖਰੀ ਓਵਰਾਂ 'ਚ ਤੂਫ਼ਾਨੀ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਆਖ਼ਰੀ ਓਵਰ 'ਚ ਪੰਜਾਬ ਨੂੰ 7 ਦੌੜਾਂ ਦੀ ਲੋੜ ਸੀ। ਪਹਿਲੀ ਹੀ ਗੇਂਦ 'ਤੇ ਆਸ਼ੁਤੋਸ਼ ਸ਼ਰਮਾ 31 ਦੌੜਾਂ ਬਣਾ ਕੇ ਦਰਸ਼ਨ ਨਾਲਕੰਡੇ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਨਾਲਕੰਡੇ ਨੇ ਅਗਲੀਆਂ 2 ਗੇਂਦਾਂ ਵਾਈਡ ਸੁੱਟ ਦਿੱਤੀਆਂ, ਜਿਸ ਕਾਰਨ ਹੁਣ ਪੰਜਾਬ ਨੂੰ 3 ਗੇਂਦਾਂ 'ਚ ਸਿਰਫ਼ 5 ਦੌੜਾਂ ਚਾਹੀਦੀਆਂ ਸਨ। ਸ਼ਸ਼ਾਂਕ ਸਿੰਘ ਨੇ ਬਿਹਤਰੀਨ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ। ਉਸ ਨੇ ਓਵਰ ਦੀ ਚੌਥੀ ਗੇਂਦ 'ਤੇ ਚੌਕਾ ਮਾਰ ਦਿੱਤਾ ਤੇ ਅਗਲੀ ਗੇਂਦ 'ਤੇ 1 ਦੌੜ ਲੈ ਕੇ ਜਿੱਤ ਪੰਜਾਬ ਦੀ ਝੌਲੀ 'ਚ ਪਾ ਦਿੱਤੀ। ਉਸ ਨੇ 29 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਸ ਸ਼ਾਨਦਾਰ ਮੈਚ ਜਿਤਾਊ ਪਾਰੀ ਲਈ ਸ਼ਸ਼ਾਂਕ ਸਿੰਘ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170
ਸ਼ਾਕਾਹਾਰੀ ਹੈ ਮਯੰਕ ਯਾਦਵ! ਮਾਂ ਨੇ ਕੀਤਾ ਖੁਲਾਸਾ- ਖਾਣ 'ਚ ਕੀ-ਕੀ ਹੈ ਪਸੰਦ
NEXT STORY