ਅਹਿਮਦਾਬਾਦ– ਪਲੇਅ ਆਫ ’ਚ ਪਹਿਲਾਂ ਹੀ ਆਪਣੀ ਜਗ੍ਹਾ ਸੁਰੱਖਿਅਤ ਕਰ ਚੁੱਕੀ ਗੁਜਰਾਤ ਟਾਈਟਨਜ਼ ਦੀ ਟੀਮ ਚੇਨਈ ਸੁਪਰ ਕਿੰਗਜ਼ ਵਿਰੁੱਧ ਵੀਰਵਾਰ ਨੂੰ ਇੱਥੇ ਹੋਣ ਵਾਲੇ ਆਈ. ਪੀ. ਐੱਲ. ਮੈਚ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖ ਕੇ ਚੋਟੀ ਦੇ ਦੋ ’ਚ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ। ਲੀਗ ਪੜਾਅ ’ਚ ਚੋਟੀ ਦੇ ਦੋ ਸਥਾਨਾਂ ’ਤੇ ਰਹਿਣ ਵਾਲੀ ਟੀਮ ਨੂੰ ਫਾਈਨਲ ’ਚ ਪਹੁੰਚਣ ਦੇ ਦੋ ਮੌਕੇ ਮਿਲਦੇ ਹਨ। ਗੁਜਰਾਤ ਅਜੇ 16 ਅੰਕ ਲੈ ਕੇ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਕਾਬਿਜ਼ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (18 ਅੰਕ) ਪਹਿਲੇ ਸਥਾਨ ’ਤੇ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਸਨਰਾਈਜ਼ਰਜ਼ ਹੈਦਰਾਬਾਡ (16 ਅੰਕ) ਵੀ ਚੋਟੀ ਦੇ ਦੋ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਹੈ। ਇਨ੍ਹਾਂ ਤਿੰਨੋਂ ਟੀਮਾਂ ਨੇ ਪਹਿਲਾਂ ਹੀ ਪਲੇਅ ਆਫ ਲਈ ਕੁਆਲੀਫਾਈ ਕਰ ਲਿਆ ਹੈ।
ਜੇਕਰ ਗੁਜਰਾਤ ਦੀ ਟੀਮ ਚੇਨਈ ਵਿਰੁੱਧ ਵੱਡੀ ਜਿੱਤ ਦਰਜ ਕਰਦੀ ਹੈ ਤਾਂ ਉਹ ਰਾਇਲ ਚੈਲੰਜਰਜ਼ ਬੈਂਗਲੁਰੂ ਦੀ (+1.065) ਨੈੱਟ ਰਨ ਰੇਟ ਤੋਂ ਵੀ ਅੱਗੇ ਨਿਕਲ ਸਕਦੀ ਹੈ। ਜੇਕਰ ਸਨਰਾਈਜ਼ਰਜ਼ ਆਪਣੇ ਆਖਰੀ ਲੀਗ ਮੈਚ ’ਚ ਬੈਂਗਲੁਰੂ ਨੂੰ ਹਰਾ ਦਿੰਦੀ ਹੈ ਤਾਂ ਪਹਿਲੇ ਦੋ ਸਥਾਨਾਂ ਦੇ ਲਈ ਫੈਸਲਾ ਨੈੱਟ ਰਨ ਰੇਟ ਦੇ ਅਧਾਰ ’ਤੇ ਹੋਵੇਗਾ। ਅਜੇ ਗੁਜਰਾਤ ਟਾਈਟਨਜ਼ ਦੀ ਨੈੱਟ ਰਨ ਰੇਟ +0.400 ਹੈ ਜਿਹੜੀ ਸਨਰਾਈਜ਼ਰਜ਼ (+0.350) ਤੋਂ ਬਿਹਤਰ ਹੈ।
ਪਿਛਲੇ ਮੈਚ ’ਚ ਸਨਰਾਈਜ਼ਰਜ਼ ਦੇ ਹੱਥੋਂ ਹਾਰ ਦੇ ਕਾਰਨ ਚੇਨਈ ਦੀਆਂ ਪਲੇਅ ਆਫ ’ਚ ਪਹੁੰਚਣ ਦੀਆਂ ਉਮੀਦਾਂ ਲੱਗਭਗ ਖਤਮ ਹੋ ਗਈਆਂ ਹਨ। ਅਜਿਹੇ ’ਚ 5 ਵਾਰ ਦੀ ਸਾਬਕਾ ਚੈਂਪੀਅਨ ਚੇਨਈ ਸੈਸ਼ਨ ਦੇ ਆਪਣੇ ਸੰਭਾਵਿਤ ਆਖਰੀ ਮੈਚ ’ਚ ਵੱਕਾਰ ਬਚਾਉਣ ਦੀ ਕੋਸ਼ਿਸ਼ ਕਰੇਗੀ। ਰੁਤੂਰਾਜ ਗਾਇਕਵਾੜ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗਾਰ ’ਤੇ ਹੈ ਤੇ ਪਲੇਅ ਆਫ ’ਚ ਆਖਰੀ ਸਥਾਨ ਦੇ ਲਈ ਦਾਅਵੇਦਾਰੀ ’ਚ ਬਣੇ ਰਹਿਣ ਦੇ ਲਈ ਉਸ ਨੂੰ ਗੁਜਰਾਤ ਵਿਰੁੱਧ ਜਿੱਤ ਦੇ ਨਾਲ ਹੋਰ ਮੈਚਾਂ ਦੇ ਨਤੀਜੇ ਵੀ ਆਪਣੇ ਅਨੁਕੂਲ ਰਹਿਣ ਦੇ ਲਈ ਪ੍ਰਾਰਥਨਾ ਕਰਨੀ ਪਵੇਗੀ।
ਨਰਿੰਦਰ ਮੋਦੀ ਸਟੇਡੀਅਮ ਦੀ ਰਵਾਇਤੀ ਰੂਪ ਨਾਲ ਬੱਲੇਬਾਜ਼ਾਂ ਦੇ ਲਈ ਅਨੁਕੂਲ ਪਿੱਚ ’ਤੇ ਹੋਣ ਵਾਲੇ ਇਸ ਮੁਕਾਬਲੇ ਤੋਂ ਪਹਿਲਾਂ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਤੇ ਉਸ ਦਾ ਸਲਾਮੀ ਜੋੜੀਦਾਰ ਸਾਈ ਸੁਦਰਸ਼ਨ ਸ਼ਾਨਦਾਰ ਫਾਰਮ ’ਚ ਹੈ। ਚੇਨਈ ਦੇ ਗੇਂਦਬਾਜ਼ਾਂ ਲਈ ਉਨ੍ਹਾਂ ’ਤੇ ਰੋਕ ਲਗਾਉਣਾ ਵੱਡੀ ਚੁਣੌਤੀ ਹੋਵੇਗੀ। ਵਿਚਾਲੇ ਦੇ ਓਵਰਾਂ ’ਚ ਵੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲ ਸਕਦੇ ਹਨ ਜਿਸ ’ਚ ਗੁਜਰਾਤ ਦਾ ਸਟਾਰ ਸਪਿੰਨਰ ਰਾਸ਼ਿਦ ਖਾਨ ਚੇਨਈ ਦੀ ਮਜ਼ਬੂਤ ਬੱਲੇਬਾਜ਼ੀ ਲਾਈਨ ਦੀ ਪ੍ਰੀਖਿਆ ਲਵੇਗਾ। ਗਿੱਲ, ਜੋਸ ਬਟਲਰ ਤੇ ਸੁਦਰਸ਼ਨ ਗੁਜਰਾਤ ਦੀ ਬੱਲੇਬਾਜ਼ੀ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਰਹਿਣਗੇ। ਗੁਜਰਾਤ ਦੇ ਮੱਧਕ੍ਰਮ ’ਚ ਹਾਲਾਂਕਿ ਨਿਰੰਤਰਤਾ ਦੀ ਕਮੀ ਹੈ ਤੇ ਅਜਿਹੇ ’ਚ ਚੇਨਈ ਦਾ ਖੱਬੇ ਹੱਥ ਦਾ ਸਪਿੰਨਰ ਅਕੀਲ ਹੁਸੈਨ ਉਨ੍ਹਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗਾ।
ਦੋਵਾਂ ਟੀਮਾਂ ਦਾ ਇਕ ਦੂਜੇ ਵਿਰੁੱਧ ਰਿਕਾਰਡ ਅਜੇ 4-4 ਨਾਲ ਬਰਾਬਰ ਹੈ। ਹਾਲਾਂਕਿ ਗੁਜਰਾਤ ਨੇ ਇਸ ਸੈਸ਼ਨ ਦੇ ਸ਼ੁਰੂ ’ਚ ਚੇਪਾਕ ’ਚ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਪਿਛਲੇ ਮੁਕਾਬਲੇ ’ਚ ਕੈਗਿਸੋ ਰਬਾਡਾ ਨੇ 3 ਵਿਕਟਾਂ ਲੈ ਕੇ ਚੇਨਈ ਦੇ ਚੋਟੀਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਚੇਨਈ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਗਾਇਕਵਾੜ ਤੇ ਸੰਜੂ ਸੈਮਸਨ ਉਸ ਦੇ ਸ਼ੁਰੂਆਤੀ ਸਪੈੱਲ ’ਚ ਟਿਕੇ ਰਹਿਣ।
ਹਾਰਦਿਕ ਪੰਡਯਾ 'ਤੇ BCCI ਨੇ ਠੋਕਿਆ ਭਾਰੀ ਜੁਰਮਾਨਾ, ਕਮਬੈਕ ਮੈਚ 'ਚ ਇਹ ਗਲਤੀ ਕਰਨੀ ਪਈ ਭਾਰੀ
NEXT STORY